ਨਸ਼ਿਆਂ ਨੇ ਉਜਾੜ ਦਿੱਤਾ ਹੱਸਦਾ-ਖੇਡਦਾ ਪਰਿਵਾਰ: ਪਹਿਲਾਂ ਪਿਤਾ ਨੂੰ ਸ਼ਰਾਬ ਨੇ ਮਾਰਿਆ, ਫਿਰ 'ਚਿੱਟਾ' ਨਿਗਲ ਗਿਆ 6 ਪੁੱਤਰ; ਹੁਣ ਰੋਜ਼ੀ-ਰੋਟੀ ਦੇ ਪੈ ਗਏ ਲਾਲੇ
ਬੇਟ ਇਲਾਕੇ ਦੇ ਪਿੰਡ ਸ਼ੇਰੇਵਾਲ ’ਚ ਨਸ਼ਿਆਂ ਦਾ ‘ਸ਼ੇਰ’ ਘਰ ਦੇ ਸਾਰੇ ਸੱਤਾਂ ਬੰਦਿਆਂ ਨੂੰ ਖਾ ਗਿਆ। ਜਿਸ ਮਗਰੋਂ ਪਰਿਵਾਰ ’ਚ ਬਚੀਆਂ ਤਿੰਨ ਔਰਤਾਂ ਪਰਿਵਾਰ ਦੇ ਤਿੰਨ ਛੋਟੇ ਬੱਚਿਆਂ ਦੇ ਪਾਲਣ ਪੋਸ਼ਣ ਸਮੇਤ ਘਰ ਦੇ ਗੁਜ਼ਾਰੇ ਨੂੰ ਲੈ ਕੇ ਚਿੰਤਤ ਹਨ। ਇਸ ਪਰਿਵਾਰ ’ਤੇ ਸਭ ਨਾਲੋਂ ਵੱਡਾ ਦੁੱਖਾਂ ਦਾ ਪਹਾੜ ਦੋ ਦਿਨ ਪਹਿਲਾਂ 15 ਜਨਵਰੀ ਨੂੰ ਡਿੱਗਾ। ਇਸ ਦਿਨ ਘਰ ਦਾ ਆਖ਼ਰੀ ਚਿਰਾਗ ਜਸਵੀਰ ਸਿੰਘ (27) ਦੀ ਨਸ਼ਿਆਂ ਦੇ ਗੜ੍ਹ ਵਜੋਂ ਜਾਣੇ ਜਾਂਦੇ ਪਿੰਡ ਖੋਲਿਆਂ ਵਾਲਾ ਪੁਲ਼ ਮਲਸੀਹਾ ਬਾਜਣ ਦੀ ਨਹਿਰ ਕੰਡੇ ਝਾੜੀਆਂ ਵਿਚੋਂ ਲਾਸ਼ ਮਿਲੀ।
Publish Date: Sun, 18 Jan 2026 10:05 AM (IST)
Updated Date: Sun, 18 Jan 2026 10:06 AM (IST)

ਸੰਜੀਵ ਗੁਪਤਾ, ਪੰਜਾਬੀ ਜਾਗਰਣ, ਜਗਰਾਓਂ : ਬੇਟ ਇਲਾਕੇ ਦੇ ਪਿੰਡ ਸ਼ੇਰੇਵਾਲ ’ਚ ਨਸ਼ਿਆਂ ਦਾ ‘ਸ਼ੇਰ’ ਘਰ ਦੇ ਸਾਰੇ ਸੱਤਾਂ ਬੰਦਿਆਂ ਨੂੰ ਖਾ ਗਿਆ। ਜਿਸ ਮਗਰੋਂ ਪਰਿਵਾਰ ’ਚ ਬਚੀਆਂ ਤਿੰਨ ਔਰਤਾਂ ਪਰਿਵਾਰ ਦੇ ਤਿੰਨ ਛੋਟੇ ਬੱਚਿਆਂ ਦੇ ਪਾਲਣ ਪੋਸ਼ਣ ਸਮੇਤ ਘਰ ਦੇ ਗੁਜ਼ਾਰੇ ਨੂੰ ਲੈ ਕੇ ਚਿੰਤਤ ਹਨ। ਇਸ ਪਰਿਵਾਰ ’ਤੇ ਸਭ ਨਾਲੋਂ ਵੱਡਾ ਦੁੱਖਾਂ ਦਾ ਪਹਾੜ ਦੋ ਦਿਨ ਪਹਿਲਾਂ 15 ਜਨਵਰੀ ਨੂੰ ਡਿੱਗਾ। ਇਸ ਦਿਨ ਘਰ ਦਾ ਆਖ਼ਰੀ ਚਿਰਾਗ ਜਸਵੀਰ ਸਿੰਘ (27) ਦੀ ਨਸ਼ਿਆਂ ਦੇ ਗੜ੍ਹ ਵਜੋਂ ਜਾਣੇ ਜਾਂਦੇ ਪਿੰਡ ਖੋਲਿਆਂ ਵਾਲਾ ਪੁਲ਼ ਮਲਸੀਹਾ ਬਾਜਣ ਦੀ ਨਹਿਰ ਕੰਡੇ ਝਾੜੀਆਂ ਵਿਚੋਂ ਲਾਸ਼ ਮਿਲੀ। ਜਿਸ ਦੀ ਮੌਤ ਦਾ ਕਾਰਨ ਵੀ ਨਸ਼ਾ ਹੀ ਬਣਿਆ। ਹੁਣ ਘਰ ’ਚ ਕੋਈ ਵੀ ਮਰਦ ਨਹੀਂ ਬਚਿਆ।
ਸਾਲ-2012 ’ਚ ਘਰ ਦੇ ਮੁਖੀ ਮੁਖਤਿਆਰ ਸਿੰਘ ਦੀ ਜ਼ਿਆਦਾ ਸ਼ਰਾਬ ਪੀਣ ਕਾਰਨ ਟਰੈਕਟਰ ਦੀ ਲਪੇਟ ਆਉਣ ’ਤੇ ਮੌਤ ਹੋ ਗਈ। ਜਿਸ ਮਗਰੋਂ 6 ਪੁੱਤਰਾਂ ਦੇ ਪਾਲਣ ਪੋਸ਼ਣ ਸਮੇਤ ਘਰ ਦੀ ਸਾਰੀ ਜ਼ਿੰਮੇਵਾਰੀ ਉਨ੍ਹਾਂ ਦੀ ਪਤਨੀ ਛਿੰਦਰ ਕੌਰ ਦੇ ਸਿਰ ’ਤੇ ਆ ਪਈ। ਉਨ੍ਹਾਂ ਪਤੀ ਦੀ ਮੌਤ ਦਾ ਦਰਦ ਸਹਾਰਦਿਆਂ ਹਿੰਮਤ ਦਿਖਾਉਂਦਿਆਂ ਛੇ ਪੁੱਤਰਾਂ ਦੀ ਜ਼ਿੰਮੇਵਾਰੀ ਵੀ ਬਾਖੂਬੀ ਨਿਭਾਈ। ਪੁੱਤ ਗੱਭਰੂ ਹੋਏ ਪਰ ਇਲਾਕੇ ’ਚ ਨਸ਼ਿਆਂ ਦੇ ਮਕੜ ਜਾਲ ਨੇ ਇਕ, ਦੋ, ਤਿੰਨ ਨਹੀਂ ਸਾਰੇ ਛੇ ਦੇ ਛੇ ਪੁੱਤਰਾਂ ਨੂੰ ਫਸਾ ਲਿਆ। ਬਸ ਫਿਰ ਕੀ ਸੀ ਸਾਲ 2021 ਤੋਂ 2026 ਦੇ ਚੜ੍ਹਦੇ ਮਹੀਨੇ ਹੀ ਘਰ ਦੇ ਸਾਰੇ ਚਿਰਾਗ ਬੁੱਝ ਗਏ। ਸਾਲ 2021 ਤੋਂ ਲੈ ਕੇ ਹੁਣ ਤਕ ਮਾਤਾ ਛਿੰਦਰ ਕੌਰ ਦੇ 6 ਪੁੱਤ ਜਿਨ੍ਹਾਂ ’ਚ ਜਸਵੰਤ ਸਿੰਘ, ਰਾਜੂ ਸਿੰਘ, ਗੁਰਦੀਪ ਸਿੰਘ, ਬਲਜੀਤ ਸਿੰਘ, ਕੁਲਵੰਤ ਸਿੰਘ ਤੇ ਜਸਵੀਰ ਸਿੰਘ ਨੂੰ ‘ਚਿੱਟੇ’ ਦੇ ਦੈਂਤ ਨੇ ਨਿਗਲ ਲਿਆ।
ਜਿਨ੍ਹਾਂ ਪੁੱਤਰਾਂ ਨੂੰ ਵਿਆਹੁਣਾ ਸੀ ਚਿੱਟੇ ਕਫਨ ਪਾਉਂਦਿਆਂ ਮੈਂ ਕਿਉਂ ਬਚੀ
ਛੇ ਗੱਭਰੂ ਪੁੱਤਰਾਂ ਦੀ ‘ਚਿੱਟੇ’ ਨਾਲ ਹੋਈ ਮੌਤ ’ਤੇ ਪਿਛਲੇ ਪੰਜ ਸਾਲਾਂ ਤੋਂ ਰੋਜ਼ ਵਿਰਲਾਪ ’ਚ ਜਿੰਦਗੀ ਕੱਟ ਰਹੀ ਮਾਤਾ ਛਿੰਦਰ ਕੌਰ ਦਾ ਦਰਦ ਤੇ ਵਿਰਲਾਪ ਦੇਖਿਆ ਨਹੀਂ ਜਾ ਰਿਹਾ। ਉਸ ਦਾ ਕਹਿਣਾ ਸੀ ਕਿ ਲੋਕ ਤਾਂ ਇਕਲੌਤੇ ਗੱਭਰੂ ਪੁੱਤ ਦੇ ਹੋਣ ’ਤੇ ਛਾਤੀ ਚੌੜੀ ਕਰ ਤੁਰਦੇ ਹਨ, ਮੇਰੇ ਤਾਂ 6 ਸਨ। ਜਿਨ੍ਹਾਂ ਵਿਚੋਂ ਅੱਜ ਇਕ ਵੀ ਨਾ ਬਚਿਆ। ਕੁਝ ਨਾ ਬਚੇ ਉਨ੍ਹਾਂ ਦਾ ਜਿਹੜੇ ਨਸ਼ਾ ਵੇਚਦੇ ਹਨ ਜਾਂ ਜਿਹੜੇ ਨਸ਼ਿਆਂ ਦੀ ਸਰਪ੍ਰਸਤੀ ਕਰਦੇ ਹਨ। ਇਸ ਤੋਂ ਵੀ ਮਾੜਾ ਉਨ੍ਹਾਂ ਦਾ ਹੋਵੇ ਜੋ ਨਸ਼ਿਆਂ ਦੇ ਸੌਦਾਗਰਾਂ ਨੂੰ ਖੁੱਲ੍ਹੇਆਮ ਮੌਤ ਦਾ ਸਾਮਾਨ ਵੇਚਣ ਲਈ ਛੱਡ ਦਿੰਦੇ ਹਨ। ਉਸ ਨੇ ਕਿਹਾ ਕਿ 6 ਪੁੱਤਰਾਂ ਜਿਨ੍ਹਾਂ ਦੇ ਚਿੱਟੇ ਕਫਨ ਪਾਉਂਦਿਆਂ ਉਹ ਕਿਉਂ ਨਾ ਤੁਰੀ।
ਚਿੱਟੇ ਨਾਲ ਹੋਈਆਂ ਮੌਤਾਂ ਦਾ ਕੋਈ ਸਬੂਤ ਨਹੀਂ : ਥਾਣਾ ਮੁਖੀ
ਥਾਣਾ ਸਿੱਧਵਾਂ ਬੇਟ ਦੇ ਮੁਖੀ ਇੰਸਪੈਕਟਰ ਹੀਰਾ ਸਿੰਘ ਨੇ ਸ਼ੇਰੇਵਾਲ ’ਚ ਪਰਿਵਾਰ ਦੇ ਸਾਰੇ ਸੱਤੇ ਮਰਦਾਂ ਦੀ ਸਮੇਂ-ਸਮੇਂ ਸਿਰ ਹੋਈ ਮੌਤ ’ਤੇ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਕਿਸੇ ਦੀ ਵੀ ‘ਚਿੱਟੇ’ ਨਾਲ ਮੌਤ ਹੋਣ ਦਾ ਕੋਈ ਸਬੂਤ ਨਹੀਂ। ਹੁਣ ਤੱਕ ਹੋਈ ਜਾਂਚ ’ਚ ਘਰ ਦੇ ਮੁਖੀ ਦੀ ਮੌਤ ਅਤੇ ਉਸਦੇ ਇੱਕ ਪੁੱਤ ਦੀ ਮੌਤ ਸੜਕ ਹਾਦਸੇ, ਬਾਕੀਆਂ ਦੀ ਮੌਤ ਜ਼ਿਆਦਾ ਸ਼ਰਾਬ ਪੀਣ ਤੇ ਹੋਰਾਂ ਕਾਰਨਾਂ ਕਾਰਨ ਹੋਈ ਹੈ। ਦੋ ਦਿਨ ਪਹਿਲਾਂ ਜਸਵੀਰ ਸਿੰਘ ਦੀ ਝਾੜੀਆਂ ’ਚੋਂ ਲਾਸ਼ ਮਿਲਣ ਦੇ ਮਾਮਲੇ ’ਚ ਪਰਿਵਾਰ ਅਨੁਸਾਰ ‘ਚਿੱਟਾ’ ਦੇਣ ਵਾਲਿਆਂ ਸਬੰਧੀ ਦਿੱਤੇ ਬਿਆਨਾਂ ’ਤੇ ਮੁਕੱਦਮਾ ਦਰਜ ਕਰ ਕੇ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ ਅਤੇ ਔਰਤ ਫ਼ਰਾਰ ਹੈ। ਉਨ੍ਹਾਂ ਇਹ ਵੀ ਕਿਹਾ ਕਿ ਜਸਵੀਰ ਸਿੰਘ ਦੀ ਮੌਤ ਪਰਿਵਾਰ ਦੇ ਕਹਿਣ ਮੁਤਾਬਕ ਚਾਹੇ ‘ਚਿੱਟੇ’ ਨਾਲ ਦੱਸੀ ਜਾ ਰਹੀ ਹੈ ਪਰ ਇਸ ਦਾ ਸੱਚ ਪੋਸਟਮਾਰਟਮ ਰਿਪੋਰਟ ਦੇ ਆਉਣ ’ਤੇ ਪਤਾ ਲੱਗੇਗਾ।