ਨਸ਼ੇੜੀਆਂ ਨੇ ਅੱਧੀ ਰਾਤ ਨੂੰ ਘਰ ਦੇ ਬਾਹਰ ਖੜੇ ਮੋਟਰਸਾਈਕਲਾਂ ਨੂੰ ਲਾਈ ਅੱਗ
ਨਸ਼ੇੜੀਆਂ ਦਾ ਕਾਰਾ , ਅੱਧੀ ਰਾਤ ਨੂੰ ਘਰ ਦੇ ਬਾਹਰ ਖੜੀਆਂ ਬਾਈਕਾਂ ਨੂੰ ਲਗਾਈ ਅੱਗ
Publish Date: Sun, 07 Dec 2025 09:21 PM (IST)
Updated Date: Sun, 07 Dec 2025 09:24 PM (IST)

ਇੱਕ ਦਰਜਨ ਦੇ ਕਰੀਬ ਵਿਅਕਤੀ ਜਾਨ ਬਚਾ ਕੇ ਭੱਜੇ 90 ਸਾਲਾ ਔਰਤ ਦੀ ਤਬੀਅਤ ਵਿਗੜੀ ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ ਲੁਧਿਆਣਾ ਸ਼ਹਿਰ ਦੇ ਜਨਕਪੁਰੀ ਇਲਾਕੇ ‘ਚ ਅੱਧੀ ਰਾਤ ਵਾਪਰੀ ਇਕ ਘਟਨਾ ਨੇ ਪਰਿਵਾਰ ਕੰਬਾ ਦਿੱਤਾ। ਨਸ਼ੇ ਦੀ ਹਾਲਤ ‘ਚ ਧੁੱਤ ਕੁਝ ਨੌਜਵਾਨਾਂ ਨੇ ਘਰ ਦੇ ਬਾਹਰ ਖੜੇ ਮੋਟਰਸਾਈਕਲਾਂ ਤੇ ਐਕਟਿਵਾ ‘ਤੇ ਪੈਟਰੋਲ ਛਿੜਕ ਕੇ ਅੱਗ ਲਾ ਦਿੱਤੀ। ਅੱਗ ਇੰਨੀ ਤੇਜ਼ੀ ਨਾਲ ਫੈਲੀ ਕਿ ਕੁਝ ਹੀ ਮਿੰਟਾਂ ਵਿੱਚ ਲਪਟਾਂ ਘਰ ਦੇ ਪਰਦਿਆਂ ਤੱਕ ਪਹੁੰਚ ਗਈਆਂ। ਘਰ ਦੇ 14 ਮੈਂਬਰ ਗਹਿਰੀ ਨੀਂਦ ਵਿੱਚ ਸਨ। ਚੰਗੀ ਕਿਸਮਤ ਦੇ ਚੱਲਦਿਆਂ ਇਹ ਵੱਡਾ ਹਾਦਸਾ ਟਲ ਗਿਆ। ਘਰ ਦੇ ਮਾਲਕ ਜਤਿੰਦਰਪਾਲ ਅਤੇ ਅਮਰਪਾਲ ਸਿੰਘ ਨੇ ਦੱਸਿਆ ਕਿ ਰਾਤ ਲਗਭਗ ਢਾਈ ਵਜੇ ਕੁਝ ਲੜਕੇ ਆਏ ਅਤੇ 4 ਮੋਟਰਸਾਈਕਲਾਂ ਤੇ ਇਕ ਐਕਟਿਵਾ ‘ਤੇ ਪੈਟਰੋਲ ਛਿੜਕ ਕੇ ਅੱਗ ਲਗਾ ਗਏ। ਥੋੜ੍ਹੇ ਸਮੇਂ ਵਿੱਚ ਲਪਟਾਂ ਉੱਪਰ ਚੜ੍ਹਣ ਲੱਗੀਆਂ। ਪਰਿਵਾਰ ਜਦੋਂ ਬਾਹਰ ਭੱਜਿਆ ਤਾਂ ਦੇਖਿਆ ਕਿ ਅੱਗ ਘਰ ਦੇ ਬਾਹਰੋਂ ਹੁੰਦੀ ਹੋਈ ਅੰਦਰ ਤੱਕ ਪਹੁੰਚ ਰਹੀ ਸੀ ਅਤੇ ਪਰਦੇ ਸੜਨੇ ਸ਼ੁਰੂ ਹੋ ਚੁੱਕੇ ਸਨ। ਅਮਰਪਾਲ ਸਿੰਘ ਮੁਤਾਬਕ, ਘਰ ਵਿੱਚ ਬੱਚੇ ਅਤੇ ਉਨ੍ਹਾਂ ਦੀ 90 ਸਾਲਾ ਮਾਤਾ ਸਵਰਨ ਕੌਰ ਵੀ ਸੀ। ਧੂੰਏ ਕਾਰਨ ਉਨ੍ਹਾਂ ਦੀ ਤਬੀਅਤ ਵਿਗੜ ਗਈ। ਪਰਿਵਾਰ ਦਾ ਕਹਿਣਾ ਹੈ ਕਿ ਜੇ ਉਹ ਦੋ ਮਿੰਟ ਹੋਰ ਦੇਰ ਕਰਦੇ ਤਾਂ ਸਾਰਾ ਪਰਿਵਾਰ ਲਪਟਾਂ ਵਿੱਚ ਫਸ ਸਕਦਾ ਸੀ। ਗੁਰਪ੍ਰੀਤ ਕੌਰ ਨੇ ਦੱਸਿਆ ਕਿ ਘਰ ਵਿੱਚ ਧੂੰਆ ਇੰਨਾ ਭਰ ਗਿਆ ਸੀ ਕਿ ਸਾਹ ਲੈਣਾ ਔਖਾ ਹੋ ਗਿਆ ਸੀ। ਗੁਆਂਢ ਵਿੱਚ ਰਹਿਣ ਵਾਲੇ ਸਰਵਣ ਕੁਮਾਰ ਨੇ ਅੱਗ ਦੇਖ ਕੇ ਤੁਰੰਤ ਉਨ੍ਹਾਂ ਨੂੰ ਫੋਨ ਕੀਤਾ, ਜਿਸ ਨਾਲ ਸਾਰੇ ਮੈਂਬਰ ਸਮੇਂ ‘ਤੇ ਬਾਹਰ ਨਿਕਲ ਸਕੇ। - ਪਰਿਵਾਰ ਨੇ ਅੱਗ ਬੁਝਾਉਣ ਦੀ ਕੀਤੀ ਕੋਸ਼ਿਸ਼ ਪਰਿਵਾਰ ਦੇ ਮੈਂਬਰ ਜਤਿੰਦਰਪਾਲ, ਅਮਰਪਾਲ, ਹਰਪ੍ਰੀਤ, ਰਮਨਦੀਪ, ਸਿਮਰਨ, ਪਾਰਸ, ਸਵਰਨ ਕੌਰ, ਸਤਿੰਦਰ ਕੌਰ, ਪਰਮਜੀਤ ਕੌਰ, ਗੁਰਪ੍ਰੀਤ ਕੌਰ, ਸ਼ਿਲਪੀ, ਨੇਹਾ, ਗੁਰਨੂਰਦੀਪ ਅਤੇ ਗੁਰਵੀਰ ਸਭ ਨੇ ਮਿਲ ਕੇ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ, ਪਰ ਵਾਹਨ ਨਹੀਂ ਬਚ ਸਕੇ। ਪਰਿਵਾਰ ਦਾ ਦੋਸ਼ ਹੈ ਕਿ ਕੁਝ ਨੌਜਵਾਨ ਇਲਾਕੇ ਵਿੱਚ ਨਸ਼ਾ ਕਰਦੇ ਹਨ ਅਤੇ ਜਦੋਂ ਉਨ੍ਹਾਂ ਨੂੰ ਸਮਝਾਇਆ ਗਿਆ ਤਾਂ ਉਹ ਰੰਜਿਸ਼ ਰੱਖ ਬੈਠੇ। ਪਰਿਵਾਰ ਦਾ ਕਹਿਣਾ ਹੈ ਕਿ ਇਸੀ ਰੰਜਿਸ਼ ਦੇ ਕਾਰਨ ਉਨ੍ਹਾਂ ਦੇ ਘਰ ਨੂੰ ਨਿਸ਼ਾਨਾ ਬਣਾਇਆ ਗਿਆ। - ਹੱਲ ਨਾ ਹੋਇਆ ਤਾਂ ਇਲਾਕਾ ਵਾਸੀ ਘਰਾਂ ਦੀਆਂ ਚਾਬੀਆਂ ਕਰਨਗੇ ਪੁਲਿਸ ਕਮਿਸ਼ਨਰ ਹਵਾਲੇ ਉਧਰੋਂ ਇਲਾਕਾ ਕੌਂਸਲਰ ਦੇ ਪਤੀ ਸਿਮਰਜੀਤ ਸਿੰਘ ਸਿਮੂ ਨੇ ਚਿਤਾਵਨੀ ਦਿੱਤੀ ਕਿ ਜੇ ਪੁਲਿਸ ਨੇ ਇਲਾਕੇ ਤੋਂ ਨਸ਼ੇੜੀਆਂ ਨੂੰ ਨਾ ਹਟਾਇਆ ਤਾਂ ਰਹਿਣ ਵਾਲੇ ਆਪਣੇ ਘਰਾਂ ਅਤੇ ਦੁਕਾਨਾਂ ਦੀਆਂ ਚਾਬੀਆਂ ਪੁਲਿਸ ਕਮਿਸ਼ਨਰ ਨੂੰ ਸੌਂਪ ਦੇਣਗੇ। ਉਨ੍ਹਾਂ ਨੇ ਕਿਹਾ ਕਿ ਇਲਾਕੇ ਵਿੱਚ ਨਸ਼ਾ ਤੇ ਅਸਮਾਜਿਕ ਗਤੀਵਿਧੀਆਂ ਵਧ ਰਹੀਆਂ ਹਨ ਅਤੇ ਤੁਰੰਤ ਕਾਰਵਾਈ ਦੀ ਲੋੜ ਹੈ। ਉਧਰ ਇਸ ਮਾਮਲੇ ਵਿੱਚ ਐਸਐਚਓ ਜਗਦੀਪ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਵਿੱਚ 3–4 ਨੌਜਵਾਨਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ ਅਤੇ ਪੁੱਛਗਿੱਛ ਜਾਰੀ ਹੈ। ਉਨ੍ਹਾਂ ਆਖਿਆ ਉਹ ਖ਼ੁਦ ਸਿਵਲ ਵਿੱਚ ਇਲਾਕੇ ‘ਚ ਨਿਗਰਾਨੀ ਕਰਨਗੇ ਅਤੇ ਟੀਮਾਂ ਦੀ ਗਿਣਤੀ ਵੀ ਵਧਾਈ ਜਾਵੇਗੀ। ਕੁੱਲ 3 ਬਾਈਕਾਂ ਅਤੇ ਇਕ ਐਕਟਿਵਾ ਅੱਗ ਨਾਲ ਸੜ ਕੇ ਨਸ਼ਟ ਹੋਈ ਹਨ। ਪੁਲਿਸ ਇਲਾਕੇ ਦੇ ਸੀਸੀਟੀਵੀ ਕੈਮਰੇ ਖੰਗਾਲ ਰਹੀ ਹੈ ਅਤੇ ਪਰਿਵਾਰ ਸਮੇਤ ਗੁਆਂਢੀਆਂ ਦੇ ਬਿਆਨ ਲੈ ਕੇ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ।