ਡਾ. ਰਾਜਪ੍ਰੀਤ ਕੌਰ ਬੈਨੀਪਾਲ ਦੀ ਕਥਾ-ਪੁਸਤਕ "ਕਬਰਾਂ ’ਚ ਉੱਗੇ ਫੁੱਲ’ ਲੋਕ ਅਰਪਣ
ਡਾ. ਰਾਜਪ੍ਰੀਤ ਕੌਰ ਬੈਨੀਪਾਲ ਦੀ ਕਥਾ-ਪੁਸਤਕ "ਕਬਰਾਂ ’ਚ ਉੱਗੇ ਫੁੱਲ’ ਲੋਕ ਅਰਪਣ
Publish Date: Fri, 05 Dec 2025 06:13 PM (IST)
Updated Date: Fri, 05 Dec 2025 06:15 PM (IST)

ਲਖਵਿੰਦਰ ਸਿੰਘ ਨਸਰਾਲੀ, ਪੰਜਾਬੀ ਜਾਗਰਣ ਖੰਨਾ : ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ ਏਐੱਸ ਕਾਲਜ ਖੰਨਾ ਦੀ ਪੰਜਾਬੀ ਸਾਹਿਤ ਸਭਾ ਵੱਲੋਂ ਡਾ. ਰਾਜਪ੍ਰੀਤ ਕੌਰ ਬੈਨੀਪਾਲ ਦੀ ਕਥਾ-ਪੁਸਤਕ ਕਬਰਾਂ ’ਚ ਉੱਗੇ ਫੁੱਲ’ ਦਾ ਕਾਲਜ ਦੇ ਪ੍ਰਿੰਸੀਪਲ, ਅਧਿਆਪਕਾਂ ਤੇ ਵਿਦਿਆਰਥੀਆਂ ਦੀ ਹਾਜ਼ਰੀ ਵਿਚ ਲੋਕ ਅਰਪਣ ਕੀਤਾ ਗਿਆ। ਕਾਲਜ ਪ੍ਰਿੰਸੀਪਲ ਡਾ. ਕੇਕੇ ਸ਼ਰਮਾ ਨੇ ਆਏ ਮਹਿਮਾਨਾਂ ਦਾ ਸਵਾਗਤ ਕਰਦੇ ਹੋਏ ਡਾ. ਰਾਜਪ੍ਰੀਤ ਕੌਰ ਨੂੰ ਉਨਾਂ ਦੀ ਕਥਾ-ਪੁਸਤਕ ਲਈ ਵਧਾਈ ਦਿੱਤੀ। ਇਸ ਪ੍ਰੋਗਰਾਮ ਨੂੰ ਵਿਧੀਵਤ ਤਰੀਕੇ ਨਾਲ ਸ਼ੁਰੂ ਕਰਦਿਆਂ ਡਾ. ਕਮਲਜੀਤ ਕੌਰ ਬਾਂਗਾ ਨੇ ਕਬਰਾਂ ਵਿਚ ਉੱਗੇ ਫੁੱਲ ਕਥਾ ਪੁਸਤਕ ਦਾ ਵਿਸ਼ੇਗਤ ਵਿਸ਼ਲੇਸ਼ਣ ਕਰਦਿਆਂ ਇਸ ਕਥਾ ਪੁਸਤਕ ਦੀਆਂ ਕਹਾਣੀਆਂ ਨੂੰ ਪੰਜਾਬੀ ਦੀਆਂ ਮਿਆਰੀ ਕਹਾਣੀਆਂ ਕਿਹਾ। ਪ੍ਰਧਾਨਗੀ ਮੰਡਲ ’ਚ ਪੰਜਾਬੀ ਦੇ ਪ੍ਰਸਿੱਧ ਨਾਵਲਕਾਰ ਤੇ ਕਹਾਣੀਕਾਰ ਬਲਵਿੰਦਰ ਸਿੰਘ ਗਰੇਵਾਲ, ਜਸਵੀਰ ਸਿੰਘ ਰਾਣਾ, ਜਤਿੰਦਰ ਹਾਂਸ, ਮੁਖਤਿਆਰ ਸਿੰਘ, ਰਵਿੰਦਰ ਰੁਪਾਲ, ਸੁਰਿੰਦਰ ਰਾਮਪੁਰੀ, ਯਤਿੰਦਰ ਮਾਹਲ ਤੇ ਸੰਦੀਪ ਸਮਰਾਲਾ ਬਿਰਾਜਮਾਨ ਸਨ। ਸਮਾਰੋਹ ਦਾ ਮੰਚ ਸੰਚਾਲਨ ਪ੍ਰੋ. ਦਿਸ਼ਾ ਤੇ ਪੰਜਾਬੀ ਵਿਭਾਗ ਦੇ ਪ੍ਰੋ. ਲਵਪ੍ਰੀਤ ਸਿੰਘ ਵੱਲੋਂ ਕੀਤਾ ਗਿਆ। ‘ਕਬਰਾਂ ਵਿਚ ਉੱਗੇ ਫੁੱਲ’ ਕਥਾ-ਪੁਸਤਕ ਤੇ ਵਿਚਾਰ ਚਰਚਾ ਦੀ ਸ਼ੁਰੂਆਤ ਪ੍ਰਧਾਨਗੀ ਮੰਡਲ ’ਚ ਸ਼ਾਮਿਲ ਜਸਵੀਰ ਸਿੰਘ ਰਾਣਾ ਨੇ ਕੀਤੀ। ਉਨਾਂ ਨੇ ਡਾ. ਰਾਜਪ੍ਰੀਤ ਕੌਰ ਬੈਨੀਪਾਲ ਦੀਆ ਕਹਾਣੀਆ ’ਤੇ ਵਿਚਾਰ ਕਰਦਿਆ ਕਿਹਾ ਕਿ ਉਨ੍ਹਾਂ ਦੀਆ ਕਹਾਣੀਆ ਡੂੰਘੇ ਅਰਥਾਂ ਦੀਆਂ ਧਾਰਨੀ ਹੋਣ ਦੇ ਨਾਲ-ਨਾਲ ਪੰਜਾਬ ਦੇ ਪਿੰਡਾਂ ਤੋਂ ਲੈ ਕੇ ਚੰਡੀਗੜ੍ਹ ਤੇ ਗਾਜ਼ਾ ਪੱਟੀ ਤੱਕ ਫੈਲੀਆ ਹੋਈਆਂ ਹਨ। ਇਸ ਚਰਚਾ ਨੂੰ ਅੱਗੇ ਤੋਰਦਿਆ ਪ੍ਰਸਿੱਧ ਕਹਾਣੀਕਾਰ ਜਤਿੰਦਰ ਹਾਸ ਨੇ ਇਹ ਦੱਸਿਆ ਕਿ ਡਾ. ਰਾਜਪ੍ਰੀਤ ਕੌਰ ਬੈਨੀਪਾਲ ਦੀਆਂ ਕਹਾਣੀਆਂ ਕਥਾ ਰਸ ਨਾਲ ਭਰਪੂਰ ਹੋਣ ਦੇ ਨਾਲ-ਨਾਲ ਨਿਵੇਕਲੇ ਵਿਸ਼ਿਆਆਂ ਦੀਆਂ ਧਾਰਨੀ ਹਨ। ਇਸ ਤੋਂ ਇਲਾਵਾ ਯਤਿੰਦਰ ਮਾਹਲ, ਰਵਿੰਦਰ ਰੁਪਾਲ, ਮੁਖਤਿਆਰ ਸਿੰਘ, ਸਰਿੰਦਰ ਰਾਮਪੁਰੀ ਸੰਦੀਪ ਸਮਰਾਲਾ, ਪ੍ਰੋ. ਰਵਿੰਦਰਜੀਤ ਸਿੰਘ, ਡਾ. ਸਿਵ ਕੁਮਾਰ, ਡਾ.ਚਰਨ ਕੁਮਾਰ ਨੇ ਕਥਾ ਪੁਸਤਕ ਸੰਬੰਧੀ ਵਿਚਾਰ ਪੇਸ਼ ਕੀਤੇ। ਡਾ ਰਾਜਪ੍ਰੀਤ ਕੌਰ ਬੈਨੀਪਾਲ ਦੇ ਪਿਤਾ ਸਕਿੰਦਰ ਸਿੰਘ ਨੇ ਆਪਣੀ ਬੇਟੀ ਦੀ ਕਥਾ-ਪੁਸਤਕ ਨੂੰ ਉਸਦੀ ਵੱਡੀ ਪ੍ਰਾਪਤੀ ਆਖਦਿਆਂ ਸ਼ਲਾਘਾ ਕੀਤੀ। ਪ੍ਰਧਾਨਗੀ ਭਾਸ਼ਣ ਦਿੰਦਿਆਂ ਪ੍ਰਸਿੱਧ ਨਾਵਲਕਾਰ ਤੇ ਕਹਾਣੀਕਾਰ ਬਲਵਿੰਦਰ ਸਿੰਘ ਗਰੇਵਾਲ ਨੇ ਕਿਹਾ ਕਿ ਡਾ.ਰਾਜਪ੍ਰੀਤ ਕੌਰ ਬੈਨੀਪਾਲ ਦੀਆਂ ਕਹਾਣੀਆਂ ਦਾ ਵਿਸ਼ੇ ਖੇਤਰ ਪੇਂਡੂ ਖਿੱਤੇ ਤੋਂ ਲੈ ਕੇ ਸੰਸਾਰ ਪੱਧਰ ਤੱਕ ਫੈਲਿਆ ਹੋਇਆ ਹੈ। ਇਨਾਂ ’ਚ ਵਰਤੀ ਠੇਠ ਮਲਵਈ ਆਪਣੇ ਅੰਦਰ ਡੂੰਘੇ ਅਰਥ ਸਮੋਈ ਬੈਠੀ ਹੈ। ਸਮਾਗਮ ਦੇ ਆਖਿਰ ’ਚ ਬਲਾਕ ਖੇਤੀਬਾੜੀ ਅਫ਼ਸਰ ਡਾ. ਇਕਬਾਲਜੀਤ ਸਿੰਘ ਬੈਨੀਪਾਲ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ । ਇਸ ਸਮਾਰੋਹ ਦੀ ਸਫਲਤਾ ’ਚ ਪੰਜਾਬੀ ਵਿਭਾਗ ਦੇ ਡਾ. ਮਨਦੀਪ ਕੌਰ, ਪ੍ਰੋ. ਹਰਜੋਤ ਕੌਰ, ਪ੍ਰੋ. ਰਮਨਦੀਪ ਕੌਰ ਨੇ ਵੀ ਆਪਣੀ ਮਹੱਤਵਪੂਰਣ ਭੂਮਿਕਾ ਨਿਭਾਈ। ਕਾਲਜ ਮੈਨੇਜਮੈਂਟ ਦੇ ਪ੍ਰਧਾਨ ਸੰਜੀਵ ਧਮੀਜਾ, ਉਪ- ਪ੍ਰਧਾਨ ਨਵੀਨ ਥੰਮਨ, ਜਨਰਲ ਸਕੱਤਰ ਰਾਜੇਸ਼ ਡਾਲੀ, ਸੰਯੁਕਤ ਜਨਰਲ ਸਕੱਤਰ ਜਤਿੰਦਰ ਦੇਵਗਨ ਤੇ ਕਾਲਜ ਸਕੱਤਰ ਅਜੇ ਸੂਦ ਨੇ ਇਸ ਸ਼ਾਨਦਾਰ ਪ੍ਰਾਪਤੀ ਤੇ ਡਾ. ਰਾਜਪ੍ਰੀਤ ਕੌਰ ਬੈਨੀਪਾਲ ਨੂੰ ਵਧਾਈ ਦਿੱਤੀ। ਕਾਲਜ ਦੇ ਵੱਖ-ਵੱਖ ਵਿਭਾਗਾਂ ਦੇ ਪ੍ਰੋਫੈਸਰ ਸਾਹਿਬਾਨਾਂ ਨੇ ਆਪਣੀ ਭਰਪੂਰ ਹਾਜ਼ਰੀ ਲਵਾਈ। ਇਸ ਤੋਂ ਇਲਾਵਾ ਵੱਖ-ਵੱਖ ਕਾਲਜਾਂ ਤੋਂ ਆਏ ਪ੍ਰੋਫੈਸਰਜ਼ ਨੇ ਵੀ ਇਸ ਕਥਾ ਪੁਸਤਕ ਦੀ ਚਰਚਾ ’ਚ ਸ਼ਮੂਲੀਅਤ ਕੀਤੀ।