ਡਾ. ਪ੍ਰਵੀਨ ਛੁਨੇਜਾ ਆਈਸੀਏਆਰ ਨੌਰਮਨ ਬੋਰਲਾਗ ਚੇਅਰ ਦੇ ਮੁਖੀ ਨਿਯੁਕਤ
ਡਾ. ਪ੍ਰਵੀਨ ਛੁਨੇਜਾ ਆਈਸੀਏਆਰ ਨੌਰਮਨ ਬੋਰਲਾਗ ਚੇਅਰ ਦੇ ਮੁਖੀ ਨਿਯੁਕਤ
Publish Date: Fri, 05 Dec 2025 06:27 PM (IST)
Updated Date: Fri, 05 Dec 2025 06:30 PM (IST)

ਫੋਟੋ ਨੰਬਰ-12 ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ ਲੁਧਿਆਣਾ ਪੀਏਯੂ. ਦੇ ਬਾਇਓਤਕਨਾਲੋਜੀ ਮਾਹਿਰ ਅਤੇ ਡਾ. ਗੁਰਦੇਵ ਸਿੰਘ ਖੁਸ਼ ਜੈਨੇਟਿਕ ਸੰਸਥਾਨ ਦੇ ਨਿਰਦੇਸ਼ਕ ਡਾ. ਪ੍ਰਵੀਨ ਛੁਨੇਜਾ ਨੂੰ ਆਈਸੀਏਆਰ ਦੀ ਰਾਸ਼ਟਰੀ ਪ੍ਰੋਫੈਸਰ ਯੋਜਨਾ ਅਧੀਨ ਨੌਰਮਨ ਬੋਰਲਾਗ ਚੇਅਰ ਨਿਯੁਕਤ ਕੀਤਾ ਗਿਆ ਹੈ। ਇਸ ਭੂਮਿਕਾ ਵਿੱਚ ਡਾ. ਛੁਨੇਜਾ ਦੀ ਨਿਯੁਕਤੀ ਪੰਜ ਸਾਲ ਲਈ ਹੋਈ ਹੈ। ਇਸ ਦੌਰਾਨ ਉਹ ਕਣਕ ਦੀ ਫਸਲ ਉੱਪਰ ਜੈਵਿਕ ਅਤੇ ਅਜੈਵਿਕ ਤਨਾਵਾਂ ਦਾ ਸਾਹਮਣਾ ਕਰਨ ਲਈ ਜੰਗਲੀ ਕਿਸਮਾਂ ਦੀ ਸਾਰਥਕਤਾ ਬਾਰੇ ਖੋਜ ਪ੍ਰੋਗਰਾਮ ਦੀ ਅਗਵਾਈ ਕਰਨਗੇ। ਜ਼ਿਕਰਯੋਗ ਹੈ ਕਿ ਇਹ ਵੱਕਾਰੀ ਚੇਅਰ ਹਰੀ ਕ੍ਰਾਂਤੀ ਦੇ ਪਿਤਾਮਾ ਕਹੇ ਜਾਣ ਵਾਲੇ ਨੋਬਲ ਇਨਾਮ ਜੇਤੂ ਨੌਰਮਨ ਈ ਬੋਰਲਾਗ ਦੇ ਸਨਮਾਨ ਵਿੱਚ ਵਿਗਿਆਨਕ ਕਾਰਜਾਂ ਲਈ ਸਥਾਪਿਤ ਕੀਤੀ ਗਈ ਹੈ। ਡਾ. ਛੁਨੇਜਾ ਨੇ ਆਪਣੇ ਸਮੁੱਚੇ ਅਧਿਆਪਨ ਸਫਰ ਦੌਰਾਨ ਤਿੰਨ ਦਹਾਕਿਆਂ ਤੋਂ ਕਣਕ ਦੇ ਜੀਨ ਵਿਗਿਆਨ ਸੰਬੰਧੀ ਸ਼ਾਨਦਾਰ ਕਾਰਜ ਨੂੰ ਅੰਜਾਮ ਦਿੱਤਾ। ਉਨ੍ਹਾਂ ਦੇ ਕਾਰਜ ਦਾ ਮੁੱਖ ਮਕਸਦ ਕਣਕ ਦੀਆਂ ਜੰਗਲੀ ਕਿਸਮਾਂ ਨੂੰ ਆਧੁਨਿਕ ਜੀਨ ਵਿਗਿਆਨਕ ਵਿਧੀਆਂ ਰਾਹੀਂ ਜੈਵਿਕ-ਅਜੈਵਿਕ ਦਬਾਵਾਂ ਦਾ ਸਾਹਮਣਾ ਕਰਨ ਦੇ ਸਮਰਥ ਕਿਸਮਾਂ ਲਈ ਇਸਤੇਮਾਲ ਕਰਨਾ ਹੈ। ਇਸ ਦੌਰਾਨ ਉਨਾਂ ਦੀ ਟੀਮ ਨੇ ਭਿੰਨ-ਭਿੰਨ ਸਰੋਤਾਂ ਤੋਂ ਜੰਗਲੀ ਕਣਕ ਦੀਆਂ ਨਸਲੀ ਕਿਸਮਾਂ ਇਕੱਤਰ ਕਰਕੇ ਮੌਜੂਦਾ ਸਮੇਂ ਦੇ ਅਨੁਕੂਲ ਕਣਕ ਪੈਦਾ ਕਰਨ ਲਈ ਵਰਤੋਂ ਵਿੱਚ ਲਿਆਂਦਾ। ਇਸ ਵਿਧੀ ਨਾਲ ਕਣਕ ਦੀਆਂ 11 ਕਿਸਮਾਂ ਦਾ ਵਿਕਾਸ ਸੰਭਵ ਹੋਇਆ। ਇਸ ਤੋਂ ਬਿਨਾਂ ਉਨਾਂ ਦੇ ਅਕਾਦਮਿਕ ਕਾਰਜ ਵਿੱਚ 177 ਖੋਜ ਪੱਤਰ ਵੀ ਸ਼ਾਮਿਲ ਹਨ, 20 ਖੋਜ ਪ੍ਰਾਜੈਕਟਾਂ ਦਾ ਹਿੱਸਾ ਰਹਿਣ ਵਾਲੇ ਡਾ. ਪ੍ਰਵੀਨ ਛੁਨੇਜਾ ਨੇ ਅੰਤਰਰਾਸ਼ਟਰੀ ਸੰਸਥਾਵਾਂ ਨਾਲ ਸਾਂਝ ਵਿੱਚ ਬਹੁਤ ਸਾਰਾ ਕਾਰਜ ਕੀਤਾ। ਬਹੁਤ ਸਾਰੇ ਨੌਜਵਾਨ ਵਿਗਿਆਨੀਆਂ ਦੀ ਪੋਸਟ ਗ੍ਰੈਜੁਏਟ ਪੱਧਰ ਤੇ ਅਗਵਾਈ ਵੀ ਉਨਾਂ ਨੇ ਕੀਤੀ। ਦੇਸ਼ ਦੀਆਂ ਵੱਕਾਰੀ ਵਿਗਿਆਨਕ ਏਜੰਸੀਆਂ ਆਈਐੱਨਐੱਨਐੱਸਏ, ਨਾਸ ਅਤੇ ਐੱਨਏਐੱਸਆਈ ਨੇ ਉਨ੍ਹਾਂ ਨੂੰ ਸਨਮਾਨਿਤ ਕੀਤਾ, ਨਾਲ ਹੀ ਜੇਨੀ ਬੋਰਲਾਗ ਔਰਤ ਵਿਗਿਆਨੀ ਐਵਾਰਡ, ਆਈਸੀਏਆਰ ਪੰਜਾਬ ਰਾਓ ਦੇਸ਼ਮੁਖ ਵਿਸ਼ੇਸ਼ ਔਰਤ ਵਿਗਿਆਨੀ ਡਾ. ਜੀ ਐੱਸ ਖੁਸ਼ ਪ੍ਰੋਫੈਸਰ ਐਵਾਰਡ ਅਤੇ ਡਾ. ਦਰਸ਼ਨ ਬਰਾੜ ਐਵਾਰਡ ਸ਼ਾਮਿਲ ਹਨ। ਪੀਏਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਇਸ ਪ੍ਰਾਪਤੀ ਲਈ ਡਾ. ਪ੍ਰਵੀਨ ਛੁਨੇਜਾ ਨੂੰ ਵਧਾਈ ਦਿੱਤੀ।