ਡੀਸੀ ਨੇ ਨਗਰ ਕੀਰਤਨ ਦੇ ਪ੍ਰਬੰਧਾਂ ਲਈ ਕੀਤੀ ਸਮੀਖਿਆ ਮੀਟਿੰਗ
ਡਿਪਟੀ ਕਮਿਸ਼ਨਰ ਨੇ ਇਤਿਹਾਸਕ ਨਗਰ ਕੀਰਤਨ ਦੇ ਪ੍ਰਬੰਧਾਂ ਲਈ ਕੀਤੀ ਸਮੀਖਿਆ ਮੀਟਿੰਗ
Publish Date: Tue, 18 Nov 2025 09:19 PM (IST)
Updated Date: Wed, 19 Nov 2025 04:14 AM (IST)

ਨਗਰ ਕੀਰਤਨ ’ਚ ਫੁੱਲਾਂ ਦੀ ਵਰਖਾ ਨਾਲ ਦਿੱਤਾ ਜਾਵੇਗਾ ਗਾਰਡ ਆਫ਼ ਆਨਰ ਸਤਵਿੰਦਰ ਸ਼ਰਮਾ, ਪੰਜਾਬੀ ਜਾਗਰਣ, ਲੁਧਿਆਣਾ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ 350ਵੇਂ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਪੰਜਾਬ ਸਰਕਾਰ ਵੱਲੋਂ ਸਜਾਇਆ ਜਾ ਰਿਹਾ ਵਿਸ਼ਾਲ ਨਗਰ ਕੀਰਤਨ 20 ਨਵੰਬਰ ਨੂੰ ਲੁਧਿਆਣਾ ਪਹੁੰਚੇਗਾ, ਜਿਸ ਦੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਮੰਗਲਵਾਰ ਨੂੰ ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਨੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਸਮੀਖਿਆ ਮੀਟਿੰਗ ਕੀਤੀ। ਮੀਟਿੰਗ ਤੋਂ ਬਾਅਦ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਇਸ ਇਤਿਹਾਸਕ ਧਾਰਮਿਕ ਸਮਾਗਮ ਲਈ ਵਿਆਪਕ ਅਤੇ ਢੁਕਵੇਂ ਪ੍ਰਬੰਧ ਕਰੇਗਾ। ਉਨ੍ਹਾਂ ਦੱਸਿਆ ਕਿ ਮੀਟਿੰਗ ਦੌਰਾਨ ਗਲਾਡਾ ਦੇ ਵਧੀਕ ਮੁੱਖ ਪ੍ਰਸ਼ਾਸਕ ਓਜਸਵੀ ਅਲੰਕਾਰ, ਵਧੀਕ ਡਿਪਟੀ ਕਮਿਸ਼ਨਰ ਅਮਰਜੀਤ ਬੈਂਸ, ਕੁਲਪ੍ਰੀਤ ਸਿੰਘ, ਰੁਪਿੰਦਰ ਪਾਲ ਸਿੰਘ ਅਤੇ ਹੋਰ ਸੀਨੀਅਰ ਅਧਿਕਾਰੀਆਂ ਨੂੰ ਇਹ ਯਕੀਨੀ ਬਣਾਉਣ ਲਈ ਕਿਹਾ ਗਿਆ ਹੈ ਕਿ ਸ਼ਰਧਾਲੂ ਪੂਰੀ ਸ਼ਰਧਾ ਅਤੇ ਉਤਸ਼ਾਹ ਨਾਲ ਨਗਰ ਕੀਰਤਨ ਵਿੱਚ ਹਿੱਸਾ ਲੈ ਸਕਣ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਇਸ ਮੌਕੇ ਨੂੰ ਸੱਚਮੁੱਚ ਯਾਦਗਾਰੀ ਬਣਾਉਣ ਲਈ ਹਰ ਸੰਭਵ ਪ੍ਰਬੰਧ ਕੀਤੇ ਜਾਣਗੇ। ਪੂਰੇ ਰਸਤੇ ਦੌਰਾਨ ਪਵਿੱਤਰ ਸ੍ਰੀ ਪਾਲਕੀ ਸਾਹਿਬ ਤੇ ਫੁੱਲਾਂ ਦੀ ਵਰਖਾ ਕੀਤੀ ਜਾਵੇਗੀ। ਜਗਰਾਉਂ, ਲੁਧਿਆਣਾ ਸ਼ਹਿਰ ਅਤੇ ਖੰਨਾ ਵਿੱਚ ਨਗਰ ਕੀਰਤਨ ਦੇ ਪ੍ਰਵੇਸ਼ ਸਥਾਨਾਂ ਤੇ ਇੱਕ ਰਸਮੀ ਗਾਰਡ ਆਫ਼ ਆਨਰ ਵੀ ਦਿੱਤਾ ਜਾਵੇਗਾ। ਜਮੀਨੀ ਪੱਧਰ ਤੇ ਪ੍ਰਭਾਵਸ਼ਾਲੀ ਤਾਲਮੇਲ ਲਈ ਪ੍ਰਸ਼ਾਸਨ ਨੇ 10 ਪੀਸੀਐਸ ਅਧਿਕਾਰੀਆਂ ਨੂੰ ਸੈਕਟਰ ਅਫਸਰ ਵਜੋਂ ਨਿਯੁਕਤ ਕੀਤਾ ਹੈ ਜਿਨ੍ਹਾਂ ਦੀਆਂ ਜ਼ਿੰਮੇਵਾਰੀਆਂ ਸਪੱਸ਼ਟ ਤੌਰ ਤੇ ਪਰਿਭਾਸ਼ਿਤ ਹਨ ਜਿਨ੍ਹਾਂ ਵਿੱਚ ਸਫਾਈ, ਕੂੜੇ ਦੇ ਡੰਪਾਂ ਅਤੇ ਲਟਕਦੀਆਂ ਤਾਰਾਂ ਨੂੰ ਹਟਾਉਣਾ, ਸਹੀ ਰੋਸ਼ਨੀ, ਸੜਕਾਂ ਦੀ ਮੁਰੰਮਤ, ਟ੍ਰੈਫਿਕ ਪ੍ਰਬੰਧਨ, ਭੀੜ ਕੰਟਰੋਲ, ਐਂਬੂਲੈਂਸਾਂ ਵਾਲੀਆਂ ਮੈਡੀਕਲ ਟੀਮਾਂ, ਲੰਗਰ ਪ੍ਰਬੰਧ, ਫਾਇਰ ਟੈਂਡਰ, ਅਸਥਾਈ ਪਖਾਨੇ, ਨਗਰ ਨਿਗਮ ਸਟਾਫ ਦੀ ਤਾਇਨਾਤੀ, ਫੁੱਲਾਂ ਦੀ ਵਰਖਾ ਕਰਨੀ ਆਦਿ ਦੇ ਨਾਲ ਪੁਲਿਸ ਅਤੇ ਹੋਰ ਵਿਭਾਗਾਂ ਨਾਲ ਸਮੁੱਚਾ ਸੰਪਰਕ ਸ਼ਾਮਲ ਹੈ। ਬਾਕਸ-- ਨਗਰ ਕੀਰਤਨ ਦਾ ਰੂਟ ’ਤੇ ਅਧਿਕਾਰੀਆਂ ਦੀ ਤਾਇਨਾਤੀ ਐੱਸਡੀਐੱਮ ਜਗਰਾਓਂ ਵੱਲੋਂ ਜਗਰਾਉਂ ਤੋਂ ਸੀ ਟੀ ਯੂਨੀਵਰਸਿਟੀ ਤੱਕ, ਅਸਟੇਟ ਅਫਸਰ ਗਲਾਡਾ ਸੀ ਟੀ ਯੂਨੀਵਰਸਿਟੀ ਤੋਂ ਨਗਰ ਨਿਗਮ ਹੱਦ ਤੱਕ, ਐੱਸਡੀਐੱਮ ਪੱਛਮੀ (ਨਗਰ ਨਿਗਮ ਦੇ ਜੁਆਇੰਟ ਕਮਿਸ਼ਨਰ ਦੇ ਤਾਲਮੇਲ ਨਾਲ) ਨਿਗਮ ਹੱਦ ਤੋਂ ਮਲਹਾਰ ਰੋਡ ਅਤੇ ਅੱਗੇ ਗੁਰਦੁਆਰਾ ਦੁਖ ਨਿਵਾਰਨ ਸਾਹਿਬ, ਐੱਸਡੀਐੱਮ ਪੂਰਬੀ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਤੋਂ ਜਲੰਧਰ ਬਾਈਪਾਸ, ਨਿਗਮ ਜੁਆਇੰਟ ਕਮਿਸ਼ਨਰ ਜਲੰਧਰ ਬਾਈਪਾਸ ਤੋਂ ਸਮਰਾਲਾ ਚੌਕ, ਏਈਟੀਸੀ-2 ਲੁਧਿਆਣਾ ਸਮਰਾਲਾ ਚੌਕ ਤੋਂ ਸ਼ੇਰਪੁਰ ਚੌਕ, ਆਰਟੀਏ ਸਕੱਤਰ ਸ਼ੇਰਪੁਰ ਚੌਕ ਤੋਂ ਸਾਹਨੇਵਾਲ ਐਂਟਰੀ ਪੁਆਇੰਟ, ਐੱਸਡੀਐੱਮ ਸਮਰਾਲਾ ਸਾਹਨੇਵਾਲ ਤੋਂ ਖੰਨਾ ਐਂਟਰੀ ਪੁਆਇੰਟ ਅਤੇ ਐੱਸਡੀਐੱਮ ਖੰਨਾ ਐਂਟਰੀ ਪੁਆਇੰਟ ਖੰਨਾ ਤੋਂ ਸ੍ਰੀ ਫਤਿਹਗੜ੍ਹ ਸਾਹਿਬ ਤੱਕ ਪ੍ਰਬੰਧਾਂ ਦੀ ਨਿਗਰਾਨੀ ਕਰਨਗੇ। ਸੁਚਾਰੂ ਪ੍ਰਬੰਧਾਂ ਨੂੰ ਹਰ ਪੱਖੋਂ ਯਕੀਨੀ ਬਣਾਉਣ ਤੇ ਜੌਰ ਦਿੰਦਿਆਂ ਡਿਪਟੀ ਕਮਿਸ਼ਨਰ ਨੇ ਸਾਰੇ ਅਧਿਕਾਰੀਆਂ ਨੂੰ ਪੂਰੀ ਸੇਵਾ ਭਾਵਨਾਂ ਨਾਲ ਆਪਣੀ ਡਿਊਟੀ ਨਿਭਾਉਣ ਦੇ ਨਿਰਦੇਸ਼ ਦਿੱਤੇ ਤਾਂ ਜੋ ਪਵਿੱਤਰ ਸਮਾਗਮ ਦੌਰਾਨ ਸ਼ਰਧਾਲੂਆਂ ਨੂੰ ਕੋਈ ਅਸੁਵਿਧਾ ਨਾ ਹੋਵੇ। ਉਨ੍ਹਾਂ ਲੁਧਿਆਣਾ ਦੇ ਸਾਰੇ ਵਸਨੀਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਜੀਵਨ ਵਿੱਚ ਇੱਕ ਵਾਰ ਆਉਣ ਵਾਲੇ ਅਲੌਕਿਕ ਨਗਰ ਕੀਰਤਨ ਵਿੱਚ ਵੱਡੀ ਗਿਣਤੀ ਵਿੱਚ ਹਿੱਸਾ ਲੈਣ ਅਤੇ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਆਸ਼ੀਰਵਾਦ ਪ੍ਰਾਪਤ ਕਰਨ। ਫਰੀਦਕੋਟ, ਮੋਗਾ ਤੋਂ ਪਹੁੰਚਣ ਵਾਲਾ ਨਗਰ ਕੀਰਤਨ 20 ਨਵੰਬਰ ਨੂੰ ਗੁਰਦੁਆਰਾ ਦੁਖ ਨਿਵਾਰਨ ਸਾਹਿਬ ਵਿਖੇ ਰਾਤ ਦਾ ਠਹਿਰਾਅ ਕਰੇਗਾ ਅਤੇ ਫਿਰ ਆਪਣੀ ਅੱਗੇ ਦੀ ਯਾਤਰਾ ਜਾਰੀ ਰੱਖੇਗਾ। 20 ਨਵੰਬਰ ਨੂੰ ਇਹ ਸ੍ਰੀ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਲਈ ਰਵਾਨਾ ਹੋਵੇਗਾ।