ਡਾਕੀਏ ਵਿਰੁੱਧ ਬਣਦੀ ਕਾਰਵਾਈ ਦੀ ਮੰਗ
ਡਾਕੀਏ ਵਿਰੁੱਧ ਬਣਦੀ ਕਾਰਵਾਈ ਦੀ ਮੰਗ
Publish Date: Tue, 02 Dec 2025 08:16 PM (IST)
Updated Date: Wed, 03 Dec 2025 04:12 AM (IST)

ਸੁਖਦੇਵ ਸਲੇਮਪੁਰੀ, ਪੰਜਾਬੀ ਜਾਗਰਣ, ਲੁਧਿਆਣਾ ਸੋਸ਼ਲ ਮੀਡੀਆ ਤੇ ਈ-ਮੇਲ ਦੇ ਯੁੱਗ ਨੇ ਹੱਥ-ਦਸਤੀ ਡਾਕ ਦੀ ਮਹੱਤਤਾ ਨੂੰ ਬਹੁਤ ਘਟਾ ਦਿੱਤਾ ਹੈ। ਨਿੱਜੀ ਕੰਪਨੀਆਂ ਵੱਲੋਂ ਸ਼ੁਰੂ ਕੀਤੀ ਗਈ ਕੋਰੀਅਰ ਸੇਵਾ ਨੇ ਵੀ ਸਰਕਾਰੀ ਡਾਕ ਦੀ ਮਹੱਤਤਾ ਨੂੰ ਭਾਰੀ ਸੱਟ ਮਾਰੀ ਹੈ। ਲੋਕਾਂ ਦੀ ਸਹੂਲਤ ਨੂੰ ਮੁੱਖ ਰੱਖਦਿਆਂ ਡਾਕ ਵੰਡਣ ਲਈ ਭਾਵੇਂ ਭਾਰਤ ਸਰਕਾਰ ਵਲੋਂ ਡਾਕੀਏ ਭਰਤੀ ਕੀਤੇ ਗਏ ਹਨ ਪਰ ਉਨ੍ਹਾਂ ’ਚੋਂ ਬਹੁਤ ਘੱਟ ਅਜਿਹੇ ਡਾਕੀਏ ਹਨ, ਜਿਹੜੇ ਇਮਾਨਦਾਰੀ ਨਾਲ ਆਪਣੀ ਜ਼ਿੰਮੇਵਾਰੀ ਨਿਭਾਉਂਦੇ ਹਨ। ਆਮ ਤੌਰ ’ਤੇ ਵੇਖਿਆ ਗਿਆ ਹੈ ਕਿ ਸ਼ਹਿਰੀ ਇਲਾਕਿਆਂ ’ਚ ਤਾਂ ਡਾਕੀਏ ਡਾਕ ਸਮੇਂ ਸਿਰ ਘਰ ਘਰ /ਦਫਤਰ ’ਚ ਪੁੱਜਦੀ ਕਰ ਦਿੰਦੇ ਹਨ ਪਰ ਪੇਂਡੂ ਇਲਾਕਿਆਂ ’ਚ ਲੋਕਾਂ ਨੂੰ ਡਾਕ ਪ੍ਰਾਪਤ ਕਰਨ ਲਈ ਬਹੁਤ ਧੱਕੇ ਖਾਣੇ ਪੈਂਦੇ ਹਨ। ਲੁਧਿਆਣਾ ਜ਼ਿਲ੍ਹਾ ਅਧੀਨ ਪੈਂਦੇ ਡਾਕਘਰ ਨੂਰਪੁਰ ਬੇਟ ’ਚ ਇਸ ਵੇਲੇ ਡਾਕ ਦਾ ਬਹੁਤ ਬੁਰਾ ਹਾਲ ਹੈ। ਪਿੰਡ ਸਲੇਮਪੁਰ ਦੇ ਵਸਨੀਕ ਕੁਲਦੀਪ ਸਿੰਘ ਪੰਚਾਇਤ ਮੈਂਬਰ ਨੇ ਦੱਸਿਆ ਕਿ ਸਲੇਮਪੁਰ, ਗੌਂਸਪੁਰ, ਗੜ੍ਹਾ, ਬੁਰਜ ਲਾਂਬੜਾ, ਬੁਰਜ ਮਾਨ ਕੌਰ, ਖਹਿਰਾ ਬੇਟ ਆਦਿ ਪਿੰਡਾਂ ’ਚ ਜਿਸ ਡਾਕੀਏ ਦੀ ਡਿਊਟੀ ਲੱਗੀ ਹੋਈ ਹੈ, ਉਹ ਆਪਣੀ ਡਿਊਟੀ ਪ੍ਰਤੀ ਬਹੁਤ ਅਣਗਹਿਲੀ ਵਰਤਦਾ ਹੈ। ਉਹ ਘਰ-ਘਰ ਪਹੁੰਚਾਉਣ ਦੀ ਬਜਾਏ ਕਰਿਆਨਾ ਦੁਕਾਨ ’ਤੇ ਰੱਖ ਕੇ ਚਲਾ ਜਾਂਦਾ ਹੈ। ਸ਼ਿਕਾਇਤਕਰਤਾ ਨੇ ਦੱਸਿਆ ਕਿ ਕਈ ਵਾਰ ਤਾਂ ਉਸ ਨੂੰ ਫੋਨ ਕਰ ਕੇ ਡਾਕ ਬਾਰੇ ਪੁੱਛਣਾ ਪੈਂਦਾ ਹੈ। ਲੋਕ ਉਸ ਨੂੰ ਉਡੀਕਦੇ ਰਹਿੰਦੇ ਹਨ ਪਰ ਉਹ ਬਹੁੜਦਾ ਹੀ ਨਹੀਂ। ਪੰਚਾਇਤ ਮੈਂਬਰ ਨੇ ਮੁੱਖ ਪੋਸਟ-ਮਾਸਟਰ ਲੁਧਿਆਣਾ ਤੋਂ ਮੰਗ ਕੀਤੀ ਹੈ ਕਿ ਸਬੰਧਤ ਡਾਕੀਏ ਵਿਰੁੱਧ ਬਣਦੀ ਕਾਰਵਾਈ ਕੀਤੀ ਜਾਵੇ ਤਾਂ ਜੋ ਲੋਕਾਂ ਨੂੰ ਸਮੇਂ ਸਿਰ ਡਾਕ ਮਿਲ ਸਕੇ।