ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਵਾਲੇ ’ਤੇ ਪਰਚਾ
ਦਰਖਤਾਂ ਦੀ ਨਾਜਾਇਜ਼ ਕਟਾਈ ਸਬੰਧੀ ਸ਼ਿਕਾਇਤ ਦੇਣ ਤੇ ਮਿਲੀਆਂ ਜਾਨੋਂ ਮਾਰਨ ਦੀਆਂ ਧਮਕੀਆਂ
Publish Date: Tue, 27 Jan 2026 10:27 PM (IST)
Updated Date: Wed, 28 Jan 2026 04:14 AM (IST)

ਥਾਣਾ ਸਰਾਭਾ ਨਗਰ ਦੀ ਪੁਲਿਸ ਨੇ ਦੋ ਵਿਅਕਤੀਆਂ ਦੇ ਖਿਲਾਫ ਕੀਤਾ ਮੁਕੱਦਮਾ ਦਰਜ ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ, ਲੁਧਿਆਣਾ : ਦਰਖਤਾਂ ਦੀ ਕਟਾਈ ਕਰਕੇ ਵਾਤਾਵਰਣ ਦਾ ਘਾਣ ਕਰਨ ਸਬੰਧੀ ਜਦ ਨਗਰ ਨਿਗਮ ਨੂੰ ਸ਼ਿਕਾਇਤਾਂ ਦਿੱਤੀਆਂ ਗਈਆਂ ਤਾਂ ਮੁਲਜ਼ਮਾਂ ਨੇ ਸ਼ਿਕਾਇਤ ਕਰਤਾ ਨੂੰ ਧਮਕੀਆਂ ਦਿੱਤੀਆਂ। ਸ਼ਿਕਾਇਤ ਕਰਤਾ ਨੇ ਦੋਸ਼ ਲਗਾਇਆ ਕਿ ਕੁਝ ਕਸ਼ਮੀਰੀ ਵਿਅਕਤੀ ਉਨ੍ਹਾਂ ਦੇ ਘਰ ਦੇ ਬਾਹਰ ਨੰਗੀਆਂ ਤਲਵਾਰਾਂ ਲੈ ਕੇ ਆ ਗਏ ਸਨ। ਇਸ ਮਾਮਲੇ ਸਬੰਧੀ ਥਾਣਾ ਸਰਾਭਾ ਨਗਰ ਦੀ ਪੁਲਿਸ ਨੂੰ ਸ਼ਿਕਾਇਤ ਦਿੰਦਿਆਂ ਬੀਆਰਐਸ ਨਗਰ ਦੇ ਵਾਸੀ ਜੰਗ ਬਹਾਦਰ ਸਿੰਘ ਨੇ ਦੱਸਿਆ ਕਿ ਪਿਛਲੇ ਕੁਝ ਸਾਲਾਂ ਤੋਂ ਇਲਾਕੇ ਦੇ ਰਹਿਣ ਵਾਲੇ ਦੋ ਵਿਅਕਤੀਆਂ ਨੇ ਗੈਰ ਕਾਨੂੰਨੀ ਢੰਗ ਨਾਲ ਕਈ ਦਰਖਤਾਂ ਨੂੰ ਕਟਵਾਇਆ ਅਤੇ ਬਰਬਾਦ ਕੀਤਾ ਸੀ। ਇਸ ਦੀ ਕਈ ਦਫਾ ਨਗਰ ਨਿਗਮ ਨੂੰ ਲਿਖਿਤ ਸ਼ਿਕਾਇਤ ਵੀ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਸੇ ਦੇ ਚੱਲਦਿਆਂ ਕੁਝ ਕਸ਼ਮੀਰੀ ਵਿਅਕਤੀ ਹੱਥਾਂ ਵਿੱਚ ਨੰਗੀਆਂ ਤਲਵਾਰਾਂ ਫੜ ਕੇ ਉਨ੍ਹਾਂ ਦੇ ਘਰ ਦੇ ਬਾਹਰ ਆ ਗਏ। ਸ਼ਿਕਾਇਤ ਕਰਤਾ ਨੇ ਪੁਲਿਸ ਨੂੰ ਦੱਸਿਆ ਕਿ ਨੌਜਵਾਨਾਂ ਨੇ ਉਨ੍ਹਾਂ ਦੇ ਘਰ ਵੱਲ ਇਸ਼ਾਰਾ ਕਰ ਕੇ ਧਮਕੀਆਂ ਦਿੱਤੀਆਂ ਹਨ। ਉਧਰ ਇਸ ਮਾਮਲੇ ਵਿੱਚ ਜਾਂਚ ਅਧਿਕਾਰੀ ਉਮੇਸ਼ ਕੁਮਾਰ ਨੇ ਦੱਸਿਆ ਕਿ ਪੁਲਿਸ ਨੇ ਜੰਗ ਬਹਾਦਰ ਸਿੰਘ ਦੀ ਸ਼ਿਕਾਇਤ ਤੇ ਬੀਆਰਐਸ ਨਗਰ ਦੇ ਰਹਿਣ ਵਾਲੇ ਕੇਬੀ ਸਿੰਘ ਅਤੇ ਜੀਤ ਕਪੂਰ ਦੇ ਖਿਲਾਫ ਮੁਕੱਦਮਾ ਦਰਜ ਕਰਕੇ ਕੇਸ ਦੀ ਤਫਤੀਸ਼ ਸ਼ੁਰੂ ਕਰ ਦਿੱਤੀ ਹੈ।