ਅਣ-ਅਧਿਕਾਰਤ ਨਸ਼ਾ ਛੁਡਾਊ ਕੇਂਦਰ ਦਾ ਪਰਦਾਫਾਸ਼
ਦਾਖਾ ਪੁਲਿਸ ਵੱਲੋਂ ਅਣ-ਅਧਿਕਾਰਤ ਨਸ਼ਾ ਛੁਡਾਓ ਕੇਂਦਰ ਦਾ ਪਰਦਾਫਾਸ਼
Publish Date: Tue, 25 Nov 2025 12:29 AM (IST)
Updated Date: Tue, 25 Nov 2025 04:14 AM (IST)
- ਥਾਣਾ ਦਾਖਾ ਦੀ ਪੁਲਿਸ ਨੇ ਛਾਪੇਮਾਰੀ ਕਰ ਕੇ 25 ਨੌਜਵਾਨ ਛੁਡਾਏ
- ਕੇਂਦਰ ਕੀਤਾ ਸੀਲ, ਨੌਜਵਾਨਾਂ ਨੂੰ ਕਰਵਾਇਆ ਹਸਪਤਾਲ ’ਚ ਦਾਖ਼ਲ
ਸੁਰਿੰਦਰ ਅਰੋੜਾ, ਪੰਜਾਬੀ ਜਾਗਰਣ, ਮੁੱਲਾਂਪੁਰ ਦਾਖਾ : ਪੁਲਿਸ ਮਾਡਲ ਥਾਣਾ ਦਾਖਾ ਦੀ ਪੁਲਿਸ ਨੇ ਡੀਐੱਸਪੀ ਵਰਿੰਦਰ ਸਿੰਘ ਖੋਸਾ ਦੀ ਅਗਵਾਈ ਹੇਠ ਪਿੰਡ ਦਾਖਾ ਵਿਖੇ ਚੱਲ ਰਹੇ ਅਣ-ਅਧਿਕਾਰਤ ਨਸ਼ਾ ਛੁਡਾਊ ਕੇਂਦਰ ਦਾ ਪਰਦਾਫਾਸ਼ ਕਰ ਕੇ 25 ਨੌਜਵਾਨਾਂ ਨੂੰ ਛੁਡਾਉਣ ਉਪਰੰਤ ਸਿਵਲ ਹਸਪਤਾਲ ਜਗਰਾਓ ’ਚ ਦਾਖ਼ਲ ਕਰਵਾਉਣ ਉਪਰੰਤ ਕਥਿਤ ਦੋਸ਼ੀਆਂ ਖ਼ਿਲਾਫ਼ ਕਾਰਵਾਈ ਆਰੰਭ ਦਿੱਤੀ ਹੈ। ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਡੀਐੱਸਪੀ ਵਰਿੰਦਰ ਸਿੰਘ ਖੋਸਾ ਅਤੇ ਥਾਣਾ ਮੁਖੀ ਹਮਰਾਜ ਸਿੰਘ ਨੇ ਦੱਸਿਆ ਕਿ ਪੁਲਿਸ ਜ਼ਿਲ੍ਹਾ ਲੁਧਿਆਣਾ ਦਿਹਾਤੀ ਦੇ ਐੱਸਐੱਸਪੀ ਅੰਕੁਰ ਗੁਪਤਾ ਦਫ਼ਤਰ ਤੋਂ ਪੱਤਰ ਮਿਲਿਆ ਸੀ ਕਿ ਸਬ ਡਵੀਜ਼ਨ ਦਾਖਾ ਅਧੀਨ ਆਉਂਦੇ ਥਾਣਾ ਦਾਖਾ ਦੇ ਪਿੰਡ ਦਾਖਾ ਵਿੱਚ ਸ਼ਹੀਦਾਂ ਦੀ ਜਗ੍ਹਾ ਨੇੜੇ ਸਰਕਾਰੀ ਸਕੂਲ ਦੀ ਬਿਲਡਿੰਗ ਵਿੱਚ ਅਣ-ਅਧਿਕਾਰਤ ਨਸ਼ਾ ਛੁਡਾਊ ਸੈਂਟਰ ਚੱਲ ਰਿਹਾ ਹੈ ਜਿਸ ਦੀ ਚੈਕਿੰਗ ਕਰਕੇ ਕਾਨੂੰਨ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇ ਜਿਸ ਤਹਿਤ ਸਿਵਲ ਸਰਜਨ ਲੁਧਿਆਣਾ ਨਾਲ ਤਾਲਮੇਲ ਕਰ ਕੇ ਮੈਡੀਕਲ ਟੀਮ ਗਠਿਤ ਕੀਤੀ ਗਈ, ਜਿਸ ਵਿੱਚ ਡਾ. ਹਰਕਮਲ ਕੌਰ ਮੈਡੀਕਲ ਅਫਸਰ (ਸਾਇਕੈਟਰਿਸਟ), ਡਾ. ਵਿਸ਼ਾਲ ਕੁਮਾਰ ਮੈਡੀਕਲ ਅਫਸਰ ਅਤੇ ਦਵਿੰਦਰ ਸਿੰਘ ਫਾਰਮੇਸੀ ਅਫਸਰਾਂ ਨੂੰ ਸ਼ਾਮਲ ਕੀਤਾ ਗਿਆ। ਇਸ ਟੀਮ ਨਾਲ ਥਾਣਾ ਦਾਖਾ ਦੀ ਪੁਲਿਸ ਪਾਰਟੀ ਨੂੰ ਸ਼ਾਮਲ ਕਰ ਕੇ ਗੁਰਦੁਆਰਾ ਸ਼ਹੀਦ ਬਾਬਾ ਨੱਥੂ ਪਿੰਡ ਦਾਖਾ ਦੇ ਨੇੜੇ ਉਕਤ ਅਣ-ਅਧਿਕਾਰਤ ਰੀਹੈਬ ਸੈਂਟਰ ਦੀ ਜਦੋਂ ਚੈਕਿੰਗ ਕੀਤੀ ਗਈ ਤਾਂ ਇੱਕ ਬੰਦ ਕਮਰੇ ਵਿੱਚ 25 ਮਰੀਜ਼ ਪਾਏ ਗਏ ਜਿਨ੍ਹਾਂ ਨੂੰ ਗੈਰ-ਕਾਨੂੰਨੀ ਤਰੀਕੇ ਨਾਲ ਬੰਦੀ ਬਣਾ ਕੇ ਰੱਖਿਆ ਹੋਇਆ ਸੀ।
ਛੁਡਵਾਉਣ ਉਪਰੰਤ ਸਿਵਲ ਹਸਪਤਾਲ ਜਗਰਾਓਂ ਵਿਖੇ ਦਾਖਲ ਕਰਵਾਇਆ ਗਿਆ ਅਤੇ ਉਕਤ ਅਣ-ਅਧਿਕਾਰਤ ਨਸ਼ਾ ਛੁਡਾਊ ਸੈਂਟਰ ਨੂੰ ਮੈਡੀਕਲ ਟੀਮ ਵੱਲੋ ਸੀਲ ਕਰ ਦਿੱਤਾ ਗਿਆ। ਡੀਐੱਸਪੀ ਵਰਿੰਦਰ ਸਿੰਘ ਖੋਸਾ ਨੇ ਦੱਸਿਆ ਕਿ ਸਿਵਲ ਸਰਜਨ ਲੁਧਿਆਣਾ ਵੱਲੋਂ ਗਠਿਤ ਕੀਤੀ ਗਈ ਮੈਡੀਕਲ ਟੀਮ ਦੀ ਰਿਪੋਰਟ ਦੇ ਆਧਾਰ ’ਤੇ ਉਕਤ ਅਣ-ਅਧਿਕਾਰਤ ਨਸ਼ਾ ਛੁਡਾਊ ਸੈਂਟਰ ਨੂੰ ਚਲਾਉਣ ਵਾਲੇ ਹਰਦੀਪ ਸਿੰਘ ਉਰਫ ਦੀਪਾ ਪੁੱਤਰ ਹਰਪਾਲ ਸਿੰਘ ਵਾਸੀ ਚੱਕ ਕਲਾਂ ਅਤੇ ਜਗਮਿੰਦਰ ਸਿੰਘ ਪੁੱਤਰ ਕਿਰਪਾਲ ਸਿੰਘ ਵਾਸੀ ਪੱਤੀ ਜਲਾਲ ਦਾਖਾ ਦੇ ਖ਼ਿਲਾਫ਼ ਮੁਕੱਦਮਾ ਦਰਜ ਕਰ ਲਿਆ ਹੈ। ਫਿਲਹਾਲ ਦੋਵੇਂ ਕਥਿਤ ਦੋਸ਼ੀ ਫਰਾਰ ਹਨ , ਜਿਨ੍ਹਾਂ ਨੂੰ ਜਲਦ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ।