ਰਾਏਕੋਟ ਦੇ ਪੁਰਾਤਨ ਤਲਵੰਡੀ

ਰਾਏਕੋਟ ਦੇ ਪੁਰਾਤਨ ਤਲਵੰਡੀ ਗੇਟ ਦੇ ਨਿਰਮਾਣ ਨੂੰ ਲੈ ਕੇ ਮੌਜੂਦਾ ਤੇ ਸਾਬਕਾ ਪ੍ਰਧਾਨ ਖੈਹਿਬੜੇ
ਰਾਏਕੋਟ ਦੇ ਪੁਰਾਤਨ ਤਲਵੰਡੀ ਗੇਟ ਦੇ ਨਿਰਮਾਣ ਨੂੰ ਲੈ ਕੇ ਨਗਰ ਕੌਂਸਲ ਦੇ ਮੌਜੂਦਾ ਤੇ ਸਾਬਕਾ ਪ੍ਰਧਾਨ ਬਹਿਸਦੇ ਹੋਏ।
ਦੋਵਾਂ ਦੀ ਤਕਰਾਰ ਵਿੱਚ ਵੱਡੀ ਗਿਣਤੀ ਚ ਹੋਇਆ ਇਕੱਠ
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਰਾਏਕੋਟ : ਸਦੀਆਂ ਪਹਿਲਾਂ ਬਣੇ ਰਾਏਕੋਟ ਦੇ ਪੁਰਾਤਨ ਇਤਿਹਾਸਕ ਤਲਵੰਡੀ ਗੇਟ ਦੇ ਨਿਰਮਾਣ ਨੂੰ ਲੈ ਕੇ ਅੱਜ ਰਾਏਕੋਟ ਨਗਰ ਕੌਂਸਲ ਦੇ ਮੌਜੂਦਾ ਤੇ ਸਾਬਕਾ ਪ੍ਰਧਾਨ ਆਹਮੋ ਸਾਹਮਣੇ ਹੋ ਗਏ। ਨਗਰ ਕੌਂਸਲ ਵੱਲੋਂ ਖਸਤਾ ਹਾਲਤ ਤਲਵੰਡੀ ਗੇਟ ਦਾ ਨਿਰਮਾਣ ਕਰਵਾਇਆ ਜਾ ਰਿਹਾ ਸੀ, ਜਿਸ ਦੇ ਵਿਰੋਧ ਵਿੱਚ ਆਏ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਅਤੇ ਅਕਾਲੀ ਆਗੂ ਅਮਨਦੀਪ ਸਿੰਘ ਗਿੱਲ ਨੇ ਵਿਰੋਧ ਜਤਾਇਆ। ਇਸ ਵਿਰੋਧ ਵਿੱਚ ਸਥਾਨਕ ਲੋਕ ਵੀ ਸ਼ਾਮਿਲ ਸਨ। ਜਿਨਾਂ ਦੀ ਮੰਗ ਸੀ ਕਿ ਇਸ ਗੇਟ ਤੇ ਲੈਂਟਰ ਪਾ ਕੇ ਇਸ ਦੇ ਨਿਰਮਾਣ ਦਾ ਡੰਗ ਨਾ ਟਪਾਇਆ ਜਾਵੇ, ਇਹ ਇਤਿਹਾਸਿਕ ਗੇਟ ਹੈ ਅਤੇ ਇਸ ਨੂੰ ਪੁਰਾਤਨ ਦਿਖ ਦਿੱਤੀ ਜਾਵੇ। ਜਿਸ ਦੇ ਲਈ ਪੁਰਾਣੇ ਸਮਿਆਂ ਵਾਂਗ ਹੀ ਇਸ ਗੇਟ ਦੀ ਛੱਤ ਦਾ ਸੰਦੂਕੀ ਲੈਟਰ ਪਾਇਆ ਜਾਵੇ। ਪ੍ਰਾਪਤ ਜਾਣਕਾਰੀ ਅਨੁਸਾਰ ਮੰਗਲਵਾਰ ਨੂੰ ਰਾਏਕੋਟ ਨਗਰ ਕੌਂਸਲ ਵੱਲੋਂ ਤਲਵੰਡੀ ਗੇਟ ਦੀ ਛੱਤ ਦਾ ਲੈਂਟਰ ਪਾਇਆ ਜਾ ਰਿਹਾ ਸੀ। ਵਿਰੋਧ ਹੋਣ ਤੇ ਨਗਰ ਕੌਂਸਲ ਦੇ ਪ੍ਰਧਾਨ ਸੁਦਰਸ਼ਨ ਜੋਸ਼ੀ ਪੁੱਜੇ। ਉਹਨਾਂ ਨਿਰਮਾਣ ਦੇ ਵਿਰੋਧ ਨੂੰ ਗਲਤ ਕਰਾਰ ਦਿੰਦਿਆਂ ਕਿਹਾ ਕਿ ਨਗਰ ਕੌਂਸਲ ਦੇ ਫਿਲਹਾਲ ਉਸ ਤਰ੍ਹਾਂ ਦੇ ਮਾਲੀ ਹਾਲਾਤ ਨਹੀਂ ਹੈ ਕਿ ਇਸ ਨੂੰ ਪੁਰਾਤਨ ਸਮੇਂ ਵਾਂਗ ਤਿਆਰ ਕੀਤਾ ਜਾਵੇ। ਗੇਟ ਦੀ ਖਸਤਾ ਹਾਲਤ ਦੇ ਕਾਰਨ ਹਾਦਸਿਆਂ ਨੂੰ ਰੋਕਣ ਲਈ ਇਸ ਦਾ ਨਿਰਮਾਣ ਕਰਵਾਇਆ ਜਾ ਰਿਹਾ ਹੈ। ਇਸ ਮੁੱਦੇ ਤੇ ਮੌਜੂਦਾ ਤੇ ਸਾਬਕਾ ਪ੍ਰਧਾਨ ਦੋਵਾਂ ਵਿੱਚ ਹੀ ਤਿੱਖੀ ਬਹਿਸ ਵੀ ਹੋਈ। ਉੱਥੇ ਸਥਾਨਕ ਲੋਕਾਂ ਵਿੱਚ ਇਹ ਵੀ ਗੁੱਸਾ ਸੀ ਕਿ ਜੇ ਨਗਰ ਕੌਂਸਲ ਪਹਿਲਾਂ ਹੀ ਇਸ ਪੁਰਾਤਨ ਗੇਟ ਦੀ ਸਾਰ ਲੈ ਲੈਂਦੀ ਤਾਂ ਅੱਜ ਇੰਨੀ ਖਸਤਾ ਹਾਲਤ ਨਹੀਂ ਹੋਣੀ ਸੀ। ਗੇਟ ਦੇ ਨਿਰਮਾਣ ਨੂੰ ਲੈ ਕੇ ਦੇਰ ਸ਼ਾਮ ਤੱਕ ਮਾਹੌਲ ਤਨਾਅ ਪੂਰਨ ਬਣਿਆ ਰਿਹਾ। ਇਸ ਦੌਰਾਨ ਲੋਕਾਂ ਦਾ ਇਹ ਵੀ ਕਹਿਣਾ ਸੀ ਕਿ ਨਗਰ ਕੌਂਸਲ ਨੂੰ ਇਸ ਤਰ੍ਹਾਂ ਸਦੀਆਂ ਪੁਰਾਣੇ ਇਸ ਪੁਰਾਂਤਨ ਇਤਿਹਾਸਿਕ ਗੇਟ ਦੀ ਸ਼ਾਨ ਰੋਂਦਨ ਨਹੀਂ ਦਿੱਤੀ ਜਾਵੇਗੀ। ਨਗਰ ਕੌਂਸਲ ਕੋਲ ਪੈਸਾ ਨਹੀਂ ਤਾਂ ਲੋਗ ਆਪਣੇ ਦਮ ਤੇ ਇਸ ਇਤਿਹਾਸਕ ਗੇਟ ਨੂੰ ਪਹਿਲਾਂ ਵਾਂਗ ਹੀ ਤਿਆਰ ਕਰਵਾਉਣਗੇ।
ਖਬਰ ਦੀ ਡੱਬੀ
ਤਲਵੰਡੀ ਗੇਟ ਦਾ ਇਤਿਹਾਸ
ਰਾਏਕੋਟ ਸ਼ਹਿਰ ਦਾ ਤਲਵੰਡੀ ਗੇਟ ਇਤਿਹਾਸਿਕ ਹੈ। ਪ੍ਰਾਪਤ ਜਾਣਕਾਰੀ ਅਨੁਸਾਰ 1648 ਵਿੱਚ ਪਾਕਿਸਤਾਨ ਦੇ ਮੰਤਰੀ ਰਹੇ ਰਾਏ ਅਜ਼ੀਜ਼ ਉਲਾ ਖਾਨ ਦੇ ਪੁਰਖਿਆਂ ਵੱਲੋਂ ਰਾਏਕੋਟ ਨੂੰ ਵਸਾਉਣ ਮੌਕੇ ਇਸ ਗੇਟ ਦਾ ਨਿਰਮਾਣ ਕਰਵਾਇਆ ਗਿਆ ਸੀ। ਇਹੀ ਨਹੀਂ ਉਸ ਸਮੇਂ ਦੇ ਇਸ ਸ਼ਹਿਰ ਵਿੱਚ ਚਾਰ ਦਰਵਾਜ਼ੇ ਹਨ। ਇਸ ਗੇਟ ਨੂੰ ਤਲਵੰਡੀ ਗੇਟ ਦੇ ਨਾਮ ਨਾਲ ਜਾਣਿਆ ਜਾਂਦਾ ਸੀ। ਦਹਾਕਿਆਂ ਤੋਂ ਇਸ ਦੀ ਬਣਦੀ ਸਾਰ ਨਾ ਲੈਣ ਇਸ ਦੀ ਹਾਲਤ ਬੇਹੱਦ ਖਸਤਾ ਹੋ ਗਈ।