ਕਾਂਗਰਸੀ ਉਮੀਦਵਾਰ ਗੋਲਡੀ ਰੰਧਾਵਾ ਨੇ ਧਰਨਾ ਲਗਾਉਣ ਦੀ ਦਿੱਤੀ ਚਿਤਾਵਨੀ
ਕਾਂਗਰਸੀ ਉਮੀਦਵਾਰ ਗੋਲਡੀ ਰੰਧਾਵਾ ਨੇ ਧਰਨਾ ਲਗਾਉਣ ਦੀ ਦਿੱਤੀ ਚਿਤਾਵਨੀ
Publish Date: Fri, 05 Dec 2025 06:05 PM (IST)
Updated Date: Fri, 05 Dec 2025 06:06 PM (IST)

ਬਲਾਕ ਸੰਮਤੀ ਤੇ ਜਿਲ੍ਹਾ ਪ੍ਰੀਸ਼ਦ ਚੋਣਾਂ ਚ ਭੱਖਦਾ ਜਾ ਰਿਹੈ ਰੌਣੀ ਬੱਸ ਸੇਵਾ ਦਾ ਮੁੱਦਾ ਇਕ ਮਹੀਨੇ ਤੋਂ ਰੌਣੀ ਵਿਖੇ ਬੱਸ ਸਰਵਿਸ ਬੰਦ ਹੋਣ ਕਾਰਨ ਸਵਾਰੀਆਂ ਹੋ ਰਹੀਆਂ ਖੱਜਲ ਖੁਆਰ ਬਜ਼ੁਰਗ ਵੀ 2-3 ਕਿਲੋਮੀਟਰ ਪੈਦਲ ਤੁਰਨ ਲਈ ਮਜਬੂਰ ਹਰਪ੍ਰੀਤ ਸਿੰਘ ਮਾਂਹਪੁਰ, ਪੰਜਾਬੀ ਜਾਗਰਣ ਜੌੜੇਪੁਲ ਜਰਗ : ਇਲਾਕੇ ਦੇ ਨਾਮਵਰ ਪਿੰਡ ਰੌਣੀ ਵਿਖੇ ਪਿਛਲੇ ਇਕ ਮਹੀਨੇ ਤੋਂ ਬੱਸ ਸੇਵਾ ਬੰਦ ਹੋਣ ਕਾਰਨ ਰੋਜ਼ਾਨਾ ਸਵਾਰੀਆਂ ਨੂੰ ਭਾਰੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ। ਇਸ ਸਬੰਧੀ ਪਿਛਲੇ ਮਹੀਨੇ ਪਿੰਡ ਦੇ ਪਤਵੰਤਿਆਂ ਵੱਲੋ ਐੱਸਡੀਐੱਮ ਪਾਇਲ ਪ੍ਰਦੀਪ ਸਿੰਘ ਬੈਂਸ ਨੂੰ ਇਕ ਮੰਗ ਪੱਤਰ ਵੀ ਸੌਂਪਿਆ ਗਿਆ ਸੀ ਤੇ ਐੱਸਡੀਐੱਮ ਬੈਂਸ ਨੇ ਵੀ ਜਲਦੀ ਹੀ ਮਸਲਾ ਹੱਲ ਕਰਨ ਦਾ ਵਿਸ਼ਵਾਸ ਵੀ ਦੁਆਇਆ ਸੀ। ਇਸਤੋਂ ਇਲਾਵਾ ਪਿਛਲੇ ਹਫਤੇ ਪਿੰਡ ਦੇ ਕੁਝ ਪਤਵੰਤਿਆਂ ਵੱਲੋਂ ਰੌਣੀ ਵਿਖੇ ਬੱਸ ਸੇਵਾ ਸ਼ੁਰੂ ਕਰਵਾਉਣ ਲਈ ਹਲਕਾ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਦਾ ਧੰਨਵਾਦ ਕਰਨ ਦੀਆਂ ਪੋਸਟਾਂ ਵੀ ਪਾਈਆਂ ਗਈਆਂ ਸਨ, ਪਰ ਇਕ ਦਿਨ ਬੱਸ ਸਰਵਿਸ ਚੱਲਕੇ ਮੁੜ ਬੰਦ ਹੋ ਗਈ, ਜਿਸ ਕਾਰਨ ਕੁਝ ਲੋਕ ਇਨ੍ਹਾਂ ਪੋਸਟਾਂ ਦਾ ਮਜ਼ਾਕ ਵੀ ਬਣਾਉਂਦੇ ਰਹੇ। ਪਿਛਲੇ ਮਹੀਨੇ 6 ਨਵੰਬਰ ਤੋਂ ਬੰਦ ਬੱਸ ਸੇਵਾ ਨੂੰ ਅੱਜ ਇੱਕ ਮਹੀਨਾ ਬੀਤ ਜਾਣ ਦੇ ਬਾਵਜੂਦ ਅਜੇ ਤੱਕ ਬੱਸ ਸੇਵਾ ਸ਼ੁਰੂ ਨਹੀਂ ਹੋ ਸਕੀ, ਜਿਸ ਕਾਰਨ ਇਕ ਮਹੀਨੇ ਤੋਂ ਪਿੰਡ ਰੌਣੀ ਤੋਂ ਖੰਨਾ -ਮਾਲੇਰਕੋਟਲਾ ਜਾਣ ਅਤੇ ਆਉਣ ਵਾਲੀਆਂ ਸਵਾਰੀਆਂ 2-3 ਕਿਲੋਮੀਟਰ ਪੈਦਲ ਤੁਰਨ ਲਈ ਮਜਬੂਰ ਹਨ। ਪਿੰਡ ਰੌਣੀ ਤੋਂ ਖੰਨਾ, ਮਾਲੇਰਕੋਟਲਾ ਜਾ ਹੋਰ ਦੂਰ ਦੁਰਾਡੇ ਜਾਣ ਵਾਲੇ ਮੁਲਾਜ਼ਮ, ਵਿਦਿਆਰਥੀ, ਆਮ ਲੋਕ ਅਤੇ ਖਾਸਕਰ ਬਜ਼ੁਰਗ ਮਰਦ ਔਰਤਾਂ ਅਤੇ ਲੜਕੀਆਂ 2-3 ਕਿਲੋਮੀਟਰ ਪੈਦਲ ਤੁਰਕੇ ਜਾ ਆਪੋ ਆਪਣੇ ਸਾਧਨਾ ਰਾਹੀਂ ਗੁਰਦੁਆਰਾ ਯਾਦਗਾਰ ਸਾਹਿਬ ਜਰਗ ਵਾਲੇ ਟੀ ਪੁਆਇੰਟ ਜਾਂ ਜੌੜੇਪੁਲ ਮੁੱਲਾਂਪੁਰ ਵਾਈ ਪੁਆਇੰਟ ਤੋਂ ਜਾਕੇ ਬੱਸ ਲੈ ਰਹੀਆਂ ਹਨ ਅਤੇ ਪਿੰਡ ਰੌਣੀ ਵਿਖੇ ਜਾਣ ਵਾਲੀਆਂ ਸਵਾਰੀਆਂ ਵੀ ਉਕਤ ਬੱਸ ਅੱਡਿਆਂ ਤੋਂ ਉਤਰਕੇ ਪੈਦਲ ਜਾ ਕਿਸੇ ਸਾਧਨ ਰਾਹੀਂ ਪਿੰਡ ਰੌਣੀ ਨੂੰ ਜਾਣ ਲਈ ਮਜਬੂਰ ਹਨ। ਇਹ ਮੁੱਦਾ ਹੁਣ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਵਿਚ ਵੀ ਮੁੱਖ ਮੁੱਦਾ ਬਣਕੇ ਗੂੰਜਣ ਲੱਗਾ ਹੈ ਅਤੇ ਪਿੰਡ ਰੌਣੀ ਵਾਸੀ ਹਰ ਉਮੀਦਵਾਰ ਅੱਗੇ ਬੱਸ ਸੇਵਾ ਸ਼ੁਰੂ ਕਰਵਾਉਣ ਦਾ ਮੁੱਦਾ ਉਠਾਉਣ ਲੱਗੇ ਹਨ। ਇਸ ਸਬੰਧੀ ਬਲਾਕ ਸੰਮਤੀ ਜ਼ੋਨ ਰੌਣੀ ਤੋਂ ਕਾਂਗਰਸ ਦੇ ਉਮੀਦਵਾਰ ਸਾਬਕਾ ਸਰਪੰਚ ਰੁਪਿੰਦਰ ਸਿੰਘ ਗੋਲਡੀ ਭਰਥਲਾ ਰੰਧਾਵਾ ਨੇ ਸੂਬਾ ਸਰਕਾਰ ਤੇ ਸਬੰਧਿਤ ਮਹਿਕਮੇ ਤੋਂ ਪੁਰਜ਼ੋਰ ਮੰਗ ਕੀਤੀ ਕਿ ਪਿੰਡ ਵਾਸੀਆ ਦੀ ਵੱਡੀ ਸਮੱਸਿਆ ਨੂੰ ਦੇਖਦੇ ਹੋਏ ਬਿਨਾਂ ਕਿਸੇ ਦੇਰੀ ਦੇ ਤੁਰੰਤ ਬੱਸ ਸੇਵਾ ਸ਼ੁਰੂ ਕੀਤੀ ਜਾਵੇ ਅਤੇ ਨਾਲ ਹੀ ਬੱਸਾਂ ਵਾਲਿਆਂ ਅਤੇ ਪਿੰਡ ਵਾਸੀਆਂ ਦੀ ਸਮੱਸਿਆ ਨੂੰ ਦੇਖਦੇ ਹੋਏ ਬਿਨਾਂ ਕਿਸੇ ਦੇਰੀ ਦੇ ਤੁਰੰਤ ਪਿੰਡ ਰੌਣੀ ਵਿਖੇ ਆਉਣ ਵਾਲੀਆਂ ਸਾਰੀਆਂ ਸੜਕਾਂ ਦਾ ਨਵੀਨੀਕਰਨ ਕੀਤਾ ਜਾਵੇ। ਗੋਲਡੀ ਰੰਧਾਵਾ ਨੇ ਚਿਤਾਵਨੀ ਦਿੰਦਿਆ ਕਿਹਾ ਕਿ ਅਗਰ ਜਲਦ ਤੋਂ ਜਲਦ ਪਿੰਡ ਰੌਣੀ ਵਿਖੇ ਬੱਸ ਸੇਵਾ ਸ਼ੁਰੂ ਨਾ ਕੀਤੀ ਗਈ ਤੇ ਸੜਕਾਂ ਦੇ ਕਾਰਜ ਨਾ ਅਰੰਭੇ ਗਏ ਤਾਂ ਕਾਂਗਰਸ ਪਾਰਟੀ ਇਸ ਸਬੰਧੀ ਇਕ ਵੱਡਾ ਰੋਸ ਧਰਨਾ ਲਗਾਵੇਗੀ। ਜ਼ਿਕਰਯੋਗ ਹੈ ਕਿ ਪਿੰਡ ਰੌਣੀ ਵਾਸੀਆਂ ਦਾ ਬੱਸ ਸੇਵਾ ਬੰਦ ਹੋਣ ਕਾਰਨ ਦਿਨੋ ਦਿਨ ਗ਼ੁੱਸਾ ਵਧਦਾ ਜਾ ਰਿਹਾ ਅਤੇ ਇਸਦਾ ਖਮਿਆਜਾ ਸੱਤਾਧਾਰੀ ਧਿਰ ਨੂੰ ਇਨ੍ਹਾਂ ਚੋਣਾਂ ਵਿਚ ਭੁਗਤਣਾ ਪੈ ਸਕਦਾ ਹੈ।