ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹ ਮਾਮਲੇ ਦੀ ਜਾਂਚ ਕਰ ਰਹੇ ਹਨ ਅਤੇ ਜਾਂਚ ਤੋਂ ਬਾਅਦ ਅਗਲੀ ਕਾਰਵਾਈ ਕਰਨਗੇ। ਗੋਲੀਬਾਰੀ ਵਿੱਚ ਚਾਰ ਲੋਕਾਂ ਦੇ ਜ਼ਖਮੀ ਹੋਣ ਦੀ ਖ਼ਬਰ ਹੈ।

ਸੁਸ਼ੀਲ ਕੁਮਾਰ ਸ਼ਸ਼ੀ,ਪੰਜਾਬੀ ਜਾਗਰਣ ਲੁਧਿਆਣਾ : ਲੁਧਿਆਣਾ ਵਿੱਚ ਮੰਗਲਵਾਰ ਤੜਕੇ ਇੱਕ ਵੱਡੀ ਅਤੇ ਖੂਨੀ ਝੜਪ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੇ ਸ਼ਹਿਰ ਦੀ ਕਾਨੂੰਨ-ਵਿਵਸਥਾ ‘ਤੇ ਸਵਾਲ ਖੜੇ ਕਰ ਦਿੱਤੇ ਹਨ। ਸਿਵਲ ਹਸਪਤਾਲ ਦੇ ਬਾਹਰ ਦੋ ਧਿਰਾਂ ਵਿਚਾਲੇ ਹੋਈ ਹਿੰਸਕ ਝੜਪ ਦੌਰਾਨ ਗੋਲੀਆਂ ਚੱਲੀਆਂ ਅਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ ਗਿਆ। ਇਸ ਹਮਲੇ ਵਿੱਚ ਧਰਮਿੰਦਰ ਨਾਮਕ ਇਕ ਨੌਜਵਾਨ ਦੇ ਪੈਰ ਵਿੱਚ ਗੋਲੀ ਲੱਗੀ, ਜਿਸ ਕਾਰਨ ਉਹ ਗੰਭੀਰ ਜ਼ਖਮੀ ਹੋ ਗਿਆ। ਉਸਦੀ ਨਾਜ਼ੁਕ ਹਾਲਤ ਨੂੰ ਦੇਖਦੇ ਹੋਏ ਡਾਕਟਰਾਂ ਨੇ ਉਸਨੂੰ ਦਯਾਨੰਦ ਮੈਡੀਕਲ ਕਾਲਜ ਅਤੇ ਹਸਪਤਾਲ (ਡੀਐਮਸੀ) ਰੈਫਰ ਕਰ ਦਿੱਤਾ।
ਪੁਲਿਸ ਜਾਂਚ ਅਨੁਸਾਰ, ਇਸ ਪੂਰੀ ਘਟਨਾ ਦੀ ਸ਼ੁਰੂਆਤ ਕੋਚਰ ਮਾਰਕੀਟ ਦੇ ਨੇੜੇ ਹੋਈ, ਜਿੱਥੇ ਜਵਾਹਰ ਨਗਰ ਕੈਂਪ ਦੇ ਕੋਲ ਕੁਝ ਲੋਕ ਧਾਰਮਿਕ ਯਾਤਰਾ ਲਈ ਬੱਸਾਂ ਦੀ ਤਿਆਰੀ ਕਰ ਰਹੇ ਸਨ। ਇਸ ਦੌਰਾਨ ਦੂਜੇ ਪੱਖ ਦੇ ਕੁਝ ਨੌਜਵਾਨਾਂ ਨਾਲ ਮਾਮੂਲੀ ਤਕਰਾਰ ਹੋ ਗਈ। ਵੇਖਦੇ ਹੀ ਵੇਖਦੇ ਇਹ ਛੋਟਾ ਵਿਵਾਦ ਭਿਆਨਕ ਰੂਪ ਧਾਰਨ ਕਰ ਗਿਆ ਅਤੇ ਦੋਵੇਂ ਪੱਖਾਂ ਵਿਚਾਲੇ ਤਣਾਅ ਵਧ ਗਿਆ।
ਘਟਨਾ ਦੇ ਬਾਅਦ ਜਦੋਂ ਇਕ ਪੱਖ ਇਲਾਜ ਲਈ ਸਿਵਲ ਹਸਪਤਾਲ ਵੱਲ ਰੁਖ ਕਰ ਰਿਹਾ ਸੀ, ਤਾਂ ਦੂਜੇ ਪੱਖ ਦੇ ਹਮਲਾਵਰਾਂ ਨੇ ਉਨ੍ਹਾਂ ਦਾ ਪਿੱਛਾ ਕੀਤਾ। ਹਸਪਤਾਲ ਦੇ ਨੇੜੇ ਪਹੁੰਚਦੇ ਹੀ ਹਮਲਾਵਰਾਂ ਨੇ ਉਨ੍ਹਾਂ ਨੂੰ ਘੇਰ ਲਿਆ ਅਤੇ ਸ਼ਰੇਆਮ ਤਿੰਨ ਰਾਊਂਡ ਫਾਇਰਿੰਗ ਕਰ ਦਿੱਤੀ। ਇਸ ਦੌਰਾਨ ਇਕ ਗੋਲੀ ਸਿੱਧੀ ਧਰਮਿੰਦਰ ਦੇ ਪੈਰ ਵਿੱਚ ਲੱਗੀ, ਜਿਸ ਨਾਲ ਉਹ ਥਾਂ ‘ਤੇ ਹੀ ਡਿੱਗ ਪਿਆ।
ਇਸ ਪੂਰੀ ਵਾਰਦਾਤ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ, ਜੋ ਪੁਲਿਸ ਦੇ ਹੱਥ ਲੱਗ ਚੁੱਕੀ ਹੈ।
ਵੀਡੀਓ ਵਿੱਚ ਸਪੱਸ਼ਟ ਦਿਖਾਈ ਦੇ ਰਿਹਾ ਹੈ ਕਿ ਦੋ ਤੋਂ ਤਿੰਨ ਨੌਜਵਾਨ ਇਕ ਵਿਅਕਤੀ ਨੂੰ ਘੇਰ ਕੇ ਉਸ ‘ਤੇ ਤੇਜ਼ਧਾਰ ਹਥਿਆਰਾਂ ਨਾਲ ਲਗਾਤਾਰ ਹਮਲੇ ਕਰ ਰਹੇ ਹਨ। ਨਾਲ ਹੀ ਗੋਲੀ ਚੱਲਣ ਦੀਆਂ ਆਵਾਜ਼ਾਂ ਵੀ ਸੁਣਾਈ ਦੇ ਰਹੀਆਂ ਹਨ। ਹਾਲਾਂਕਿ ਫਾਇਰਿੰਗ ਕਰਨ ਵਾਲੇ ਮੁਲਜਮਾਂ ਦੇ ਚਿਹਰੇ ਸਾਫ਼ ਨਹੀਂ ਦਿਖ ਰਹੇ, ਜਿਸ ਕਰਕੇ ਉਨ੍ਹਾਂ ਦੀ ਪਛਾਣ ਲਈ ਪੁਲਿਸ ਨੇ ਇਲਾਕੇ ਦੇ ਹੋਰ ਸੀਸੀਟੀਵੀ ਕੈਮਰੇ ਵੀ ਖੰਗਾਲਣੇ ਸ਼ੁਰੂ ਕਰ ਦਿੱਤੇ ਹਨ।
ਪੁਲਿਸ ਅਧਿਕਾਰੀਆਂ ਦੇ ਮੁਤਾਬਕ, ਇਹ ਮਾਮਲਾ ਪੁਰਾਣੀ ਰੰਜਿਸ਼ ਅਤੇ ਅਚਾਨਕ ਵਧੇ ਵਿਵਾਦ ਦਾ ਨਤੀਜਾ ਲੱਗਦਾ ਹੈ। ਫਿਲਹਾਲ ਜ਼ਖਮੀਆਂ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ ਅਤੇ ਮੁਲਜਮਾਂ ਦੀ ਗ੍ਰਿਫਤਾਰੀ ਲਈ ਵੱਖ-ਵੱਖ ਟੀਮਾਂ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ।
ਇਸ ਘਟਨਾ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਸ਼ਹਿਰ ਵਿੱਚ ਗੈਂਗ ਵਾਰ ਅਤੇ ਨਿੱਜੀ ਰੰਜਿਸ਼ਾਂ ਦੇ ਮਾਮਲੇ ਹਾਲੇ ਵੀ ਗੰਭੀਰ ਚੁਣੌਤੀ ਬਣੇ ਹੋਏ ਹਨ। ਲੋਕਾਂ ਵਿੱਚ ਡਰ ਦਾ ਮਾਹੌਲ ਬਣ ਗਿਆ ਹੈ, ਜਦਕਿ ਪੁਲਿਸ ਵੱਲੋਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਜਲਦੀ ਹੀ ਮੁਲਜਮਾਂ ਨੂੰ ਕਾਬੂ ਕਰ ਲਿਆ ਜਾਵੇਗਾ।