ਦਿਓਰ ਨਾਲ ਮੁਲਾਕਾਤ ਕਰਨ ਆਈ ਔਰਤ ਤੋਂ ਚਿੱਟਾ ਬਰਾਮਦ
ਦਿਓਰ ਨਾਲ ਮੁਲਾਕਾਤ ਕਰਨ ਆਈ ਔਰਤ ਦੇ ਕਬਜ਼ੇ ਚੋਂ ਚਿੱਟਾ ਬਰਾਮਦ
Publish Date: Tue, 13 Jan 2026 09:02 PM (IST)
Updated Date: Wed, 14 Jan 2026 04:13 AM (IST)

ਲਿਫਾਫੇ ’ਚ ਰੱਖ ਕੇ ਲਪੇਟੀ ਸੀ ਕਾਲੀ ਟੇਪ ਔਰਤ ਖਿਲਾਫ ਐੱਨਡੀਪੀਐੱਸ ਐਕਟ ਤਹਿਤ ਮੁਕੱਦਮਾ ਦਰਜ ਕ੍ਰਾਈਮ ਰਿਪੋਰਟਰ, ਪੰਜਾਬੀ ਜਾਗਰਣ, ਲੁਧਿਆਣਾ ਕਤਲ ਦੇ ਮਾਮਲੇ ’ਚ ਲੁਧਿਆਣਾ ਕੇਂਦਰੀ ਜੇਲ ’ਚ ਬੰਦ ਦਿਓਰ ਨਾਲ ਮੁਲਾਕਾਤ ਕਰਨ ਆਈ ਔਰਤ ਦੇ ਕਬਜ਼ੇ ’ਚੋਂ ਚਿੱਟਾ ਬਰਾਮਦ ਕੀਤਾ ਗਿਆ। ਜਾਂਚ ਅਧਿਕਾਰੀ ਦਿਨੇਸ਼ ਕੁਮਾਰ ਨੇ ਦੱਸਿਆ ਕਿ ਔਰਤ ਨੇ ਹੈਰੋਇਨ ਇੱਕ ਲਿਫਾਫੇ ’ਚ ਲਪੇਟ ਕੇ ਉਸ ਉੱਪਰ ਕਾਲੀ ਟੇਪ ਲਪੇਟੀ ਹੋਈ ਸੀ। ਵਜ਼ਨ ਕਰਨ ’ਤੇ ਪਤਾ ਲੱਗਾ ਕਿ ਇਸ ਦਾ ਕੁੱਲ ਵਜ਼ਨ 20.20 ਗ੍ਰਾਮ ਸੀ। ਇਸ ਮਾਮਲੇ ’ਚ ਥਾਣਾ ਡਵੀਜ਼ਨ ਨੰਬਰ 7 ਦੀ ਪੁਲਿਸ ਨੇ ਸਹਾਇਕ ਸੁਪਰੀਡੈਂਟ ਵਿਜੇ ਕੁਮਾਰ ਦੀ ਸ਼ਿਕਾਇਤ ’ਤੇ ਗਿੱਲ ਕਾਲੋਨੀ ਦੀ ਰਹਿਣ ਵਾਲੀ ਮਨਦੀਪ ਕੌਰ ਖਿਲਾਫ ਐੱਨਡੀਪੀਐੱਸ ਐਕਟ ਦੀਆਂ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰ ਕੇ ਉਸਨੂੰ ਗ੍ਰਿਫਤਾਰ ਕਰ ਲਿਆ ਹੈ। ਜਾਣਕਾਰੀ ਦਿੰਦਿਆਂ ਤਫਤੀਸ਼ੀ ਅਫਸਰ ਦਿਨੇਸ਼ ਕੁਮਾਰ ਨੇ ਦੱਸਿਆ ਕਿ ਪਿਛਲੇ ਕੁੱਝ ਸਮੇਂ ਤੋਂ ਮਨਜੀਤ ਸਿੰਘ ਨਾਂ ਦਾ ਵਿਅਕਤੀ ਕਤਲ ਦੇ ਮਾਮਲੇ ’ਚ ਲੁਧਿਆਣਾ ਕੇਂਦਰੀ ਜੇਲ੍ਹ ’ਚ ਬੰਦ ਹੈ। ਮਨਜੀਤ ਦੀ ਭਰਜਾਈ ਗਿੱਲ ਕਾਲੋਨੀ ਦੀ ਰਹਿਣ ਵਾਲੀ ਮਨਦੀਪ ਕੌਰ ਉਸ ਨਾਲ ਮੁਲਾਕਾਤ ਕਰਨ ਲਈ ਜੇਲ੍ਹ ’ਚ ਆਈ ਸੀ, ਜਿਵੇਂ ਹੀ ਚੈਕਿੰਗ ਕੀਤੀ ਗਈ, ਇੱਕ ਕਾਲਾ ਲਿਫਾਫਾ ਬਰਾਮਦ ਕੀਤਾ ਗਿਆ, ਜਦ ਜਾਂਚ ਕੀਤੀ ਗਈ ਤਾਂ ਸਾਹਮਣੇ ਆਇਆ ਕਿ ਔਰਤ ਨੇ ਲਿਫਾਫੇ ਦੀਆਂ 3 ਬੱਤੀਆਂ ਬਣਾਈਆਂ ਹੋਈਆਂ ਸਨ। ਜਾਂਚ ਕਰਨ ’ਤੇ ਸਾਹਮਣੇ ਆਇਆ ਕਿ ਉੱਪਰਲੇ ਪਾਸੇ ਕਾਲੀ ਟੇਪ ਲੱਗੀ ਹੋਈ ਸੀ ਤੇ ਹੇਠ ਵਾਲੀਆਂ 2 ਬੱਤੀਆਂ ’ਚ ਲਿਫਾਫੇ ਦੀ ਪਰਤ ’ਚ ਚਿੱਟਾ (ਹੈਰੋਇਨ) ਰੱਖੀ ਹੋਈ ਸੀ। ਲਿਫਾਫੇ ਦਾ ਕੁੱਲ ਵਜਨ 20.20 ਗ੍ਰਾਮ ਬਣਦਾ ਹੈ। ਦਿਨੇਸ਼ ਕੁਮਾਰ ਨੇ ਦੱਸਿਆ ਕਿ ਇਸ ਮਾਮਲੇ ’ਚ ਪੁਲਿਸ ਨੇ ਐੱਨਡੀਪੀਐੱਸ ਐਕਟ ਦੀਆਂ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰ ਕੇ ਔਰਤ ਨੂੰ ਗ੍ਰਿਫ਼ਤਾਰ ਕਰ ਲਿਆ ਹੈ।