ਪੁਲਿਸ ਮੁਤਾਬਕ ਮੁਲਜ਼ਮਾਂ ਨੇ ਜਿਵੇਂ ਹੀ ਨੌਜਵਾਨ ਦੀ ਜੇਬ ਚੋਂ ਪੈਸੇ ਕੱਢਣ ਦੀ ਕੋਸ਼ਿਸ਼ ਕੀਤੀ ਤਾਂ ਉਸਨੇ ਜ਼ਬਰਦਸਤ ਤਰੀਕੇ ਨਾਲ ਵਿਰੋਧ ਕੀਤਾ। ਬੁਰੀ ਤਰ੍ਹਾਂ ਭੜਕੇ ਮੁਲਜ਼ਮਾਂ ਨੇ ਮਿਲ ਕੇ ਉਸ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਅਤੇ ਪੱਥਰਾਂ ਨਾਲ ਉਸ ਦੇ ਚਿਹਰੇ ਅਤੇ ਸਿਰ ‘ਤੇ ਕਈ ਵਾਰ ਕੀਤੇ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਦੋਵੇਂ ਮੁਲਜ਼ਮ ਨੌਜਵਾਨ ਨੂੰ ਗੰਭੀਰ ਹਾਲਤ ਵਿੱਚ ਉਥੇ ਹੀ ਛੱਡ ਕੇ ਫਰਾਰ ਹੋ ਗਏ। ਕੁਝ ਸਮੇਂ ਬਾਅਦ ਨੌਜਵਾਨ ਦੀ ਮੌਤ ਹੋ ਗਈ।

ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ, ਲੁਧਿਆਣਾ । ਲੁਧਿਆਣਾ ਦੇ ਸ਼ੇਰਪੁਰ ਚੌਂਕ ਇਲਾਕੇ ਵਿੱਚ ਇੱਕ ਦਿਲ ਦਹਿਲਾ ਦੇਣ ਵਾਲੀ ਵਾਰਦਾਤ ਸਾਹਮਣੇ ਆਈ ਹੈ, ਜਿੱਥੇ ਦੋ ਨੌਜਵਾਨਾਂ ਨੇ ਸ਼ਰਾਬ ਲਈ ਪੈਸੇ ਹਾਸਲ ਕਰਨ ਦੀ ਨੀਅਤ ਨਾਲ ਇਕ ਅਣਪਛਾਤੇ ਨੌਜਵਾਨ ਦੀ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ।
ਪੁਲਿਸ ਨੇ ਮਾਮਲੇ ਦੀ ਜਾਂਚ ਕਰਦੇ ਹੋਏ ਦੋਵੇਂ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਸਨਸਨੀ ਖੇਜ ਇਸ ਕਤਲ ਕਾਂਡ ਦਾ ਖੁਲਾਸਾ ਸੀਸੀ ਟੀਵੀ ਫੁਟੇਜ ਅਤੇ ਪੁੱਛਗਿੱਛ ਦੌਰਾਨ ਹੋਇਆ। ਇਸ ਹੱਤਿਆ ਤੋਂ ਬਾਅਦ ਪੂਰੇ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਹੈ।
ਜਾਣਕਾਰੀ ਮੁਤਾਬਕ ਬੀਤੇ ਦਿਨ ਸਵੇਰੇ ਪੁਲਿਸ ਨੂੰ ਸੂਚਨਾ ਮਿਲੀ ਕਿ ਐਨਸੀਪੀ ਟ੍ਰਾਂਸਪੋਰਟ ਦੇ ਨੇੜੇ ਖਾਲੀ ਪਲਾਟ ਵਿੱਚ ਇੱਕ ਅਣਪਛਾਤੇ ਵਿਅਕਤੀ ਦੀ ਲਾਸ਼ ਮਿਲੀ ਹੈ। ਸੂਚਨਾ ਮਿਲਦੇ ਹੀ ਥਾਣਾ ਡਿਵੀਜ਼ਨ ਨੰਬਰ 6 ਦੀ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਪੂਰੇ ਇਲਾਕੇ ਨੂੰ ਸੀਲ ਕਰਕੇ ਜਾਂਚ ਸ਼ੁਰੂ ਕਰ ਦਿੱਤੀ।
ਜਦੋਂ ਪੁਲਿਸ ਨੇ ਲਾਸ਼ ਦੀ ਜਾਂਚ ਕੀਤੀ ਤਾਂ ਸਾਹਮਣੇ ਆਇਆ ਕਿ ਮ੍ਰਿਤਕ ਦੇ ਚਿਹਰੇ ਅਤੇ ਸਿਰ ‘ਤੇ ਪੱਥਰਾਂ ਨਾਲ ਬੇਹਦ ਬੇਰਹਿਮੀ ਨਾਲ ਵਾਰ ਕੀਤੇ ਗਏ ਸਨ। ਚਿਹਰਾ ਇੰਨਾ ਜ਼ਿਆਦਾ ਖਰਾਬ ਕੀਤਾ ਗਿਆ ਸੀ ਕਿ ਪੁਲਿਸ ਲਈ ਉਸ ਦੀ ਪਛਾਣ ਕਰਨਾ ਵੀ ਮੁਸ਼ਕਲ ਹੋ ਗਿਆ। ਇਸ ਤੋਂ ਬਾਅਦ ਪੁਲਿਸ ਨੇ ਆਲੇ ਦੁਆਲੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ।
ਫੁਟੇਜ ਵਿੱਚ ਰਾਤ ਦੇ ਸਮੇਂ ਦੋ ਵਿਅਕਤੀ ਇੱਕ ਨੌਜਵਾਨ ਨੂੰ ਮੋਢਿਆਂ ਤੋਂ ਘਸੀਟਦੇ ਹੋਏ ਦਿਖਾਈ ਦਿੱਤੇ। ਇਸੇ ਆਧਾਰ ‘ਤੇ ਪੁਲਿਸ ਨੂੰ ਸ਼ੱਕ ਹੋਇਆ ਕਿ ਇਹੀ ਦੋਵੇਂ ਵਿਅਕਤੀ ਇਸ ਕਤਲ ਵਿੱਚ ਸ਼ਾਮਲ ਹਨ। ਜਾਂਚ ਅੱਗੇ ਵਧਾਉਂਦੇ ਹੋਏ ਪੁਲਿਸ ਨੇ ਲੋਕਾਂ ਕੋਲੋਂ ਪੁੱਛਗਿੱਛ ਕੀਤੀ ਅਤੇ ਦੋਵਾਂ ਮੁਲਜ਼ਮਾਂ ਦੀ ਸ਼ਨਾਖਤ ਕਰ ਲਈ। ਕਾਰਵਾਈ ਕਰਦਿਆਂ ਪੁਲਿਸ ਨੇ ਛਾਪਾਮਾਰੀ ਕਰਕੇ ਮੁਲਜ਼ਮਾਂ ਨੂੰ ਉਹਨਾਂ ਦੇ ਘਰ ਤੋਂ ਹਿਰਾਸਤ ਵਿੱਚ ਲਿਆ।
ਪੁੱਛਗਿੱਛ ਦੇ ਦੌਰਾਨ ਹੋਏ ਹੈਰਾਨ ਕਰ ਦੇਣ ਵਾਲੇ ਖੁਲਾਸੇ
ਪੁਲਿਸ ਨੇ ਜਦ ਮੁਲਜ਼ਮਾਂ ਕੋਲੋਂ ਸਖਤੀ ਨਾਲ ਪੁੱਛਗਿੱਛ ਕੀਤੀ ਤਾਂ ਹੈਰਾਨ ਕਰ ਦੇਣ ਵਾਲੇ ਖੁਲਾਸੇ ਹੋਏ। ਉਨ੍ਹਾਂ ਨੇ ਦੱਸਿਆ ਕਿ ਉਹ ਸ਼ਰਾਬ ਪੀਣ ਦੇ ਆਦੀ ਹਨ ਤੇ ਉਸ ਰਾਤ ਵੀ ਉਹਨਾਂ ਨੂੰ ਸ਼ਰਾਬ ਦੀ ਲੱਤ ਤੰਗ ਕਰ ਰਹੀ ਸੀ। ਦੋਵੇਂ ਸ਼ੇਰਪੁਰ ਚੌਂਕ ਨੇੜੇ ਸ਼ਰਾਬ ਦੇ ਠੇਕੇ ਕੋਲ ਖੜ੍ਹੇ ਸਨ, ਜਿੱਥੇ ਉਨ੍ਹਾਂ ਦੀ ਨਜ਼ਰ ਇੱਕ ਨੌਜਵਾਨ ‘ਤੇ ਪਈ। ਮੁਲਜ਼ਮਾਂ ਨੇ ਨੌਜਵਾਨ ਨੂੰ ਗੱਲਾਂ ਵਿੱਚ ਲਗਾਇਆ ਤੇ ਫਿਰ ਉਸ ਨੂੰ ਆਪਣੇ ਨਾਲ ਇੱਕ ਖਾਲੀ ਪਲਾਟ ਵੱਲ ਲੈ ਗਏ।
ਪੁਲਿਸ ਮੁਤਾਬਕ ਮੁਲਜ਼ਮਾਂ ਨੇ ਜਿਵੇਂ ਹੀ ਨੌਜਵਾਨ ਦੀ ਜੇਬ ਚੋਂ ਪੈਸੇ ਕੱਢਣ ਦੀ ਕੋਸ਼ਿਸ਼ ਕੀਤੀ ਤਾਂ ਉਸਨੇ ਜ਼ਬਰਦਸਤ ਤਰੀਕੇ ਨਾਲ ਵਿਰੋਧ ਕੀਤਾ। ਬੁਰੀ ਤਰ੍ਹਾਂ ਭੜਕੇ ਮੁਲਜ਼ਮਾਂ ਨੇ ਮਿਲ ਕੇ ਉਸ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਅਤੇ ਪੱਥਰਾਂ ਨਾਲ ਉਸ ਦੇ ਚਿਹਰੇ ਅਤੇ ਸਿਰ ‘ਤੇ ਕਈ ਵਾਰ ਕੀਤੇ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਦੋਵੇਂ ਮੁਲਜ਼ਮ ਨੌਜਵਾਨ ਨੂੰ ਗੰਭੀਰ ਹਾਲਤ ਵਿੱਚ ਉਥੇ ਹੀ ਛੱਡ ਕੇ ਫਰਾਰ ਹੋ ਗਏ। ਕੁਝ ਸਮੇਂ ਬਾਅਦ ਨੌਜਵਾਨ ਦੀ ਮੌਤ ਹੋ ਗਈ।
ਪੁਲਿਸ ਨੇ ਇਸ ਮਾਮਲੇ ਵਿੱਚ ਉੱਤਰ ਪ੍ਰਦੇਸ਼ ਦੇ ਹਰਦੋਈ ਦੇ ਰਹਿਣ ਵਾਲੇ ਸੰਦੀਪ ਸ਼੍ਰੀਵਾਸਤਵ ਅਤੇ ਇਸ਼ਾਕ ਅਲੀ ਤੇ ਖਿਲਾਫ ਬੀਐਨਐਸ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਮੁਕਦਮਾ ਦਰਜ ਕਰਕੇ ਅਗਲੇਰੀ ਪੜਤਾਲ ਸ਼ੁਰੂ ਕਰ ਦਿੱਤੀ ਹੈ।