ਫਾਇਰਿੰਗ ਦੌਰਾਨ ਹੋਏ ਲੜਾਈ ਝਗੜੇ ਦੇ ਮਾਮਲੇ ’ਚ ਦੋਵਾਂ ਧਿਰਾਂ ਖਿਲਾਫ ਕੇਸ ਦਰਜ
ਫਾਇਰਿੰਗ ਦੇ ਦੌਰਾਨ ਹੋਏ ਲੜਾਈ ਝਗੜੇ ਦੇ ਮਾਮਲੇ ਵਿੱਚ ਦੋਵਾਂ ਧਿਰਾਂ ਦੇ ਖਿਲਾਫ ਕੇਸ ਦਰਜ
Publish Date: Fri, 28 Nov 2025 07:27 PM (IST)
Updated Date: Fri, 28 Nov 2025 07:29 PM (IST)

ਇੱਕ ਧਿਰ ਨੇ ਆਖਿਆ ਘਰ ਤੇ ਚਲਾਏ ਇੱਟਾਂ ਪੱਥਰ ਦੂਸਰੀ ਧਿਰ ਨੇ ਦੋਸ਼ ਲਗਾਇਆ ਚਲਾਈਆਂ ਗਈਆਂ ਗੋਲੀਆਂ ਗੋਲੀ ਚਲਾਉਣ ਦੇ ਮਾਮਲੇ ਵਿੱਚ ਪ੍ਰਾਪਰਟੀ ਕਾਰੋਬਾਰੀ ਨੂੰ ਕੀਤਾ ਗਿਆ ਨਾਮਜ਼ਦ ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ ਲੁਧਿਆਣਾ ਝਗੜੇ ਦੇ ਦੌਰਾਨ ਘਰ ਤੇ ਇੱਟਾਂ ਪੱਥਰ ਚਲਾਉਣ ਅਤੇ ਦੂਸਰੀ ਧਿਰ ਵੱਲੋਂ ਕੀਤੀ ਗਈ ਫਾਇਰਿੰਗ ਦੇ ਚੱਲਦਿਆਂ ਥਾਣਾ ਸਦਰ ਦੀ ਪੁਲਿਸ ਨੇ ਪ੍ਰਾਪਰਟੀ ਕਾਰੋਬਾਰੀ ਸਮੇਤ ਦੋਵਾਂ ਧਿਰਾਂ ਦੇ ਖਿਲਾਫ ਮੁਕੱਦਮਾ ਦਰਜ ਕਰ ਲਿਆ ਹੈ। ਜਾਣਕਾਰੀ ਦਿੰਦਿਆਂ ਚੌਂਕੀ ਮਰਾਡੋ ਦੇ ਇੰਚਾਰਜ ਕਪਿਲ ਸ਼ਰਮਾ ਨੇ ਦੱਸਿਆ ਕਿ ਪਹਿਲੇ ਮਾਮਲੇ ਵਿੱਚ ਕਾਰਵਾਈ ਮਨਦੀਪ ਸਿੰਘ ਉਰਫ ਜਿੰਦਲ ਦੀ ਸ਼ਿਕਾਇਤ ਤੇ ਮਨਦੀਪ ਬੱਸੀ, ਰੋਹਿਤ ਬੱਸੀ ਅਤੇ ਕਿਰਨ ਬਾਲਾ ਸਮੇਤ 10 ਅਣਪਛਾਤੇ ਵਿਅਕਤੀਆਂ ਦੇ ਖਿਲਾਫ ਕੀਤੀ ਗਈ। ਜਦਕਿ ਇਸੇ ਮਾਮਲੇ ਵਿੱਚ ਕਰਾਸ ਕਾਰਵਾਈ ਕਰਦਿਆਂ ਪੁਲਿਸ ਨੇ ਫਾਇਰਿੰਗ ਕਰਨ ਦੇ ਮਾਮਲੇ ਵਿੱਚ ਵਿੱਕੀ ਜਿੰਦਲ ਨੂੰ ਵੀ ਨਾਮਜ਼ਦ ਕੀਤਾ ਹੈ। ਕਪਿਲ ਸ਼ਰਮਾ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਜਲਦੀ ਹੀ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਜਾਵੇਗਾ। ਇੰਜ ਵਾਪਰੀ ਸੀ ਸਾਰੀ ਘਟਨਾ ਥਾਣਾ ਸਦਰ ਦੇ ਅਧੀਨ ਆਉਂਦੀ ਚੌਂਕੀ ਮਰਾਡੋ ਦੀ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਉਂਦਿਆਂ ਕਨਾਲ ਵਿਊ ਇਨਕਲੇਵ ਦੇ ਰਹਿਣ ਵਾਲੇ ਮਨਦੀਪ ਬੱਸੀ ਨੇ ਦੱਸਿਆ ਕਿ ਉਹ ਇਲਾਕੇ ਵਿੱਚ ਮੌਜੂਦ ਸਨ ਇਸੇ ਦੌਰਾਨ ਜਿੰਦਲ ਪਰਿਵਾਰ ਦਾ ਡਰਾਈਵਰ ਆਪਣੀ ਫਾਰਚੂਨਰ ਕਾਰ ਨੂੰ ਬੜੀ ਹੀ ਲਾਪਰਵਾਹੀ ਨਾਲ ਚਲਾਉਂਦਾ ਹੋਇਆ ਗਲੀ ਚੋਂ ਲੰਘਿਆ। ਇਸੇ ਦੌਰਾਨ ਗੱਡੀ ਇੱਕ ਕਾਰ ਨਾਲ ਖਹਿ ਗਈ ਅਤੇ ਗਲੀ ਵਿੱਚ ਉਨ੍ਹਾਂ ਦਾ ਬੇਟਾ ਵੀ ਖੇਡ ਰਿਹਾ ਸੀ ਜੋ ਵਾਲ ਵਾਲ ਬਚ ਗਿਆ। ਮਨਦੀਪ ਬੱਸੀ ਅਤੇ ਉਸ ਦੇ ਭਰਾ ਰੋਹਿਤ ਬੱਸੀ ਨੇ ਦੱਸਿਆ ਕਿ ਡਰਾਈਵਰ ਨੂੰ ਜਦ ਇਸ ਸਬੰਧੀ ਪੁੱਛਿਆ ਗਿਆ ਤਾਂ ਮੁਲਜ਼ਮ ਬੁਰੀ ਤਰ੍ਹਾਂ ਭੜਕ ਗਏ ਅਤੇ ਡਰਾਈਵਰ ਦੇ ਮਾਲਕ ਨੇ ਤਿੰਨ ਫਾਇਰ ਕਰ ਦਿੱਤੇ। ਬੱਸੀ ਨੇ ਦੱਸਿਆ ਕਿ ਇਸ ਘਟਨਾ ਦੇ ਦੌਰਾਨ ਉਹ ਵਾਲ ਵਾਲ ਬਚੇ। ਉਧਰ ਦੂਜੇ ਪਾਸੇ ਪੁਲਿਸ ਨੂੰ ਸ਼ਿਕਾਇਤ ਦਿੰਦਿਆਂ ਮਨਦੀਪ ਸਿੰਘ ਉਰਫ ਜਿੰਦਲ ਨੇ ਦੱਸਿਆ ਕਿ ਉਹ ਚੰਡੀਗੜ੍ਹ ਤੋਂ ਬਲਾਕ ਸੀ ਕਨਾਲ ਵਿਊ ਲੁਧਿਆਣਾ ਵੱਲ ਆ ਰਿਹਾ ਸੀ। ਇਸੇ ਦੌਰਾਨ ਉਸ ਦਾ ਡਰਾਈਵਰ ਫਾਰਚੂਨਰ ਕਾਰ ਨਾਲ ਉਸ ਦੇ ਪਿੱਛੇ ਹੀ ਆ ਰਿਹਾ ਸੀ। ਸ਼ਿਕਾਇਤ ਕਰਤਾ ਨੇ ਦੱਸਿਆ ਕਿ ਮਨਦੀਪ ਬੱਸੀ ਆਪਣੇ ਪਾਲਤੂ ਕੁੱਤੇ ਨਾਲ ਇਲਾਕੇ ਵਿੱਚ ਟਹਿਲ ਰਿਹਾ ਸੀ ਇਸੇ ਦੌਰਾਨ ਉਸ ਨੇ ਡਰਾਈਵਰ ਨੂੰ ਅੰਨਾ ਕਹਿ ਕੇ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ। ਉਸ ਨੇ ਆਖਿਆ ਕਿ ਕਾਰ ਦੀ ਸਾਈਡ ਦੂਸਰੀ ਗੱਡੀ ਦੇ ਸ਼ੀਸ਼ੇ ਨਾਲ ਖਹਿ ਗਈ। ਮਨਦੀਪ ਜਿੰਦਲ ਨੇ ਦੱਸਿਆ ਕਿ ਮਨਦੀਪ ਬੱਸੀ ਅਤੇ ਉਸ ਦੇ ਭਰਾ ਰੋਹਿਤ ਬੱਸੀ ਨੇ ਆਪਣੇ ਅੱਠ ਦਸ ਅਣਪਛਾਤੇ ਸਾਥੀਆਂ ਨਾਲ ਮਿਲ ਕੇ ਆਈ-20 ਅਤੇ ਸਕਾਰਪੀਓ ਗੱਡੀ ਨਾਲ ਉਨ੍ਹਾਂ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ। ਮਨਦੀਪ ਸਿੰਘ ਉਰਫ ਜਿੰਦਲ ਨੇ ਦੱਸਿਆ ਕਿ ਮੁਲਜ਼ਮਾਂ ਨੇ ਉਨ੍ਹਾਂ ਦੇ ਘਰ ਤੇ ਇੱਟਾਂ ਪੱਥਰ ਚਲਾਏ ਜਿਸ ਤੋਂ ਬਾਅਦ ਆਪਣਾ ਬਚਾਅ ਕਰਨ ਲਈ ਉਨ੍ਹਾਂ ਨੂੰ ਮਜਬੂਰਨ ਆਪਣੇ ਲਾਈਸੈਂਸੀ ਅਸਲੇ ਨਾਲ ਹਵਾਈ ਫਾਇਰ ਕਰਨੇ ਪਏ।