ਸੜਕ ਹਾਦਸੇ ’ਚ ਕਾਰ ਸਵਾਰ ਭੈਣ-ਭਰਾ ਦੀ ਮੌਤ ਮਾਮਲੇ ’ਚ ਥਾਰ ਚਾਲਕ ’ਤੇ ਪਰਚਾ
ਸੜਕ ਹਾਦਸੇ ’ਚ ਕਾਰ ਸਵਾਰ ਭੈਣ-ਭਰਾ ਦੀ ਮੌਤ ਮਾਮਲੇ ’ਚ ਥਾਰ ਚਾਲਕ ’ਤੇ ਪਰਚਾ
Publish Date: Mon, 12 Jan 2026 08:32 PM (IST)
Updated Date: Tue, 13 Jan 2026 04:13 AM (IST)

ਬੀਤੀ ਰਾਤ ਵਾਪਰੇ ਦਰਦਨਾਕ ਹਾਦਸੇ ’ਚ ਪੁਲਿਸ ਨੇ ਕੀਤੀ ਕਾਰਵਾਈ ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਜਗਰਾਓਂ : ਬੀਤੀ ਰਾਤ ਲੁਧਿਆਣਾ-ਫਿਰੋਜਪੁਰ ਮੁੱਖ ਮਾਰਗ ’ਤੇ ਜਗਰਾਓਂ ਦੇ ਪ੍ਰਦੇਸੀ ਢਾਬੇ ਦੇ ਸਾਹਮਣੇ ਵਾਪਰੇ ਸੜਕ ਹਾਦਸੇ ਵਿਚ ਕਾਰ ਸਵਾਰ ਭੈਣ-ਭਰਾ ਦੀ ਦਰਦਨਾਕ ਮੌਤ ਦੇ ਮਾਮਲੇ ’ਚ ਥਾਰ ਚਾਲਕ ਖ਼ਿਲਾਫ਼ ਜਗਰਾਓਂ ਪੁਲਿਸ ਨੇ ਮੁਕੱਦਮਾ ਦਰਜ ਕਰ ਲਿਆ। ਵਰਣਨਯੋਗ ਹੈ ਕਿ ਬੀਤੀ ਰਾਤ ਬਾਘਾ ਪੁਰਾਣਾ ਵਾਸੀ ਜਬਰ ਸਿੰਘ ਕੰਡਾ ਆਪਣੀ ਭੈਣ ਹਰਦੀਪ ਕੌਰ ਨਾਲ ਲੁਧਿਆਣਾ ਰਹਿੰਦੀ ਭੈਣ ਨੂੰ ਲੋਹੜੀ ਦੇ ਕੇ ਲੁਧਿਆਣਾ ਤੋਂ ਬਾਘਾ ਪੁਰਾਣਾ ਆਪਣੀ ਸ਼ਵਿਫਟ ਡਿਜਾਇਰ ਕਾਰ ’ਤੇ ਵਾਪਸ ਜਾ ਰਿਹਾ ਸੀ। ਸਥਾਨਕ ਪ੍ਰ੍ਰਦੇਸੀ ਢਾਬੇ ਨੇੜੇ ਮੋਗਾ ਸਾਈਡ ਤੋਂ ਰਾਏਕੋਟ ਜਾ ਰਹੇ ਇੰਦਰਜੀਤ ਸਿੰਘ ਪੁੱਤਰ ਸੋਹਨ ਸਿੰਘ ਵਾਸੀ ਗੋਂਦਵਾਲ ਰਾਏਕੋਟ ਦੀ ਥਾਰ ਗੱਡੀ ਡਿਵਾਈਡਰ ਨਾਲ ਟਕਰਾਉਂਦੀ ਹੋਈ ਦੂਸਰੀ ਸਾਈਡ ’ਤੇ ਜਾ ਰਹੀ ਬਘੇਲ ਸਿੰਘ ਦੀ ਕਾਰ ਨਾਲ ਜਾ ਟਕਰਾਈ। ਇਹ ਟੱਕਰ ਇੰਨੀ ਭਿਆਨਕ ਸੀ ਕਿ ਕਾਰ ਸਵਾਰ ਦੋਵਾਂ ਭੈਣ-ਭਰਾਵਾਂ ਦੀ ਮੌਤ ਹੋ ਗਈ। ਇਸ ਹਾਦਸੇ ਵਿਚ ਥਾਰ ਸਵਾਰ ਇੰਦਰਜੀਤ ਸਿੰਘ ਵੀ ਜਖ਼ਮੀ ਹੋਇਆ। ਪੁਲਿਸ ਚੌਂਕੀ ਬੱਸ ਸਟੈਂਡ ਦੇ ਇੰਚਾਰਜ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਵਿਚ ਮ੍ਰਿਤਕ ਦੇ ਜੀਜਾ ਲੁਧਿਆਣਾ ਵਾਸੀ ਅਜੇ ਕੁਮਾਰ ਦੇ ਬਿਆਨਾਂ ’ਤੇ ਥਾਰ ਚਾਲਕ ਇੰਦਰਜੀਤ ਸਿੰਘ ਖ਼ਿਲਾਫ਼ ਮੁਕੱਦਮਾ ਦਰਜ ਕਰ ਲਿਆ ਹੈ। ਇਥੇ ਇਹ ਵੀ ਵਰਣਨਯੋਗ ਹੈ ਕਿ ਥਾਰ ਚਾਲਕ ਇੰਦਰਜੀਤ ਰਾਏਕੋਟ ਦੇ ਹਸਪਤਾਲ ਵਿਚ ਜ਼ੇਰੇ ਇਲਾਜ ਹਨ।