ਝੁੱਗੀਆਂ ’ਚ ਸੁੱਤੇ ਪਰਿਵਾਰ ’ਤੇ ਚੜ੍ਹਾਈ ਕਾਰ, ਦੋ ਬੱਚਿਆਂ ਸਣੇ ਤਿੰਨ ਜ਼ਖ਼ਮੀ
ਝੁੱਗੀਆਂ ਵਿੱਚ ਸੁੱਤੇ ਪਰਿਵਾਰ ਉੱਤੇ ਚੜ੍ਹਾਈ ਕਾਰ, ਦੋ ਬੱਚਿਆਂ ਸਮੇਤ ਤਿੰਨ ਜ਼ਖ਼ਮੀ
Publish Date: Sat, 27 Dec 2025 09:15 PM (IST)
Updated Date: Sat, 27 Dec 2025 09:16 PM (IST)

ਫੋਟੋ- 27, 28, 29 ਗੌਰਵ ਕੁਮਾਰ ਸਲੂਜਾ, ਪੰਜਾਬੀ ਜਾਗਰਣ ਲੁਧਿਆਣਾ ਸਨਅਤੀ ਸ਼ਹਿਰ ਦੇ ਥਾਣਾ ਸਲੇਮ ਟਾਬਰੀ ਅਧੀਨ ਪੈਂਦੀ ਦਾਣਾ ਮੰਡੀ ਵਿੱਚ ਸ਼ੁੱਕਰਵਾਰ ਦੇਰ ਰਾਤ ਇੱਕ ਉਸ ਵੇਲੇ ਭਿਆਨਕ ਹਾਦਸਾ ਵਾਪਰ ਗਿਆ, ਜਦੋਂ ਇਕ ਬੇਕਾਬੂ ਕਾਰ ਚਾਲਕ ਨੇ ਝੁੱਗੀਆਂ ਵਿੱਚ ਸੁੱਤੇ ਪਰਿਵਾਰਾਂ ਉੱਤੇ ਕਾਰ ਚੜ੍ਹਾ ਦਿੱਤੀ। ਹਾਦਸੇ ਦੌਰਾਨ ਇੱਕ ਹੀ ਪਰਿਵਾਰ ਦੇ ਦੋ ਮਾਸੂਮ ਬੱਚਿਆਂ ਸਮੇਤ ਤਿੰਨ ਲੋਕ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਝੁੱਗੀ ਵਿੱਚ ਆਰਤੀ ਆਪਣੇ ਪਤੀ ਮਿਠਨ ਅਤੇ ਪੰਜ ਬੱਚਿਆਂ ਸਮੇਤ ਸੁੱਤੀ ਹੋਈ ਸੀ ਕਿ ਅਚਾਨਕ ਤੇਜ਼ ਰਫ਼ਤਾਰ ਨਾਲ ਆਈ ਕਾਰ ਸਿੱਧੀ ਉਨ੍ਹਾਂ ਦੀ ਝੁੱਗੀ ਵਿੱਚ ਵੜ ਗਈ। ਹਾਦਸੇ ਦੀ ਜਾਣਕਾਰੀ ਮਿਲਦੇ ਹੀ ਆਸ ਪਾਸ ਦੀਆਂ ਝੁੱਗੀਆਂ ਵਿੱਚ ਦਹਿਸ਼ਤ ਦਾ ਮਹੌਲ ਬਣ ਗਿਆ ਅਤੇ ਹਾਦਸੇ ਦੌਰਾਨ ਹੋਏ ਖੜਾਕੇ ਦੀ ਅਵਾਜ ਸੁਣਕੇ ਲੋਕ ਆਪਣੀਆਂ ਝੁੱਗੀਆਂ ਤੇ ਆਸ ਪਾਸ ਦੇ ਪਰਾਂ ਤੋਂ ਬਾਹਰ ਨਿਕਲ ਆਏ। ਘਟਨਾ ਤੋਂ ਬਾਅਦ ਮਿਠਨ ਵੱਲੋਂ ਥਾਣਾ ਸਲੇਮ ਟਾਬਰੀ ਪੁਲਿਸ ਨੂੰ ਮਾਮਲੇ ਦੀ ਸ਼ਿਕਾਇਤ ਦਰਜ ਕਰਵਾ ਦਿੱਤੀ ਗਈ ਹੈ। ਮੌਕੇ ’ਤੇ ਪੁੱਜੀ ਪੁਲਿਸ ਨੇ ਕਾਰ ਚਾਲਕ ਅਤੇ ਉਸ ਦੇ ਇਕ ਸਾਥੀ ਨੂੰ ਕਾਬੂ ਕਰ ਲਿਆ, ਜਦਕਿ ਤੀਜਾ ਵਿਅਕਤੀ ਮੌਕੇ ਤੋਂ ਫਰਾਰ ਹੋਣ ਵਿੱਚ ਕਾਮਯਾਬ ਹੋ ਗਿਆ। ਹਾਦਸੇ ਦੇ ਜ਼ਖ਼ਮੀਆਂ ਨੂੰ ਤੁਰੰਤ ਇਲਾਜ ਲਈ ਹਸਪਤਾਲ ਭੇਜਿਆ ਗਿਆ। ਮਾਮਲੇ ਦੀ ਤਫਤੀਸ਼ ਏਐਸਆਈ ਪ੍ਰੇਮ ਚੰਦ ਵੱਲੋਂ ਕੀਤੀ ਜਾ ਰਹੀ ਸੀ। ਇਸ ਸਬੰਧੀ ਜਦੋਂ ਥਾਣਾ ਸਲੇਮ ਟਾਬਰੀ ਦੇ ਮੁਖੀ ਹਰਸ਼ਵੀਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਦੋਵੇਂ ਪੱਖਾਂ ਵਿਚਕਾਰ ਆਪਸੀ ਰਾਜ਼ੀਨਾਮੇ ਦੀ ਗੱਲ ਚੱਲ ਰਹੀ ਹੈ। ਇਸ ਘਟਨਾ ਨੇ ਇਕ ਵਾਰ ਫਿਰ ਦਾਣਾ ਮੰਡੀ ਇਲਾਕੇ ਵਿੱਚ ਰਾਤ ਦੇ ਸਮੇਂ ਤੇਜ਼ ਰਫ਼ਤਾਰ ਅਤੇ ਲਾਪਰਵਾਹ ਡਰਾਈਵਿੰਗ ’ਤੇ ਸਵਾਲ ਖੜੇ ਕਰ ਦਿੱਤੇ ਹਨ। ਲੋਕਾਂ ਵੱਲੋਂ ਪ੍ਰਸ਼ਾਸਨ ਤੋਂ ਮੰਗ ਕੀਤੀ ਜਾ ਰਹੀ ਹੈ ਕਿ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਸਖ਼ਤ ਕਦਮ ਚੁੱਕੇ ਜਾਣ।