ਚੋਣ ਮੁਕੰਮਲ ਹੋਣ ਦੇ ਨਾਲ ਹੀ ਜੇਤੂਆਂ ਨੇ ਸੰਭਾਲੇ ਆਹੁਦੇ
ਚੋਣ ਮੁਕੰਮਲ ਹੋਣ ਦੇ ਨਾਲ ਹੀ ਦੋਵਾਂ ਜੇਤੂਆਂ ਨੇ ਸੰਭਾਲਿਆ ਅਹੁਦਾ
Publish Date: Mon, 19 Jan 2026 06:56 PM (IST)
Updated Date: Tue, 20 Jan 2026 04:13 AM (IST)

-ਬੋਲੇ ਕੰਵਰਪਾਲ, ‘ਸ਼ਹਿਰ ਦੀ ਬਦਲਾਂਗੇ ਨੁਹਾਰ’ ਸੰਜੀਵ ਗੁਪਤਾ, ਪੰਜਾਬੀ ਜਾਗਰਣ, ਜਗਰਾਓਂ : ਜਗਰਾਓਂ ਨਗਰ ਕੌਂਸਲ ਦੇ ਸੀਨੀਅਰ ਅਤੇ ਜੂਨੀਅਰ ਮੀਤ ਪ੍ਰਧਾਨ ਦੀ ਚੋਣ ਦੇ ਨਾਲ ਹੀ ਦੋਵਾਂ ਅਹੁਦੇਦਾਰਾਂ ਦੀ ਨਾਲ ਦੀ ਨਾਲ ਤਾਜਪੋਸ਼ੀ ਹੋਈ। ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਨੇ ਨਵੇਂ ਚੁਣੇ ਸੀਨੀਅਰ ਮੀਤ ਪ੍ਰਧਾਨ ਕੰਵਰਪਾਲ ਸਿੰਘ ਅਤੇ ਜੂਨੀਅਰ ਮੀਤ ਪ੍ਰਧਾਨ ਜਗਜੀਤ ਸਿੰਘ ਜੱਗੀ ਦੀ ਤਾਜਪੋਸ਼ੀ ਕਰਦਿਆਂ ਕਿਹਾ ਕਿ ਕੱਲ੍ਹ ਤੋਂ ਹੀ ਸ਼ਹਿਰ ਦੀ ਬੇਹਤਰੀ ਲਈ ਕੰਮ ਸ਼ੁਰੂ ਕੀਤੇ ਜਾਣ, ਸਮਾਂ ਘੱਟ ਹੈ, ਕੰਮ ਬਹੁਤ ਕਰਨੇ ਹਨ। ਪਹਿਲਾਂ 4 ਸਾਲ ਵਿਰੋਧੀਆਂ ਨੇ ਅੜਿੱਕੇ ਡਾਉਂਦਿਆਂ ਸ਼ਹਿਰ ਨੂੰ ਨਰਕ ਬਣਾ ਦਿੱਤਾ। ਹੁਣ ਕੁਝ ਦਿਨਾਂ ਵਿਚ ਹੀ ਸ਼ਹਿਰ ਨੂੰ ਸੁੰਦਰ ਅਤੇ ਖੁਸ਼ਹਾਲ ਬਣਾਉਣ ਲਈ ਦਿਨ ਰਾਤ ਇੱਕ ਕੀਤੀ ਜਾਵੇਗੀ। ਵਰਣਨਯੋਗ ਹੈ ਕਿ ਇਸ ਤੋਂ ਪਹਿਲਾਂ ਚੋਣਾਂ ਤੋਂ ਕੁਝ ਦਿਨ ਬਾਅਦ ਸਮਾਗਮ ਦੌਰਾਨ ਤਾਜਪੋਸ਼ੀ ਹੁੰਦੀ ਸੀ ਪਰ ਅਪ੍ਰੈਲ ਮਹੀਨੇ ਵਿਚ ਨਗਰ ਕੌਂਸਲ ਦਾ ਕਾਰਜਕਾਲ ਪੂਰਾ ਹੁੰਦਿਆਂ ਦੇਖ ਅੱਜ ਹੀ ਦੋਵੇਂ ਚੁਣੇ ਸੀਨੀਅਰ ਅਤੇ ਜੂਨੀਅਰ ਮੀਤ ਪ੍ਰਧਾਨ ਵੱਲੋਂ ਅਹੁਦੇ ਸੰਭਾਲੇ ਗਏ। ਇਸ ਦੌਰਾਨ ਦੋਵਾਂ ਨੇ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਨਾਲ ਕੇਕ ਕੱਟਿਆ। ਇਸ ਮੌਕੇ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਨੇ ਕਿਹਾ ਕਿ ਨਵੀਂ ਟੀਮ ਦੇ ਨਾਲ ਹੀ ਸ਼ਹਿਰ ’ਚ ਵਿਕਾਸ ਦਾ ਨਵਾਂ ਯੁੱਗ ਸ਼ੁਰੂ ਹੋਵੇਗਾ, ਅਜੇ ਕੁਝ ਸਮਾਂ ਨਗਰ ਕੌਂਸਲ ਟੀਮ ਦਾ ਪਿਆ ਹੈ। ਇਸ ਥੋੜੇ ਸਮੇਂ ਵਿਚ ਵੱਡੇ ਕੰਮ ਕਰਨੇ ਹਨ। ਜਿਸ ਦੀ ਸ਼ੁਰੂਆਤ ਵੀ ਹੋ ਚੁੱਕੀ ਹੈ। ਸ਼ਹਿਰ ਵਿਚੋਂ ਗੰਦਗੀ ਦੇ ਢੇਰ ਚੁੱਕੇ ਜਾ ਰਹੇ ਹਨ। ਇਸ ਦੇ ਨਾਲ ਹੀ ਘਰ ਘਰ ਤੋਂ ਕੂੜਾ ਚੁੱਕਣ ਦੀ ਮੁਹਿੰਮ ਵੀ ਸ਼ੁਰੂ ਹੋ ਜਾਵੇਗੀ, ਟੁੱਟੀਆਂ ਸੜਕਾਂ ਦਾ ਨਿਰਮਾਣ, ਪੀਣ ਵਾਲੇ ਪਾਣੀ ਨਹਿਰੀ ਸਪਲਾਈ, ਹਸਪਤਾਲ ਸਮੇਤ ਅਨੇਕਾਂ ਸਹੂਲਤਾਂ ਲੋਕਾਂ ਨੂੰ ਮਿਲਣਗੀਆਂ। ਇਸ ਦੇ ਲਈ ਇਹ ਨਵੀਂ ਟੀਮ ਦਿਨ ਰਾਤ ਕੰਮ ਕਰੇਗੀ। ਸੀਨੀਅਰ ਮੀਤ ਪ੍ਰਧਾਨ ਕੰਵਰਪਾਲ ਸਿੰਘ ਨੇ ਕਿਹਾ ਕਿ ਚਾਰ ਦਿਨਾਂ ਵਿਚ ਹੀ ਸ਼ਹਿਰ ਦੀ ਕਾਫੀ ਨੁਹਾਰ ਬਦਲੀ ਜਾਵੇਗੀ। ਜਿਸ ਦੇ ਨਾਲ ਹੀ ਦੱਸਿਆ ਜਾਵੇਗਾ ਕਿ ਇੰਝ ਕੰਮ ਹੁੰਦੇ ਹਨ। ਉਨ੍ਹਾਂ ਕਿਹਾ ਕਿ ਵਿਧਾਇਕਾ ਦੀ ਸਰਪ੍ਰਸਤੀ ਅਤੇ ਕੌਂਸਲਰਾਂ ਦੇ ਸਹਿਯੋਗ ਨਾਲ ਸ਼ਹਿਰ ਦਾ ਹਰ ਇੱਕ ਕੋਨਾ ਸੰਵਾਰਿਆ ਜਾਵੇਗਾ।