ਕਿਤਾਬਾਂ ਨਵੀਂ ਪੀੜ੍ਹੀ ਦੇ ਹਨੇਰੇ ਮਨਾਂ ’ਚ ਰੌਸ਼ਨੀ ਦਾ ਦੀਵਾ : ਰਘਬੀਰ ਮਹਿਮੀ
ਕਿਤਾਬਾਂ ਨਵੀਂ ਪੀੜ੍ਹੀ ਦੇ ਹਨੇਰੇ ਮਨਾਂ ’ਚ ਰੌਸ਼ਨੀ ਦਾ ਦੀਵਾ: ਰਘਬੀਰ ਮਹਿਮੀ
Publish Date: Mon, 24 Nov 2025 08:01 PM (IST)
Updated Date: Tue, 25 Nov 2025 04:14 AM (IST)

ਅਮਰਜੀਤ ਸਿੰਘ ਅਕਾਲਗੜ੍ਹ, ਪੰਜਾਬੀ ਜਾਗਰਣ, ਗੁਰੂਸਰ ਸੁਧਾਰ : ਗੁਰੂ ਹਰਗੋਬਿੰਦ ਖਾਲਸਾ ਕਾਲਜ ਆਫ਼ ਐਜੂਕੇਸ਼ਨ ਗੁਰੂਸਰ ਸੁਧਾਰ ’ਚ ਅੱਜ ਰਾਸ਼ਟਰੀ ਲਾਇਬ੍ਰੇਰੀ ਹਫ਼ਤੇ ਨੂੰ ਸਮਰਪਿਤ ‘ਕਿਤਾਬੀ ਰੁਝਾਨ ਤੇ ਨਵੀਂ ਪੀੜ੍ਹੀ : ਇਕ ਵਿਚਾਰ-ਵਟਾਂਦਰਾ’ ਵਿਸ਼ੇ ’ਤੇ ਵਿਚਾਰ-ਗੋਸ਼ਠੀ ਕਰਵਾਈ ਗਈ। ਮੁੱਖ ਬੁਲਾਰੇ ਵਜੋਂ ਮਸ਼ਹੂਰ ਮਿੰਨੀ ਕਹਾਣੀਕਾਰ ਤੇ ਪੰਜਾਬੀ ਸਾਹਿਤ ਸਭਾ ਪਟਿਆਲਾ ਦੇ ਮੀਤ ਪ੍ਰਧਾਨ ਰਘਬੀਰ ਸਿੰਘ ਮਹਿਮੀ ਨੇ ਸ਼ਿਰਕਤ ਕੀਤੀ। ਸਮਾਗਮ ਦੀ ਸ਼ੁਰੂਆਤ ਕਾਲਜ ਸ਼ਬਦ ’ਦੇਹ ਸਿਵਾ ਬਰ ਮੋਹਿ ਇਹੈ’. ਦੇ ਸਮੂਹਿਕ ਗਾਇਨ ਨਾਲ ਹੋਈ। ਪੰਜਾਬੀ ਵਿਭਾਗ ਮੁਖੀ ਡਾ. ਜਗਜੀਤ ਸਿੰਘ ਨੇ ਮਹਿਮਾਨਾਂ ਦੀ ਜਾਣ-ਪਛਾਣ ਕਰਵਾਈ ਤੇ ਪ੍ਰਿੰਸੀਪਲ ਡਾ. ਪ੍ਰਗਟ ਸਿੰਘ ਗਰਚਾ, ਸਟਾਫ਼ ਤੇ ਵਿਦਿਆਰਥੀਆਂ ਨੇ ਫੁੱਲਾਂ ਦੇ ਗੁਲਦਸਤੇ ਦੇ ਕੇ ਮੁੱਖ ਬੁਲਾਰੇ ਦਾ ਸਵਾਗਤ ਕੀਤਾ। ਰਘਬੀਰ ਸਿੰਘ ਮਹਿਮੀ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਡਿਜਿਟਲ ਯੁੱਗ ਵਿੱਚ ਕਿਤਾਬਾਂ ਪ੍ਰਤੀ ਘਟਦਾ ਰੁਝਾਨ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਕਿਤਾਬ ਨੂੰ “ਹਨੇਰੇ ਮਨਾਂ ਵਿੱਚ ਰੌਸ਼ਨੀ ਪੈਦਾ ਕਰਨ ਵਾਲਾ ਦੀਵਾ” ਕਰਾਰ ਦਿੱਤਾ ਤੇ ਕਿਹਾ ਕਿ ਕਿਤਾਬਾਂ ਸਾਡੀਆਂ ਦੋਸਤ, ਮਾਪੇ ਤੇ ਗੁਰੂ ਹਨ। ਇਨ੍ਹਾਂ ਤੋਂ ਸਿੱਖ ਕੇ ਹੀ ਵਿਦਿਆਰਥੀ ਡਾਕਟਰ, ਇੰਜੀਨੀਅਰ, ਵਿਗਿਆਨੀ, ਲੇਖਕ ਤੇ ਅਧਿਆਪਕ ਬਣਦੇ ਹਨ। ਉਨ੍ਹਾਂ ਨਵੀਂ ਪੀੜ੍ਹੀ ਨੂੰ ਪੜ੍ਹਨ ਦੀ ਆਦਤ ਪੱਕੀ ਕਰਨ ਦਾ ਸੱਦਾ ਦਿੱਤਾ। ਹਰਦੀਪ ਸਿੰਘ ਨੇ ਕਿਤਾਬ ਪੜ੍ਹਨ ਨੂੰ ਮਨੁੱਖੀ ਵਿਕਾਸ ਦੀ ਮਜ਼ਬੂਤ ਨੀਂਹ ਦੱਸਿਆ, ਜਦਕਿ ਡਾ. ਰਛਪਾਲ ਸਿੰਘ ਨੇ ਲਾਇਬ੍ਰੇਰੀਆਂ ਦੇ ਮਹੱਤਵ ਤੇ ਗਿਆਨ-ਸਰੋਤਾਂ ਬਾਰੇ ਵਿਚਾਰ ਸਾਂਝੇ ਕੀਤੇ।ਸਮਾਗਮ ਮੌਕੇ ਵਿਦਿਆਰਥਣੀ ਪ੍ਰਭਜੋਤ ਸੋਹੀ ਵੱਲੋਂ ਕਾਲਜ ਨੂੰ ਭੇਂਟ ਕੀਤੀਆਂ ਸੈਂਕੜੇ ਕਿਤਾਬਾਂ ਦੀ ਪ੍ਰਦਰਸ਼ਨੀ ਵੀ ਲਗਾਈ ਗਈ, ਜਿੰਨਾ ਵਿੱਚੋਂ ਵਿਦਿਆਰਥੀ ਆਪਣੀ ਮਨਪਸੰਦ ਕਿਤਾਬਾਂ ਘਰ ਲਿਜਾ ਕੇ ਪੜ੍ਹ ਸਕਦੇ ਹਨ। ਅੰਤ ਵਿੱਚ ਪ੍ਰਿੰਸੀਪਲ ਡਾ. ਪ੍ਰਗਟ ਸਿੰਘ ਗਰਚਾ ਨੇ ਮੁੱਖ ਬੁਲਾਰੇ ਰਘਬੀਰ ਸਿੰਘ ਮਹਿਮੀ ਦਾ ਧੰਨਵਾਦ ਕਰਦਿਆਂ ਸਨਮਾਨ ਚਿੰਨ੍ਹ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ ਅਤੇ ਲਾਇਬ੍ਰੇਰੀ ਇੰਚਾਰਜ ਜਗਤਾਰ ਸਿੰਘ, ਹਰਦੀਪ ਸਿੰਘ ਤੇ ਡਾ. ਜਗਜੀਤ ਸਿੰਘ ਨੂੰ ਸਫ਼ਲ ਆਯੋਜਨ ਲਈ ਵਧਾਈ ਦਿੱਤੀ।