ਸਮਰਾਲਾ ਚੌਂਕ 'ਚੋਂ ਨੌਜਵਾਨ ਦੀ ਲਾਸ਼ ਬਰਾਮਦ, ਸ਼ੱਕੀ ਹਾਲਾਤਾਂ 'ਚ ਹੋਈ ਲੜਕੇ ਦੀ ਮੌਤ; ਮੋਰਚਰੀ 'ਚ ਰਖਵਾਈ ਲਾਸ਼
ਪੁਲਿਸ ਨੇ ਸ਼ਨਾਖਤ ਲਈ ਲਾਸ਼ ਸਿਵਲ ਹਸਪਤਾਲ ਦੀ ਮੋਰਚਰੀ ਦੇ ਵਿੱਚ ਰਖਵਾ ਦਿੱਤੀ ਹੈ , ਜਿੱਥੇ 72 ਘੰਟੇ ਦੀ ਸ਼ਨਾਖਤ ਤੋਂ ਬਾਅਦ ਲਾਸ਼ ਦਾ ਪੋਸਟਮਾਰਟਮ ਕੀਤਾ ਜਾਵੇਗਾ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਸਵੇਰ ਵੇਲੇ ਪਾਰਕ ਵਿੱਚ ਇੱਕ ਨੌਜਵਾਨ ਬੈਂਚ 'ਤੇ ਬੈਠਾ ਸੀ।
Publish Date: Thu, 07 May 2026 01:25 PM (IST)
Updated Date: Thu, 07 May 2026 01:28 PM (IST)

ਸੁਸ਼ੀਲ ਕੁਮਾਰ ਸ਼ਸ਼ੀ ,ਪੰਜਾਬੀ ਜਾਗਰਣ ਲੁਧਿਆਣਾ: ਵੀਰਵਾਰ ਸਵੇਰੇ ਸਮਰਾਲਾ ਚੌਂਕ ਇਲਾਕੇ ਵਿੱਚ ਉਸ ਵੇਲੇ ਦਹਿਸ਼ਤ ਦਾ ਮਾਹੌਲ ਬਣ ਗਿਆ। ਜਦੋਂ ਫਲਾਈਓਵਰ ਦੇ ਬਿਲਕੁਲ ਥੱਲੇ ਬਣੀ ਪਾਰਕ 'ਚੋਂ ਨੌਜਵਾਨ ਦੀ ਲਾਸ਼ ਬਰਾਮਦ ਕੀਤੀ ਗਈ। ਲੜਕੇ ਦੀ ਲਾਸ਼ ਬੈਂਚ 'ਤੇ ਪਈ ਦੇਖ ਆਲੇ-ਦੁਆਲੇ ਦੇ ਲੋਕਾਂ ਨੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ। ਜਾਣਕਾਰੀ ਤੋਂ ਬਾਅਦ ਮੌਕੇ 'ਤੇ ਪਹੁੰਚੀ ਪੁਲਿਸ ਨੇ ਜਦ ਪੜਤਾਲ ਕੀਤੀ ਤਾਂ ਸਾਹਮਣੇ ਆਇਆ ਕਿ ਨੌਜਵਾਨ ਦੇ ਕੋਲ ਅਜਿਹਾ ਕੋਈ ਵੀ ਦਸਤਾਵੇਜ਼ ਨਹੀਂ ਸੀ। ਜਿਸ ਦੇ ਜ਼ਰੀਏ ਉਸਦੀ ਪਛਾਣ ਹੋ ਸਕੇ। ਪੁਲਿਸ ਨੇ ਸ਼ਨਾਖਤ ਲਈ ਲਾਸ਼ ਸਿਵਲ ਹਸਪਤਾਲ ਦੀ ਮੋਰਚਰੀ ਦੇ ਵਿੱਚ ਰਖਵਾ ਦਿੱਤੀ ਹੈ , ਜਿੱਥੇ 72 ਘੰਟੇ ਦੀ ਸ਼ਨਾਖਤ ਤੋਂ ਬਾਅਦ ਲਾਸ਼ ਦਾ ਪੋਸਟਮਾਰਟਮ ਕੀਤਾ ਜਾਵੇਗਾ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਸਵੇਰ ਵੇਲੇ ਪਾਰਕ ਵਿੱਚ ਇੱਕ ਨੌਜਵਾਨ ਬੈਂਚ 'ਤੇ ਬੈਠਾ ਸੀ। ਕੁਝ ਹੀ ਸਮੇਂ ਬਾਅਦ ਉਹ ਬੇਸੁੱਧ ਹੋ ਗਿਆ। ਆਲੇ ਦੁਆਲੇ ਦੇ ਲੋਕਾਂ ਨੇ ਜਦ ਪੁਲਿਸ ਨੂੰ ਸੂਚਿਤ ਕੀਤਾ ਤਾਂ ਸਾਹਮਣੇ ਆਇਆ ਕਿ ਲੜਕੇ ਦੀ ਮੌਤ ਹੋ ਚੁੱਕੀ ਸੀ। ਇਲਾਕਾ ਵਾਸੀਆਂ ਦਾ ਕਹਿਣਾ ਹੈ ਕਿ ਇਸ ਪਾਰਕ ਵਿੱਚ ਅਕਸਰ ਨਸ਼ੇੜੀ ਕਿਸਮ ਦੇ ਨੌਜਵਾਨ ਬੈਠੇ ਰਹਿੰਦੇ ਹਨ। ਖਦਸ਼ਾ ਇਹ ਵੀ ਹੈ ਕਿ ਨੌਜਵਾਨ ਦੀ ਮੌਤ ਓਵਰਡੋਜ਼ ਨਾਲ ਹੋਈ ਹੋਵੇਗੀ। ਮੌਤ ਦੇ ਕਾਰਨਾਂ ਦਾ ਅਸਲ ਸੱਚ ਪੋਸਟਮਾਰਟਮ ਦੀ ਰਿਪੋਰਟ ਅਤੇ ਮ੍ਰਿਤਕ ਦੀ ਸ਼ਨਾਖਤ ਤੋਂ ਬਾਅਦ ਹੀ ਸਾਹਮਣੇ ਆ ਸਕੇਗਾ। ਫਿਲਹਾਲ ਪੁਲਿਸ ਇਲਾਕੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲ ਕੇ ਪੜਤਾਲ ਕਰ ਰਹੀ ਹੈ।