ਸਿਵਲ ਹਸਪਤਾਲ ਦੀ ਐਮਰਜੈਂਸੀ ਵਿੱਚ ਖੂਨੀ ਝੜਪ
ਸਿਵਲ ਹਸਪਤਾਲ ਦੀ ਐਮਰਜੈਂਸੀ ਵਿੱਚ ਖੂਨੀ ਝੜਪ
Publish Date: Wed, 14 Jan 2026 09:00 PM (IST)
Updated Date: Wed, 14 Jan 2026 09:03 PM (IST)

ਮੈਡੀਕਲ ਕਰਵਾਉਣ ਦੇ ਦੌਰਾਨ ਕੀਤਾ ਹਮਲਾ ਵੀਡੀਓ ਹੋਈ ਵਾਇਰਲ, ਸੁਰੱਖਿਆ ਪ੍ਰਬੰਧਾਂ ਤੇ ਉੱਠੇ ਸਵਾਲ ਫੋਟੋ 28, 29, 30 ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ ਲੁਧਿਆਣਾ ਮਹਾਨਗਰ ਦੇ ਸਿਵਲ ਹਸਪਤਾਲ ਵਿੱਚ ਉਸ ਵੇਲੇ ਅਫਰਾ ਤਫਰੀ ਦਾ ਮਾਹੌਲ ਬਣ ਗਿਆ ਜਦੋਂ ਮੈਡੀਕਲ ਕਰਵਾਉਣ ਆਈਆਂ ਦੋ ਧਿਰਾਂ ਵਿਚਕਾਰ ਜਬਰਦਸਤ ਤਕਰਾਰ ਹੋ ਗਈ। ਮੌਕੇ ਦੇ ਹਾਲਾਤ ਇਸ ਕਦਰ ਕਾਬੂ ਤੋਂ ਬਾਹਰ ਹੋ ਗਏ ਕਿ ਹਮਲਾਵਰਾਂ ਨੇ ਉੱਥੇ ਮੌਜੂਦ ਡਾਕਟਰਾਂ ਦੀ ਵੀ ਪ੍ਰਵਾਹ ਨਾ ਕੀਤੀ। ਹਮਲਾਵਰਾਂ ਨੇ ਇੱਕ ਨੌਜਵਾਨ ਤੇ ਜਾਨਲੇਵਾ ਹਮਲਾ ਕਰ ਦਿੱਤਾ। ਪੂਰੀ ਘਟਨਾ ਦੀ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਹਸਪਤਾਲ ਵਿੱਚ ਸੁਰੱਖਿਆ ਵਿਵਸਥਾ ਅਤੇ ਪੁਲਿਸ ਦੀ ਭੂਮਿਕਾ ਤੇ ਗੰਭੀਰ ਸਵਾਲ ਉੱਠੇ ਹਨ। ਵਾਇਰਲ ਵੀਡੀਓ ਵਿੱਚ ਸਾਫ ਨਜ਼ਰ ਆ ਰਿਹਾ ਹੈ ਕਿ ਇੱਕ ਸਿੱਖ ਨੌਜਵਾਨ ਐਮਰਜਸੀ ਵਾਰਡ ਵਿੱਚ ਮੈਡੀਕਲ ਲਈ ਦਾਖਲ ਹੋਇਆ ਹੈ। ਇਸੇ ਦੌਰਾਨ ਦੋ ਹੋਰ ਨੌਜਵਾਨ ਉੱਥੇ ਪਹੁੰਚਦੇ ਹਨ ਅਤੇ ਲਗਾਤਾਰ ਗਾਲਾਂ ਕੱਢਣ ਤੋਂ ਬਾਅਦ ਕੁਝ ਹੀ ਪਲਾਂ ਵਿੱਚ ਨੌਜਵਾਨ ਨੂੰ ਥੱਪੜ ਮਾਰਨੇ ਸ਼ੁਰੂ ਕਰ ਦਿੰਦੇ ਹਨ। ਉਹ ਨੌਜਵਾਨ ਨੂੰ ਘੜੀਸਦੇ ਹੋਏ ਦੂਸਰੇ ਕਮਰੇ ਵਿੱਚ ਲੈ ਜਾਂਦੇ ਹਨ ਅਤੇ ਬਾਅਦ ਵਿੱਚ ਵਾਲਾਂ ਤੋਂ ਫੜ ਕੇ ਬੇਰਹਿਮੀ ਨਾਲ ਕੁੱਟਮਾਰ ਕਰਦੇ ਹਨ। ਹਸਪਤਾਲ ਵਿੱਚ ਮੌਜੂਦ ਲੋਕ ਬਚਾਅ ਦੀ ਕੋਸ਼ਿਸ਼ ਕਰਦੇ ਰਹੇ, ਪਰ ਹਮਲਾਵਰਾਂ ਨੇ ਕਿਸੇ ਦੀ ਇੱਕ ਨਾ ਸੁਣੀ। ਜਖਮੀ ਨੌਜਵਾਨ ਦੀ ਪਹਿਛਾਣ ਪਿੰਡ ਮਿਹਰਬਾਨ ਦੇ ਰਹਿਣ ਵਾਲੇ ਗੁਰਮੀਤ ਸਿੰਘ ਵਜੋਂ ਹੋਈ ਹੈ। ਗੁਰਮੀਤ ਨੇ ਦੱਸਿਆ ਕਿ ਝਗੜੇ ਦੀ ਸ਼ੁਰੂਆਤ ਪਿੰਡ ਵਿੱਚ ਪਤੰਗ ਕੱਟਣ ਤੋਂ ਹੋਈ ਸੀ। ਦੋਸ਼ ਹੈ ਕਿ ਪਿੰਡ ਦਾ ਹੀ ਇੱਕ ਨੌਜਵਾਨ ਜੋ ਨਸ਼ੇ ਦਾ ਆਦੀ ਦੱਸਿਆ ਜਾ ਰਿਹਾ ਹੈ ਨਸ਼ੇ ਦੀ ਹਾਲਤ ਵਿੱਚ ਨੌਜਵਾਨ ਦੇ ਘਰ ਦੇ ਬਾਹਰ ਆਇਆ ਅਤੇ ਇੱਟਾਂ ਚਲਾਉਣ ਲੱਗ ਪਿਆ। ਗੁਰਮੀਤ ਸਿੰਘ ਦਾ ਕਹਿਣਾ ਹੈ ਕਿ ਉਹ ਪਹਿਲਾਂ ਸਮਝੌਤੇ ਲਈ ਤਿਆਰ ਸਨ, ਪਰ ਗੱਲ ਨਹੀਂ ਬਣੀ। ਇਸੇ ਦੌਰਾਨ ਉਹ ਮੈਡੀਕਲ ਕਰਵਾਉਣ ਲਈ ਸਿਵਿਲ ਹਸਪਤਾਲ ਪਹੁੰਚੇ ਜਿੱਥੇ ਹਮਲਾਵਰ ਉਨ੍ਹਾਂ ਦਾ ਪਿੱਛਾ ਕਰਦੇ ਹੋਏ ਪਹੁੰਚ ਗਏ। ਪੁਲਿਸ ਦੀ ਮੌਜੂਦਗੀ ਵਿੱਚ ਕੀਤੀ ਕੁੱਟਮਾਰ ਝਗੜੇ ਦੀ ਵੀਡੀਓ ਵਿੱਚ ਮੌਕੇ ਤੇ ਇੱਕ ਪੁਲਿਸ ਮੁਲਾਜ਼ਮ ਦਿਖਾਈ ਦੇ ਰਿਹਾ ਹੈ। ਨੌਜਵਾਨ ਨੇ ਦੋਸ਼ ਲਗਾਇਆ ਕਿ ਹਸਪਤਾਲ ਪ੍ਰਸ਼ਾਸਨ ਅਤੇ ਉੱਥੇ ਤੈਨਾਤ ਪੁਲਿਸ ਮੁਲਾਜ਼ਮ ਦੀ ਲਾਪਰਵਾਹੀ ਦੇ ਚਲਦੇ ਹੀ ਉਸ ਨੂੰ ਗੰਭੀਰ ਸੱਟਾਂ ਲੱਗੀਆਂ ਹਨ। ਨੌਜਵਾਨ ਦਾ ਕਹਿਣਾ ਹੈ ਕਿ ਪੁਲਿਸ ਉਸ ਦੀ ਕੁੱਟਮਾਰ ਦੇਖਦੀ ਰਹੀ, ਪਰ ਕਿਸੇ ਨੇ ਬਚਾਉਣ ਦੀ ਕੋਸ਼ਿਸ਼ ਨਹੀਂ ਕੀਤੀ। ਸਰਕਾਰੀ ਹਸਪਤਾਲ ਦੀ ਐਮਰਜੈਂਸੀ ਵਰਗੀ ਸੰਵੇਦਨਸ਼ੀਲ ਥਾਂ ਤੇ ਅਜਿਹੀ ਘਟਨਾ ਨੇ ਸਿਵਲ ਹਸਪਤਾਲ ਦੇ ਸੁਰੱਖਿਆ ਪ੍ਰਬੰਧਾਂ ਦੀ ਪੋਲ ਖੋਲ ਕੇ ਰੱਖ ਦਿੱਤੀ ਹੈ। ਇਸ ਮਾਮਲੇ ਵਿੱਚ ਪੁਲਿਸ ਮੁਲਾਜ਼ਮ ਭੁਪਿੰਦਰ ਸਿੰਘ ਨੇ ਦੱਸਿਆ ਕਿ ਪਿੰਡ ਮਿਹਰਬਾਨ ਵਿੱਚ ਝਗੜੇ ਤੋਂ ਬਾਅਦ ਦੋਵੇਂ ਧਿਰਾਂ ਹਸਪਤਾਲ ਪਹੁੰਚੀਆਂ ਸਨ। ਜਿੱਥੇ ਉਨ੍ਹਾਂ ਵਿਚਕਾਰ ਮੁੜ ਤਕਰਾਰ ਅਤੇ ਝੜਪ ਹੋ ਗਈ। ਫਿਲਹਾਲ ਦੋਹਾਂ ਪੱਖਾਂ ਨੂੰ ਸਮਝਾ ਕੇ ਸ਼ਾਂਤ ਕਰ ਦਿੱਤਾ ਗਿਆ। ਪੁਲਿਸ ਅਨੁਸਾਰ ਜੇਕਰ ਕਿਸੇ ਪੱਖ ਵੱਲੋਂ ਲਿਖਤੀ ਸ਼ਿਕਾਇਤ ਮਿਲੀ ਤਾਂ ਮਾਮਲੇ ਵਿੱਚ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਸ ਮਾਮਲੇ ਸੰਬੰਧੀ ਜਦ ਸਿਵਲ ਹਸਪਤਾਲ ਦੇ ਚੌਂਕੀ ਇੰਚਾਰਜ ਨੂੰ ਪੁੱਛਿਆ ਗਿਆ ਕਿ ਇਸ ਕੇਸ ਵਿੱਚ ਕਾਨੂੰਨੀ ਕਾਰਵਾਈ ਕੀ ਹੋਈ ਹੈ ਤਾਂ ਚੌਕੀ ਇੰਚਾਰਜ ਦਾ ਕਹਿਣਾ ਸੀ ਕਿ ਉਨ੍ਹਾਂ ਨੂੰ ਕਿਸੇ ਵੀ ਪੱਖ ਵੱਲੋਂ ਮਾਮਲੇ ਦੀ ਲਿਖਤੀ ਸ਼ਿਕਾਇਤ ਨਹੀਂ ਮਿਲੀ। ਉਨ੍ਹਾਂ ਇਹ ਵੀ ਆਖਿਆ ਕਿ ਹਵਲਦਾਰ ਨਰਿੰਦਰ ਹਸਪਤਾਲ ਵਿੱਚ ਸਨ, ਪਰ ਘਟਨਾ ਵੇਲੇ ਉਹ ਮੌਕੇ ਤੇ ਨਹੀਂ ਸਨ।