ਲੁਧਿਆਣਾ 'ਚ ਪਤੀ-ਪਤਨੀ ਵਿਚਾਲੇ ਖ਼ੂਨੀ ਝੜਪ, ਇਕ-ਦੂਜੇ ’ਤੇ ਕੀਤਾ ਚਾਕੂਆਂ ਨਾਲ ਹਮਲਾ; ਹਾਲਤ ਗੰਭੀਰ
ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਜ਼ਖ਼ਮੀ ਮਹਿਲਾ ਗੁੱਡੂ ਦੇਵੀ ਦੀ ਬੇਟੀ ਨੇ ਦੱਸਿਆ ਕਿ ਉਸ ਦੀ ਮਾਂ ਨੇ ਹੈਬੋਵਾਲ ਦੇ ਰਹਿਣ ਵਾਲੇ ਮਨੋਜ ਨਾਲ ਦੂਜਾ ਵਿਆਹ ਕਰਵਾਇਆ ਸੀ। ਘਟਨਾ ਦੇ ਸਮੇਂ ਉਹ ਘਰ ’ਚ ਮੌਜੂਦ ਨਹੀਂ ਸੀ। ਬਾਅਦ ਦੁਪਹਿਰ ਜਦੋਂ ਉਹ ਘਰ ਪੁੱਜੀ ਤਾਂ ਉਸ ਨੇ ਦੇਖਿਆ ਕਿ ਘਰ ਦੇ ਵਰਾਂਡੇ ਵਿਚ ਦੋਵੇਂ ਲਹੂ-ਲੁਹਾਨ ਹਾਲਤ ਵਿਚ ਡਿੱਗੇ ਹੋਏ ਸਨ, ਜਿਨ੍ਹਾਂ ਨੂੰ ਤੁਰੰਤ ਹਸਪਤਾਲ ਭਰਤੀ ਕਰਵਾਇਆ ਗਿਆ।
Publish Date: Sat, 20 Dec 2025 09:37 PM (IST)
Updated Date: Sat, 20 Dec 2025 09:41 PM (IST)
ਪੱਤਰ ਪ੍ਰੇਰਕ, ਲੁਧਿਆਣਾ : ਹੈਬੋਵਾਲ ਇਲਾਕੇ ਵਿਚ ਸ਼ਨਿਚਰਵਾਰ ਨੂੰ ਘਰੇਲੂ ਵਿਵਾਦ ਦੇ ਕਾਰਨ ਇਕ ਜੋੜੇ ਵਿਚ ਖ਼ੂਨੀ ਝੜਪ ਹੋ ਗਈ। ਵਿਵਾਦ ਇੰਨਾ ਵੱਧ ਗਿਆ ਕਿ ਪਤੀ-ਪਤਨੀ ਨੇ ਇਕ-ਦੂਜੇ ’ਤੇ ਚਾਕੂ ਨਾਲ ਹਮਲਾ ਕਰ ਦਿੱਤਾ। ਇਸ ਵਾਰਦਾਤ ਵਿਚ ਦੋਵੇਂ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਲਿਆਂਦਾ ਗਿਆ, ਜਿੱਥੇ ਦੋਵਾਂ ਦੀ ਨਾਜ਼ੁਕ ਹਾਲਤ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਨਿੱਜੀ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ। ਉੱਥੇ ਮਾਮਲੇ ਦੀ ਸੂਚਨਾ ਹੈਬੋਵਾਲ ਦੀ ਪੁਲਿਸ ਨੂੰ ਦਿੱਤੀ ਗਈ। ਪੁਲਿਸ ਨੇ ਹਸਪਤਾਲ ਪਹੁੰਚ ਕੇ ਜ਼ਖ਼ਮੀਆਂ ਦੇ ਬਿਆਨ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਜ਼ਖ਼ਮੀ ਮਹਿਲਾ ਗੁੱਡੂ ਦੇਵੀ ਦੀ ਬੇਟੀ ਨੇ ਦੱਸਿਆ ਕਿ ਉਸ ਦੀ ਮਾਂ ਨੇ ਹੈਬੋਵਾਲ ਦੇ ਰਹਿਣ ਵਾਲੇ ਮਨੋਜ ਨਾਲ ਦੂਜਾ ਵਿਆਹ ਕਰਵਾਇਆ ਸੀ। ਘਟਨਾ ਦੇ ਸਮੇਂ ਉਹ ਘਰ ’ਚ ਮੌਜੂਦ ਨਹੀਂ ਸੀ। ਬਾਅਦ ਦੁਪਹਿਰ ਜਦੋਂ ਉਹ ਘਰ ਪੁੱਜੀ ਤਾਂ ਉਸ ਨੇ ਦੇਖਿਆ ਕਿ ਘਰ ਦੇ ਵਰਾਂਡੇ ਵਿਚ ਦੋਵੇਂ ਲਹੂ-ਲੁਹਾਨ ਹਾਲਤ ਵਿਚ ਡਿੱਗੇ ਹੋਏ ਸਨ, ਜਿਨ੍ਹਾਂ ਨੂੰ ਤੁਰੰਤ ਹਸਪਤਾਲ ਭਰਤੀ ਕਰਵਾਇਆ ਗਿਆ।
ਹਸਪਤਾਲ ਵਿਚ ਇਲਾਜ ਕਰਵਾ ਰਹੇ ਜ਼ਖ਼ਮੀ ਪਤੀ ਮਨੋਜ ਨੇ ਦੱਸਿਆ ਕਿ ਉਹ ਇਲਾਕੇ ਵਿਚ ਫਰੂਟ ਦੀ ਰੇਹੜੀ ਲਾਉਂਦਾ ਹੈ, ਉਸ ਦੀ ਪਤਨੀ ਨੂੰ ਉਸ ’ਤੇ ਸ਼ੱਕ ਸੀ ਕਿ ਉਸ ਦੇ ਕਿਸੇ ਹੋਰ ਮਹਿਲਾ ਨਾਲ ਸਬੰਧ ਹਨ। ਇਸੇ ਗੱਲ ਨੂੰ ਲੈ ਕੇ ਦੋਵਾਂ ਵਿਚਾਲੇ ਲੰਬੇ ਸਮੇਂ ਤੋਂ ਵਿਵਾਦ ਚੱਲ ਰਿਹਾ ਸੀ। ਸ਼ਨਿਚਰਵਾਰ ਨੂੰ ਦੋਵਾਂ ਵਿਚ ਮੁੜ ਇਸੇ ਗੱਲ ਨੂੰ ਲੈ ਕੇ ਵਿਵਾਦ ਸ਼ੁਰੂ ਹੋ ਗਿਆ। ਦੇਖਦੇ ਹੀ ਦੇਖਦੇ ਵਿਵਾਦ ਹਿੰਸਕ ਝਗੜੇ ਵਿਚ ਬਦਲ ਗਿਆ, ਜਿਸ ਦੌਰਾਨ ਦੋਵਾਂ ਨੇ ਇਕ-ਦੂਜੇ ’ਤੇ ਚਾਕੂਆਂ ਨਾਲ ਹਮਲਾ ਕਰ ਦਿੱਤਾ। ਉਸਨੇ ਦੋਸ਼ ਲਗਾਇਆ ਕਿ ਪਹਿਲਾਂ ਉਸ ਦੀ ਪਤਨੀ ਨੇ ਉਸ ’ਤੇ ਚਾਕੂ ਨਾਲ ਹਮਲਾ ਕੀਤਾ, ਜਿਸ ਤੋਂ ਬਾਅਦ ਉਸਨੇ ਵੀ ਬਚਾਅ ਵਿਚ ਪਤਨੀ ’ਤੇ ਵਾਰ ਕੀਤਾ। ਪੁਲਿਸ ਦਾ ਕਹਿਣਾ ਹੈ ਕਿ ਫ਼ਿਲਹਾਲ ਦੋਵਾਂ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ। ਮੈਡੀਕਲ ਰਿਪੋਰਟ ਆਉਣ ਤੋਂ ਬਾਅਦ ਹੀ ਤੱਥਾਂ ਦੇ ਆਧਾਰ ’ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।