ਵਾਰਡ 73 ਵਿੱਚ ਪੈਚਵਰਕ ਨੂੰ ਲੈ ਕੇ ਭਾਜਪਾ ਕੌਂਸਲਰ ਤੇ ਆਪ ਆਗੂ ਹੋਏ ਆਹਮੋ ਸਾਹਮਣੇ
ਵਾਰਡ 73 ਵਿੱਚ ਪੈਚਵਰਕ ਨੂੰ ਲੈ ਕੇ ਭਾਜਪਾ ਕੌਂਸਲਰ ਤੇ ਆਪ ਆਗੂ ਹੋਏ ਆਹਮੋ ਸਾਹਮਣੇ
Publish Date: Mon, 24 Nov 2025 10:45 PM (IST)
Updated Date: Mon, 24 Nov 2025 10:46 PM (IST)

ਕੌਂਸਲਰਾਂ ਨੇ ਪਹਿਲਾ ਰੋਡ ਰੋਲਰ ਰੋਕ ਕੇ ਕੀਤਾ ਵਿਰੋਧ, ਸੁਣਵਾਈ ਨਾ ਹੋਣ ਤੇ ਦੇਰ ਸ਼ਾਮ ਨਗਰ ਨਿਗਮ ਕਮਿਸ਼ਨਰ ਦੇ ਘਰ ਦਾ ਕੀਤਾ ਘਿਰਾਓ ਫੋਟੋ 34, 35 ਸਤਵਿੰਦਰ ਸ਼ਰਮਾ, ਪੰਜਾਬੀ ਜਾਗਰਣ ਲੁਧਿਆਣਾ ਸਨਅਤੀ ਸ਼ਹਿਰ ਲੁਧਿਆਣਾ ਦੇ ਵਾਰਡ 73 ਵਿੱਚ ਅੱਜ ਪੈਚ ਵਰਕ ਨੂੰ ਲੈਕੇ ਭਾਜਪਾ ਦੀ ਮਹਿਲਾ ਕੌਂਸਲਰ ਅਤੇ ਇੱਕ ਆਪ ਵਰਕਰ ਆਹਮੋ ਸਾਹਮਣੇ ਹੋ ਗਏ ਅਤੇ ਦੋਨਾਂ ਵਿਚਕਾਰ ਤਿੱਖੀ ਬਹਿਸ ਹੋ ਗਈ। ਹੰਗਾਮਾਂ ਹੁੰਦਾ ਦੇਖ ਪੈਚ ਲਗਾਉਣ ਲਈ ਆਈ ਨਗਰ ਨਿਗਮ ਦੀ ਬੀਐਂਡਆਰ ਸ਼ਾਖਾ ਦੀ ਟੀਮ ਨੇ ਕੰਮ ਬੰਦ ਕਰ ਦਿੱਤਾ। ਇਹ ਮਾਮਲਾ ਆਪ ਵਰਕਰ ਵੱਲੋਂ ਆਪਣੇ ਇਲਾਕੇ ਵਿੱਚ ਪੈਚ ਲਗਾਉਣ ਅਤੇ ਭਾਜਪਾ ਕੌਂਸਲਰ ਵੱਲੋਂ ਕੁਝ ਦਿਨ ਪਹਿਲਾ ਜਿੱਥੇ ਕੰਮ ਬੰਦ ਕੀਤਾ ਗਿਆ ਸੀ ਉਸੇ ਜਗ੍ਹਾ ਤੋਂ ਸ਼ੁਰੂ ਕਰਨ ਨੂੰ ਲੈਕੇ ਹੋਇਆ। ਆਪ ਵਰਕਰ ਦਾ ਕਹਿਣਾ ਸੀ ਕਿ ਉਸ ਨੇ ਵਿਧਾਇਕ ਦੇ ਕਹਿਣ ਤੇ ਆਪਣੇ ਇਲਾਕੇ ਵਿੱਚ ਪੈਚ ਵਰਕ ਕਰਵਾਉਣ ਲਈ ਗੱਡੀ ਮੰਗਵਾਈ ਹੈ। ਜਦਕਿ ਭਾਜਪਾ ਕੌਂਸਲਰ ਜਿਸ ਜਗ੍ਹਾ ਤੇ ਪੈਚ ਲਗਾਉਣ ਦਾ ਕੰਮ ਬੰਦ ਹੋਇਆ ਸੀ, ਉੱਥੇ ਸ਼ੁਰੂ ਕਰਨ ਲਈ ਅੜੇ ਰਹੇ ਉਨ੍ਹਾਂ ਦਾਅਬਾ ਸੀ ਕਿ ਬੀਐਂਡਆਰ ਤੋਂ ਗੱਡੀ ਉਨ੍ਹਾਂ ਮੰਗਵਾਈ ਹੈ। ਸੁਣਵਾਈ ਨਾ ਹੁੰਦੀ ਦੇਖ ਭਾਜਪਾ ਕੌਂਸਲਰ ਰੂਚੀ ਗੁਲਾਟੀ ਨੇ ਇਲਾਕਾ ਨਿਵਾਸੀਆਂ ਅਤੇ ਸਮਰਥਕਾਂ ਨਾਲ ਮਿਲ ਕੇ ਰੋਡ ਰੋਲਰ ਰੋਕਕੇ ਵਿਰੋਧ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ। ਜਦੋਂ ਸ਼ਾਮ ਤੱਕ ਉਨ੍ਹਾਂ ਦੀ ਸੁਣਵਾਈ ਨਾ ਹੋਈ ਤੇ ਕੰਮ ਸ਼ੁਰੂ ਨਹੀਂ ਹੋਇਆ ਭਾਜਪਾ ਕੌਂਸਲਰ ਰੂਚੀ ਗੁਲਾਟੀ ਨੇ ਨਗਰ ਨਿਗਮ ਕਮਿਸ਼ਨਰ ਆਦਿਤਿਆ ਡੇਚਲਵਾਲ ਦੇ ਘਰ ਦੇ ਬਾਹਰ ਧਰਨਾ ਲਗਾ ਦਿੱਤਾ। ਉਸ ਤੋਂ ਪਹਿਲਾ ਆਪ ਵਰਕਰ ਨੇ ਭਾਜਪਾ ਕੌਂਸਲਰ ਦੀ ਵਿਧਾਇਕ ਦੇ ਦਫ਼ਤਰ ਵਿੱਚ ਗੱਲ ਵੀ ਕਰਵਾਈ, ਪਰ ਉਹ ਆਪਣੀ ਗੱਲ ਤੇ ਅੜੇ ਰਹੇ। ਕੌਂਸਲਰ ਨੇ ਇਸ ਪੂਰੀ ਘਟਨਾ ਦਾ ਲਾਈਵ ਵੀਡੀਓ ਸੋਸ਼ਲ ਮੀਡੀਆ ਤੇ ਕੀਤੀ ਪੋਸਟ ਭਾਜਪਾ ਕੌਂਸਲਰ ਰੂਚੀ ਗੁਲਾਟੀ ਨੇ ਦੱਸਿਆ ਕਿ ਗੁਲਮੋਹਰ ਹੋਟਲ ਗਲੀ ਵਿੱਚ ਸਵੇਰ ਤੋਂ ਹੀ ਸੜਕ ਦੀ ਸਫਾਈ ਦਾ ਕੰਮ ਚੱਲ ਰਿਹਾ ਸੀ ਅਤੇ ਸੜਕ ਦੇ ਟੋਏ ਭਰਾਉਣ ਲਈ ਪਲਾਂਟ ਤੋਂ ਇੱਕ ਗੱਡੀ ਮੰਗਵਾਈ ਗਈ ਸੀ। ਜਦਕਿ ਕੁਝ ਦਿਨ ਪਹਿਲਾਂ ਵੀ ਵਾਰਡ 73 ਦੇ ਇਲਾਕੇ ਦੀਆਂ ਗਲੀਆਂ ਵਿੱਚ ਪੈਚ ਲਗਾਏ ਗਏ ਸਨ। ਉਨ੍ਹਾਂ ਕਿਹਾ ਕਿ ਸੋਮਵਾਰ ਦੁਪਹਿਰ ਨੂੰ ਆਪ ਵਰਕਰ ਨੇ ਜਾਣਬੁੱਝ ਕੇ ਕੰਮ ਵਿੱਚ ਰੁਕਾਵਟ ਪਾਈ ਤੇ ਮੰਗ ਕੀਤੀ ਕਿ ਉਨ੍ਹਾਂ ਦੇ ਇਲਾਕੇ ਵਿੱਚ ਪੈਚ ਵਰਕ ਪਹਿਲਾਂ ਸ਼ੁਰੂ ਕੀਤਾ ਜਾਵੇ। ਹਾਲਾਂਕਿ, ਕੰਮ ਉਸੇ ਥਾਂ ਤੇ ਦੁਬਾਰਾ ਸ਼ੁਰੂ ਕੀਤਾ ਜਾ ਰਿਹਾ ਸੀ ਜਿੱਥੇ ਇਸ ਨੂੰ ਰੋਕਿਆ ਗਿਆ ਸੀ। ਗੁਲਾਟੀ ਨੇ ਕਿਹਾ ਕਿ ਇਲਾਕਾ ਨਿਵਾਸੀ ਜਾਣਦੇ ਹਨ ਕਿ ਵਾਰਡ ਵਿੱਚ ਕੰਮ ਕੋਣ ਕਰਵਾ ਰਿਹਾ ਹੈ। ਕੰਮ ਸ਼ੁਰੂ ਨਾ ਹੁੰਦਾ ਦੇਖ ਭਾਜਪਾ ਕੌਂਸਲਰ ਨੇ ਸਥਾਨਕ ਨਿਵਾਸੀਆਂ ਅਤੇ ਸਮਰਥਕਾਂ ਨਾਲ ਮਿਲ ਕੇ ਰੋਡ ਰੋਲਰ ਅੱਗੇ ਧਰਨਾ ਲਗਾ ਦਿੱਤਾ ਅਤੇ ਰੋਡ ਰੋਲਰ ਅਤੇ ਟਿੱਪਰ ਨੂੰ ਆਪ ਵਰਕਰ ਵੱਲੋਭ ਦੱਸੀ ਜਗ੍ਹਾ ਜਾਣ ਤੋਂ ਰੋਕਿਆ। ਨਗਰ ਨਿਗਮ ਕਮਿਸ਼ਨਰ ਦੇ ਘਰ ਦੇ ਬਾਹਰ ਲਗਾਇਆ ਧਰਨਾ ਜਦੋਂ ਭਾਜਪਾ ਕੌਂਸਲਰ ਰੂਚੀ ਗੁਲਾਟੀ ਨੇ ਸੁਣਵਾਈ ਨਾ ਹੁੰਦੀ ਦੇਖੀ ਤਾਂ ਉਨ੍ਹਾਂ ਆਪਣੇ ਕੁਝ ਸਮਰਥਕਾਂ ਨਾਲ ਸ਼ਾਮ ਨੂੰ ਨਗਰ ਨਿਗਮ ਕਮਿਸ਼ਨਰ ਆਦਿਤਿਆ ਡੇਚਲਵਾਲ ਦੇ ਘਰ ਦੇ ਬਾਹਰ ਧਰਨਾ ਲਗਾ ਦਿੱਤਾ। ਜਿਸ ਦੀ ਜਾਣਕਾਰੀ ਮਿਲਦੇ ਹੀ ਭਾਜਪਾ ਦੇ ਨੇਤਾ ਮੌਕੇ ਤੇ ਪੁੱਜਣਾ ਸ਼ੁਰੂ ਹੋ ਗਏ। ਭਾਜਪਾ ਕੌਂਸਲਰ ਰੂਚੀ ਗੁਲਾਟੀ ਦਾ ਕਹਿਣਾ ਹੈ ਕਿ ਉਹ ਨਗਰ ਨਿਗਮ ਕਮਿਸ਼ਨਰ ਦੇ ਘਰ ਦੇ ਬਾਹਰ ਉਦੋਂ ਤੱਕ ਧਰਨਾ ਦਿੰਦੇ ਰਹਿਣਗੇ ਜਦੋਂ ਤੱਕ ਉਨ੍ਹਾਂ ਦੀ ਸੁਣਵਾਈ ਨਹੀਂ ਕੀਤੀ ਜਾਂਦੀ। ਉਨ੍ਹਾਂ ਕਿਹਾ ਕਿ ਆਪ ਦੇ ਰਾਜ ਵਿੱਚ ਭਾਜਪਾ ਕੌਂਸਲਰਾਂ ਨੂੰ ਹਰ ਵਾਰ ਆਪਣੇ ਹੱਕਾਂ ਲਈ ਧਰਨਾ ਦੇਣਾ ਪੈਂਦਾ ਹੈ। ਉਹ ਆਪਣੇ ਲਈ ਨਹੀਂ ਸਗੋਂ ਆਪਣੇ ਵਾਰਡ ਲਈ ਕੰਮ ਕਰਵਾ ਰਹੇ ਹਨ। ਉਨ੍ਹਾਂ ਦੋਸ਼ ਲਗਾਇਆ ਕਿ ਆਪ ਵਰਕਰ ਨੇ ਇੱਕ ਮਹਿਲਾ ਕੌਂਸਲਰ ਨੂੰ ਗਲਤ ਸ਼ਬਦਾਂ ਦੀ ਵਰਤੋਂ ਕੀਤੀ ਹੈ, ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਮਹਿਲਾ ਕਮਿਸ਼ਨ ਵਿੱਚ ਦਿੱਤੀ ਸ਼ਿਕਾਇਤ ਭਾਜਪਾ ਕੌਂਸਲਰ ਰੂਚੀ ਗੁਲਾਟੀ ਨੇ ਇਸ ਮਾਮਲੇ ਸਬੰਧੀ ਰਾਸ਼ਟਰੀ ਮਹਿਲਾ ਕਮਿਸ਼ਨ ਕੋਲ ਵੀ ਸ਼ਿਕਾਇਤ ਦਰਜ ਕਰਵਾਈ ਹੈ। ਸ਼ਿਕਾਇਤ ਵਿੱਚ ਉਨ੍ਹਾਂ ਕਿਹਾ ਹੈ ਕਿ ਲੁਧਿਆਣਾ ਨਗਰ ਨਿਗਮ ਦੇ 95 ਵਾਰਡਾਂ ਵਿੱਚੋਂ 50 ਪ੍ਰਤੀਸ਼ਤ ਔਰਤਾਂ ਲਈ ਰਾਖਵੇਂ ਹਨ। ਜਨਤਾ ਨੇ ਉਨ੍ਹਾਂ ਨੂੰ ਵਾਰਡ ਨੰਬਰ 73 ਤੋਂ ਕੌਂਸਲਰ ਵਜੋਂ ਭਾਰੀ ਬਹੁਮਤ ਨਾਲ ਚੁਣਿਆ ਹੈ। ਹਾਲਾਂਕਿ, ਸੱਤਾਧਾਰੀ ਪਾਰਟੀ ਦੇ ਆਗੂ ਉਨ੍ਹਾਂ ਦੀਆਂ ਪ੍ਰਸ਼ਾਸਕੀ ਸ਼ਕਤੀਆਂ ਤੇ ਕਬਜ਼ਾ ਕਰ ਰਹੇ ਹਨ। ਸੱਤਾਧਾਰੀ ਪਾਰਟੀ ਵੱਲੋਂ ਲੋਕਾਂ ਵਿੱਚ ਉਨ੍ਹਾਂ ਨੂੰ ਖਤਮ ਕਰਨ ਲਈ ਪੂਰੀ ਸਰਕਾਰੀ ਮਸ਼ੀਨਰੀ ਲਗਾ ਦਿੱਤੀ ਹੈ, ਜਿਸ ਕਾਰਨ ਮਹਿਲਾ ਕੌਂਸਲਰਾਂ ਨੂੰ ਆਪਣੇ ਵਾਰਡਾਂ ਵਿੱਚ ਕੰਮ ਕਰਵਾਉਣ ਲਈ ਭਾਰੀ ਪ੍ਰੇਸ਼ਾਨੀਆਂ ਝੱਲਣੀਆਂ ਪੈ ਰਹੀਆਂ ਹਨ। ਉਨ੍ਹਾਂ ਕਿਹਾ ਕਿ ਹੁਣ ਤਾਂ ਸਾਡੇ ਵਜੂਦ ਨੂੰ ਬਚਾਉਣ ਲਈ ਮਹਿਲਾ ਕਮਿਸ਼ਨ ਹੀ ਇੱਕੋ ਇੱਕ ਵਿਕਲਪ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨਾਲ ਬਦਸਲੂਕੀ ਕਰਨ ਵਾਲੇ ਆਪ ਵਰਕਰ ਤੇ ਕਰਵਾਈ ਕਰਵਾਉਣ ਲਈ ਉਨ੍ਹਾਂ ਆਪ ਵਬਕਰ ਖਿਲਾਫ ਥਾਣਾ ਡਵੀਜ਼ਨ ਨੰਬਰ 5 ਨੂੰ ਲਿਖਤੀ ਸ਼ਿਕਾਇਤ ਵੀ ਦਿੱਤੀ ਹੈ। ਬੀਐਂਡਆਰ ਸ਼ਾਖਾ ਦੇ ਅਧਿਕਾਰੀ ਮਾਮਲੇ ਤੋਂ ਝਾੜਦੇ ਰਹੇ ਪੱਲਾ ਇਸ ਮਾਮਲੇ ਬਾਰੇ ਨਗਰ ਨਿਗਮ ਦੀ ਬੀਐਂਡਆਰ ਸ਼ਾਖਾ ਦੇ ਸੁਪਰਡੈਂਟ ਇੰਜੀਨੀਅਰ ਸ਼ਾਮ ਲਾਲ ਗੁਪਤਾ ਦਾ ਕਹਿਣਾ ਹੈ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਨਹੀਂ ਹੈ। ਉਹ ਇਸ ਦੀ ਜਾਂਚ ਕਰਕੇ ਹੀ ਕੋਈ ਜਾਣਕਾਰੀ ਦੇ ਸਕਦੇ ਹਨ। ਇਸ ਦੌਰਾਨ ਸਹਾਇਕ ਇੰਜੀਨੀਅਰ ਅਵਤਾਰ ਸਿੰਘ ਨੇ ਕਿਹਾ ਕਿ ਉਹ ਤਿੰਨ ਦਿਨਾਂ ਤੋਂ ਛੁੱਟੀ ਤੇ ਸਨ ਅਤੇ ਉਨ੍ਹਾਂ ਨੂੰ ਨਹੀਂ ਪਤਾ ਕਿ ਇਜਾਜ਼ਤ ਕਿਸ ਨੇ ਲਈ ਸੀ। ਮਾਮਲੇ ਦੀ ਜਾਣਕਾਰੀ ਲੈਣ ਲਈ ਜੂਨੀਅਰ ਰੁਪਿੰਦਰ ਸਿੰਘ ਨਾਲ ਸੰਪਰਕ ਕਰਨ ਦੀਆਂ ਕਈ ਕੋਸ਼ਿਸ਼ਾਂ ਕੀਤੀਆਂ ਗਈਆਂ, ਪਰ ਉਨ੍ਹਾਂ ਨਾਲ ਸੰਪਰਕ ਨਹੀਂ ਹੋ ਸਕਿਆ। ਮੇਅਰ ਨੇ ਮੌਕੇ ਤੇ ਪਹੁੰਚ ਭਰੋਸਾ ਦੇ ਧਰਨਾ ਕਰਵਾਇਆ ਖਤਮ ਜਿਵੇਂ ਹੀ ਨਗਰ ਨਿਗਮ ਕਮਿਸ਼ਨਰ ਦੇ ਘਰ ਦੇ ਬਾਹਰ ਭਾਜਪਾ ਦੀ ਮਹਿਲਾ ਕੌਂਸਲਰ ਰੂਚੀ ਗੁਲਾਟੀ ਵੱਲੋਂ ਲਗਾਏ ਧਰਨੇ ਦੀ ਜਾਣਕਾਰੀ ਮੇਅਰ ਪ੍ਰਿੰਸੀਪਲ ਇੰਦਰਜੀਤ ਕੌਰ ਨੂੰ ਮਿਲੀ ਤਾਂ ਉਹ ਮੌਕੇ ਤੇ ਪੁੱਜੇ ਉਨ੍ਹਾਂ ਧਰਨੇ ਤੇ ਬੈਠੇ ਕੌਂਸਲਰ ਨੂੰ ਭਰੌਸਾ ਦਿੱਤਾ ਕਿ ਉਹ ਬੁੱਧਵਾਰ ਨੂੰ ਮੀਟਿੰਗ ਕਰਕੇ ਮਸਲੇ ਦਾ ਹੱਲ ਕਰਨਗੇ। ਮੇਅਰ ਦੇ ਭਰੌਸੇ ਤੋਂ ਬਾਅਦ ਭਾਜਪਾ ਕੌਂਸਲਰ ਨੇ ਬੁੱਧਵਾਰ ਤੱਕ ਧਰਨਾ ਮੁਲਤਵੀ ਕਰ ਦਿੱਤਾ ਹੈ। ਕੌਂਸਲਰ ਰੂਚੀ ਗੁਲਾਟੀ ਦਾ ਕਹਿਣਾ ਹੈ ਕਿ ਜੇਕਰ ਉਨ੍ਹਾਂ ਦੀ ਸੁਣਵਾਈ ਨਾ ਹੋਈ ਤਾਂ ਧਰਨਾ ਮੁੜ ਸ਼ੁਰੂ ਕਰ ਦਿੱਤਾ ਜਾਵੇਗਾ।