ਵਿਆਹ ਵਾਲੇ ਸਾਰੇ ਸਮਾਗਮ ਬੜੇ ਹੀ ਚਾਂਈ-ਚਾਂਈ ਮਨਾਏ ਗਏ, ਸ਼ਗਨ ਤੇ ਹੋਰ ਰੀਤੀ-ਰਿਵਾਜਾਂ ਤੋਂ ਬਾਅਦ ਅੱਜ ਇੱਕ ਵੱਡੇ ਪੈਲੇਸ ਵਿਚ ਵਿਆਹ ਰੱਖਿਆ ਗਿਆ ਸੀ। ਪੈਲੇਸ ਵਿਚ ਜਾਣ ਤੋਂ ਪਹਿਲਾਂ ਲੜਕਾ ਤੇ ਲੜਕੀ ਦੋਵਾਂ ਦੇ ਲਾਵਾਂ ਹੋਣੀਆਂ ਸਨ ਜਿੱਥੇ ਉਹ ਦੋਵੇਂ ਆਪਣੇ ਪਰਿਵਾਰਕ ਮੈਂਬਰਾਂ ਨਾਲ ਗੁਰੂ ਘਰ ਪੁੱਜੇ। ਗੁਰੂ ਘਰ ਵਿਚ ਅਜੇ ਆਨੰਦ ਕਾਰਜਾਂ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਸਨ ਕਿ ਅਚਾਨਕ ਲਾੜੀ ਨੇ ਫੇਰਿਆਂ ਤੋਂ ਪਹਿਲਾਂ ਵਿਆਹ ਕਰਵਾਉਣ ਤੋਂ ਇਨਕਾਰ ਕਰ ਦਿੱਤਾ।

ਕਰਮਜੀਤ ਸਿੰਘ ਆਜ਼ਾਦ, ਪੰਜਾਬੀ ਜਾਗਰਣ , ਸ੍ਰੀ ਮਾਛੀਵਾੜਾ ਸਾਹਿਬ : ਵਿਧਾਨ ਸਭਾ ਹਲਕਾ ਸਮਰਾਲਾ ਦੇ ਇੱਕ ਪਿੰਡ ਵਿਚ ਇੱਕ ਅਜਿਹਾ ਮਾਮਲੇ ਦੇਖਣ ਵਿਚ ਆਇਆ, ਜਿਸ ਵਿਚ ਆਨੰਦ ਕਾਰਜਾਂ ਤੋਂ ਪਹਿਲਾਂ ਲਾੜੀ ਨੇ ਲਾੜੇ ਨਾਲ ਵਿਆਹ ਤੋਂ ਇਨਕਾਰ ਕਰ ਦਿੱਤਾ, ਜਿਸ ਕਾਰਨ ਦੋਵੇਂ ਪਰਿਵਾਰਾਂ ਦੇ ਮੈਂਬਰ ਮਾਯੂਸ ਨਜ਼ਰ ਆਏ। ਜਾਣਕਾਰੀ ਅਨੁਸਾਰ ਮਾਛੀਵਾੜਾ ਇਲਾਕੇ ਨਾਲ ਸਬੰਧਿਤ ਇੱਕ ਪਿੰਡ ਦਾ ਐੱਨਆਰਆਈ ਲੜਕਾ ਵਿਦੇਸ਼ ਤੋਂ ਆਇਆ ਅਤੇ ਪਰਿਵਾਰ ਵਾਲਿਆਂ ਵੱਲੋਂ ਖੁਸ਼ੀ-ਖੁਸ਼ੀ ਇੱਕ ਲੜਕੀ ਨਾਲ ਉਸ ਦਾ ਰਿਸ਼ਤਾ ਪੱਕਾ ਕਰ ਕੇ ਵਿਆਹ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ। ਵਿਆਹ ਵਾਲੇ ਸਾਰੇ ਸਮਾਗਮ ਬੜੇ ਹੀ ਚਾਂਈ-ਚਾਂਈ ਮਨਾਏ ਗਏ, ਸ਼ਗਨ ਤੇ ਹੋਰ ਰੀਤੀ-ਰਿਵਾਜਾਂ ਤੋਂ ਬਾਅਦ ਅੱਜ ਇੱਕ ਵੱਡੇ ਪੈਲੇਸ ਵਿਚ ਵਿਆਹ ਰੱਖਿਆ ਗਿਆ ਸੀ। ਪੈਲੇਸ ਵਿਚ ਜਾਣ ਤੋਂ ਪਹਿਲਾਂ ਲੜਕਾ ਤੇ ਲੜਕੀ ਦੋਵਾਂ ਦੇ ਲਾਵਾਂ ਹੋਣੀਆਂ ਸਨ ਜਿੱਥੇ ਉਹ ਦੋਵੇਂ ਆਪਣੇ ਪਰਿਵਾਰਕ ਮੈਂਬਰਾਂ ਨਾਲ ਗੁਰੂ ਘਰ ਪੁੱਜੇ। ਗੁਰੂ ਘਰ ਵਿਚ ਅਜੇ ਆਨੰਦ ਕਾਰਜਾਂ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਸਨ ਕਿ ਅਚਾਨਕ ਲਾੜੀ ਨੇ ਫੇਰਿਆਂ ਤੋਂ ਪਹਿਲਾਂ ਵਿਆਹ ਕਰਵਾਉਣ ਤੋਂ ਇਨਕਾਰ ਕਰ ਦਿੱਤਾ।
ਜਦੋਂ ਲਾੜੀ ਨੇ ਵਿਆਹ ਤੋਂ ਇਨਕਾਰ ਕੀਤਾ ਤਾਂ ਦੋਵਾਂ ਪਰਿਵਾਰਾਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ ਅਤੇ ਲੜਕੀ ਦੇ ਪਰਿਵਾਰਕ ਮੈਂਬਰਾਂ ਨੇ ਬਹੁਤ ਕੋਸ਼ਿਸ਼ਾਂ ਕੀਤੀਆਂ ਕਿ ਇਹ ਵਿਆਹ ਸਿਰੇ ਚੜ੍ਹ ਜਾਵੇ ਪਰ ਲੜਕੀ ਬੇਜ਼ਿੱਦ ਰਹੀ। ਅਖੀਰ ਲਾੜਾ ਜੋ ਕਿ ਸਿਰ ’ਤੇ ਸਿਹਰਾ ਸਜਾ ਕੇ ਵਿਆਹ ਕਰਨ ਲਈ ਪੁੱਜਿਆ ਸੀ ਤੇ ਉਸ ਦੇ ਪਰਿਵਾਰਕ ਮੈਂਬਰ ਵੀ ਮਾਯੂਸ ਹੋ ਕੇ ਗੁਰੂ ਘਰ ਤੋਂ ਹੀ ਵਾਪਸ ਪਰਤ ਗਏ। ਲੜਕੀ ਵਾਲਿਆਂ ਵੱਲੋਂ ਵਿਆਹ ਲਈ ਇਲਾਕੇ ਦਾ ਇੱਕ ਵੱਡਾ ਮੈਰਿਜ ਪੈਲੇਸ ਬੁੱਕ ਕੀਤਾ ਹੋਇਆ ਸੀ ਜਿੱਥੇ ਕਿ ਲਾੜੇ ਵੱਲੋਂ ਬਰਾਤੀ ਤੇ ਲੜਕੀ ਵਾਲਿਆਂ ਵੱਲੋਂ ਵੀ ਕਾਫ਼ੀ ਰਿਸ਼ਤੇਦਾਰ ਤੇ ਪਰਿਵਾਰਕ ਮੈਂਬਰ ਵਿਆਹ ਦੀਆਂ ਖੁਸ਼ੀਆਂ ਦਾ ਆਨੰਦ ਮਾਣਨ ਪੁੱਜੇ ਸਨ। ਮੈਰਿਜ ਪੈਲੇਸ ਵਿਚ ਪੁੱਜੇ ਬਰਾਤੀ ਤੇ ਰਿਸ਼ਤੇਦਾਰ ਸਵੇਰੇ ਨਾਸ਼ਤੇ ਵਿਚ ਪਕੌੜੇ ਤੇ ਤਰ੍ਹਾਂ-ਤਰ੍ਹਾਂ ਦੇ ਪਕਵਾਨ ਖਾ ਕੇ ਇੰਤਜ਼ਾਰ ਕਰ ਰਹੇ ਸਨ ਕਿ ਕਦੋਂ ਲਾੜਾ-ਲਾੜੀ ਲਾਵਾਂ ਲੈ ਕੇ ਆਉਣ ਅਤੇ ਭੰਗੜੇ ਪਾ ਸਕੀਏ। ਹੋਰ ਤਾਂ ਹੋਰ ਵਿਆਹ ਵਿਚ ਲੜਕੇ ਵਾਲਿਆਂ ਵੱਲੋਂ ਮਲਵਈ ਗਿੱਧੇ ਵੀ ਬੁੱਕ ਕੀਤੇ ਸਨ ਜੋ ਕਿ ਇੰਤਜ਼ਾਰ ਕਰ ਰਹੇ ਸਨ ਕਿ ਕਦੋਂ ਲਾੜਾ-ਲਾੜੀ ਆਉਣ ਤੇ ਉਹ ਆਪਣੀ ਕਲਾ ਦਾ ਜੌਹਰ ਦਿਖਾਉਣ ਪਰ ਜਦੋਂ ਮੈਰਿਜ ਪੈਲੇਸ ਵਿਚ ਖ਼ਬਰ ਪੁੱਜੀ ਕਿ ਗੁਰੂ ਘਰ ਵਿਚ ਲੜਕੀ ਨੇ ਵਿਆਹ ਤੋਂ ਇਨਕਾਰ ਕਰ ਦਿੱਤਾ ਤਾਂ ਇੱਕਦਮ ਉੱਥੇ ਵੀ ਸੰਨਾਟਾ ਛਾ ਗਿਆ। ਲੜਕੀ ਨੇ ਵਿਆਹ ਤੋਂ ਇਨਕਾਰ ਕੀਤਾ ਇਸ ਦੇ ਸਪੱਸ਼ਟ ਕਾਰਨਾਂ ਦਾ ਪਤਾ ਤਾਂ ਨਹੀਂ ਲੱਗ ਸਕਿਆ ਪਰ ਖ਼ਬਰ ਜਿਉਂ ਹੀ ਇਲਾਕੇ ਵਿਚ ਫੈਲੀ ਤਾਂ ਹਰ ਕੋਈ ਇਸ ਨੂੰ ਮੰਦਭਾਗਾ ਦੱਸ ਰਿਹਾ ਸੀ।