ਮੈਨੇਜਰ ਨੂੰ ਝਾਂਸੇ ’ਚ ਲੈ ਕੇ ਨਾਲ ਕੀਤੀ ਧੋਖਾਧੜੀ
ਮੈਨੇਜਰ ਨੂੰ ਝਾਂਸੇ ਵਿੱਚ ਲੈ ਕੇ ਬੈਂਕ ਦੇ ਗ੍ਰਾਹਕ ਨਾਲ ਕੀਤੀ ਧੋਖਾਧੜੀ
Publish Date: Tue, 27 Jan 2026 09:52 PM (IST)
Updated Date: Wed, 28 Jan 2026 04:14 AM (IST)

ਜਾਂਚ ਉਪਰੰਤ ਮੁਲਜ਼ਮ ਉੱਤਰ ਪ੍ਰਦੇਸ਼ ਤੋਂ ਗ੍ਰਿਫ਼ਤਾਰ ਰਿਮਾਂਡ ਦੇ ਦੌਰਾਨ ਕੀਤੀ ਜਾ ਰਹੀ ਹੈ ਪੁੱਛ-ਗਿੱਛ ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ, ਲੁਧਿਆਣਾ : ਮਹਾਨਗਰ ਲੁਧਿਆਣਾ ਦੀ ਪੁਲਿਸ ਨੇ ਸਾਇਬਰ ਧੋਖਾਧੜੀ ਖ਼ਿਲਾਫ਼ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ ਤਹਿਤ ਇੱਕ ਵੱਡੀ ਸਫ਼ਲਤਾ ਹਾਸਲ ਕੀਤੀ ਹੈ। ਪੁਲਿਸ ਨੇ ਫਰਜ਼ੀ ਦਸਤਾਵੇਜ਼ਾਂ ਰਾਹੀਂ ਬੈਂਕ ਮੈਨੇਜਰ ਨੂੰ ਗੁੰਮਰਾਹ ਕਰਕੇ 4.20 ਲੱਖ ਰੁਪਏ ਦੀ ਧੋਖਾਧੜੀ ਕਰਨ ਵਾਲੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਸਾਇਬਰ ਪੁਲਿਸ ਸਟੇਸ਼ਨ ਲੁਧਿਆਣਾ ਦੇ ਐੱਸਐੱਚਓ ਇੰਸਪੈਕਟਰ ਸਤਬੀਰ ਸਿੰਘ ਨੇ ਦੱਸਿਆ ਕਿ ਗ੍ਰਿਫ਼ਤਾਰ ਮੁਲਜ਼ਮ, ਆਪਣੇ ਸਾਥੀ ਨਾਲ ਮਿਲ ਕੇ ਬੈਂਕ ਦੇ ਇੱਕ ਗ੍ਰਾਹਕ ਦੇ ਬੈਂਕ ਮੈਨੇਜਰ ਨੂੰ ਫਰਜ਼ੀ ਦਸਤਾਵੇਜ਼ ਭੇਜੇ। ਇਨ੍ਹਾਂ ਦਸਤਾਵੇਜ਼ਾਂ ਦੇ ਆਧਾਰ ’ਤੇ ਬੈਂਕ ਮੈਨੇਜਰ ਨੂੰ ਗੁੰਮਰਾਹ ਕਰ ਕੇ ਗ੍ਰਾਹਕ ਦੇ ਖਾਤੇ ਵਿੱਚੋਂ 4.20 ਲੱਖ ਰੁਪਏ ਕਿਸੇ ਹੋਰ ਬੈਂਕ ਖਾਤੇ ਵਿੱਚ ਟਰਾਂਸਫਰ ਕਰਵਾ ਲਏ ਗਏ। ਬਾਅਦ ਵਿੱਚ ਜਦੋਂ ਅਸਲੀ ਖਾਤਾ ਧਾਰਕ ਨੂੰ ਪੈਸੇ ਟਰਾਂਸਫਰ ਹੋਣ ਦਾ ਮੈਸੇਜ ਮਿਲਿਆ ਤਾਂ ਉਸ ਨੇ ਤੁਰੰਤ ਬੈਂਕ ਮੈਨੇਜਰ ਨੂੰ ਸੂਚਿਤ ਕੀਤਾ, ਜਿਸ ਤੋਂ ਬਾਅਦ ਧੋਖਾਧੜੀ ਦਾ ਖੁਲਾਸਾ ਹੋਇਆ। ਇੰਸਪੈਕਟਰ ਸਤਬੀਰ ਸਿੰਘ ਨੇ ਦੱਸਿਆ ਕਿ ਮੁਕੱਦਮਾ ਦਰਜ ਕਰਨ ਉਪਰੰਤ ਪੁਲਿਸ ਨੇ ਸਾਰੇ ਮਾਮਲੇ ਦੀ ਡੁੰਘਾਈ ਨਾਲ ਤਫਤੀਸ਼ ਕੀਤੀ ਅਤੇ ਜਾਂਚ ਅਧਿਕਾਰੀ ਐਸਆਈ ਹਰਿੰਦਰਪਾਲ ਵੱਲੋਂ ਉੱਤਰ ਪ੍ਰਦੇਸ਼ ਦੇ ਪੀਲੀਭੀਤ ਜ਼ਿਲ੍ਹੇ ਤੋਂ ਮੁਲਜ਼ਮ ਵਿਸ਼ਾਲ ਵਰਮਾ ਨੂੰ ਗ੍ਰਿਫ਼ਤਾਰ ਕੀਤਾ। ਪੁਲਿਸ ਨੇ ਮੁਲਜ਼ਮ ਨੂੰ ਅਦਾਲਤ ਵਿੱਚ ਪੇਸ਼ ਕਰਕੇ ਮੁਲਜ਼ਮ ਦਾ ਰਿਮਾਂਡ ਹਾਸਲ ਕੀਤਾ। ਰਿਮਾਂਡ ਦੌਰਾਨ ਮੁਲਜ਼ਮ ਵੱਲੋਂ ਕੀਤੇ ਅਹਿਮ ਖੁਲਾਸਿਆਂ ਦੇ ਆਧਾਰ ’ਤੇ ਪੁਲਿਸ ਹੋਰ ਸ਼ਾਮਲ ਵਿਅਕਤੀਆਂ ਦੀ ਭਾਲ ਕਰ ਰਹੀ ਹੈ। ਨਿੱਜੀ ਪਾਸਵਰਡ ਨਾ ਕਰੋ ਸਾਂਝੇ ਇੰਸਪੈਕਟਰ ਸਤਬੀਰ ਸਿੰਘ ਨੇ ਆਖਿਆ ਕਿ ਸਾਇਬਰ ਧੋਖਾਧੜੀ ਦੇ ਵੱਧ ਰਹੇ ਮਾਮਲਿਆਂ ਨੂੰ ਦੇਖਦੇ ਹੋਏ ਅਜਿਹੇ ਅਪਰਾਧੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਨਾਲ ਹੀ, ਉਨ੍ਹਾਂ ਜਨਤਾ ਨੂੰ ਸਚੇਤ ਕਰਦਿਆਂ ਅਪੀਲ ਕੀਤੀ ਕਿ ਕੋਈ ਵੀ ਵਿਅਕਤੀ ਆਪਣਾ ਓਟੀਪੀ, ਪਾਸਵਰਡ, ਕ੍ਰੈਡਿਟ ਜਾਂ ਡੈਬਿਟ ਕਾਰਡ ਦੀ ਜਾਣਕਾਰੀ ਕਿਸੇ ਨਾਲ ਵੀ ਸਾਂਝੀ ਨਾ ਕਰੋ ਤਾਂ ਜੋ ਆਨਲਾਈਨ ਠੱਗੀ ਤੋਂ ਬਚਿਆ ਜਾ ਸਕੇ।