ਏਸ਼ੀਆ ਦੀ ਦੂਜੀ ਵੱਡੀ ਮੰਡੀ ਦਾ ਬੁਰਾ ਹਾਲ: ਲਿਫਟਿੰਗ 'ਚ ਦੇਰੀ ਕਾਰਨ ਖੁੱਲ੍ਹੇ ਅਸਮਾਨ ਹੇਠ ਭਿੱਜੀ 'ਅੰਨਦਾਤਾ' ਦੀ ਫ਼ਸਲ
ਐਤਵਾਰ ਸਵੇਰੇ ਮੀਂਹ ਪੈਂਦਿਆਂ ‘ਪੰਜਾਬੀ ਜਾਗਰਣ’ ਵੱਲੋਂ ਸਥਾਨਕ ਜਗਰਾਓਂ ਮੰਡੀ ਸਮੇਤ ਉਪ ਮੰਡੀਆਂ ਦਾ ਦੌਰਾ ਕੀਤਾ ਤਾਂ ਇਨ੍ਹਾਂ ਸਾਰੀਆਂ ਮੰਡੀਆਂ ’ਚ ਖੁੱਲ੍ਹੇ ਅਸਮਾਨ ਹੇਠ ਕਣਕ ਨਾਲ ਭਰੀਆਂ ਪਈਆਂ ਬੋਰੀਆਂ ਮੀਂਹ ’ਚ ਪਈਆਂ ਸਨ।
Publish Date: Mon, 04 May 2026 08:54 AM (IST)
Updated Date: Mon, 04 May 2026 08:56 AM (IST)

ਸੰਜੀਵ ਗੁਪਤਾ, ਪੰਜਾਬੀ ਜਾਗਰਣ, ਜਗਰਾਓਂ : ਏਸ਼ੀਆ ਦੀ ਦੂਜੀ ਵੱਡੀ ਅਨਾਜ ਮੰਡੀ ’ਚ ਅੱਜ ਤੜਕਸਾਰ ਵਰ੍ਹੇ ਮੀਂਹ ’ਚ ਕਣਕ ਦੀਆਂ ਲੱਖਾਂ ਬੋਰੀਆਂ ਖ਼ਰਾਬ ਹੋ ਗਈਆਂ। ਅੱਜ ਦੇ ਮੀਂਹ ਤੋਂ ਪਹਿਲਾਂ ਲਿਫਟਿੰਗ ਦੀ ਸਮੱਸਿਆ ਕਾਰਨ ਮਜ਼ਦੂਰਾਂ, ਆੜ੍ਹਤੀਆਂ ਅਤੇ ਕਿਸਾਨਾਂ ਨੇ ਵਾਰ-ਵਾਰ ਪ੍ਰਸਾਸਨ ਨੂੰ ਲਿਫਟਿੰਗ ਦੀ ਦੁਹਾਈ ਦਿੱਤੀ ਪਰ ਪ੍ਰਸ਼ਾਸਨ ਨੇ ਭਰੋਸਿਆਂ ਨਾਲ ਡੰਗ ਟਪਾਉਂਦਿਆਂ ਆਪਣੀ ਮਨਮਰਜ਼ੀ ਕੀਤੀ, ਜਿਸ ਦੇ ਨਤੀਜੇ ਵਜੋਂ ਅੱਜ ਖੁੱਲ੍ਹੇ ਅਸਮਾਨ ਹੇਠ ਪਈਆਂ ਬੋਰੀਆਂ ਮੀਂਹ ’ਚ ਭਿੱਜ ਗਈਆਂ। ਹਾਲਾਂਕਿ ਆੜ੍ਹਤੀਆਂ ਅਤੇ ਮਜ਼ਦੂਰਾਂ ਨੇ ਮੀਂਹ ਪੈਣ ਤੋਂ ਪਹਿਲਾਂ ਵੀ ਤਰਪਾਲਾਂ ਨਾਲ ਕਣਕ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਲੱਖਾਂ ਦੀ ਗਿਣਤੀ ’ਚ ਪਈਆਂ ਬੋਰੀਆਂ ਨੂੰ ਬਚਾਉਣ ਲਈ ਤਰਪਾਲਾਂ ਦਾ ਸਟਾਕ ਵੀ ਘੱਟ ਪੈ ਗਿਆ। ਅਜਿਹੇ ’ਚ ਖੁੱਲ੍ਹੇ ਅਸਮਾਨ ਹੇਠ ਪਈਆਂ ਕਣਕ ਨਾਲ ਭਰੀਆਂ ਬੋਰੀਆਂ ਭਿੱਜਦੀਆਂ ਰਹੀਆਂ। ਐਤਵਾਰ ਸਵੇਰੇ ਮੀਂਹ ਪੈਂਦਿਆਂ ‘ਪੰਜਾਬੀ ਜਾਗਰਣ’ ਵੱਲੋਂ ਸਥਾਨਕ ਜਗਰਾਓਂ ਮੰਡੀ ਸਮੇਤ ਉਪ ਮੰਡੀਆਂ ਦਾ ਦੌਰਾ ਕੀਤਾ ਤਾਂ ਇਨ੍ਹਾਂ ਸਾਰੀਆਂ ਮੰਡੀਆਂ ’ਚ ਖੁੱਲ੍ਹੇ ਅਸਮਾਨ ਹੇਠ ਕਣਕ ਨਾਲ ਭਰੀਆਂ ਪਈਆਂ ਬੋਰੀਆਂ ਮੀਂਹ ’ਚ ਪਈਆਂ ਸਨ। ਜਗਰਾਓਂ ਮੰਡੀ ’ਚ ਸ਼ੈੱਡਾਂ ਹੇਠਾਂ ਪਈਆਂ ਬੋਰੀਆਂ ਜ਼ਰੂਰ ਬਚ ਗਈਆਂ ਪਰ ਸ਼ੈੱਡਾਂ ਦੇ ਬਾਹਰ ਪਈਆਂ ਕਣਕ ਦੀਆਂ ਬੋਰੀਆਂ ਤੇ ਵਿਕਣ ਲਈ ਪਈ ਕਣਕ ਗਿੱਲੀ ਹੋਈ। ਇਹੀ ਨਹੀਂ ਮੰਡੀ ਦੇ ਸ਼ੈੱਡਾਂ ਵਿਚ ਫਰਸ਼ ਦੇ ਕਈ ਥਾਂ ਲੈਵਲ ਸਹੀ ਨਾ ਹੋਣ ਕਾਰਨ ਇਨ੍ਹਾਂ ਫੜਾਂ ’ਚ ਮੀਂਹ ਦਾ ਪਾਣੀ ਮਾਰ ਕਰ ਰਿਹਾ ਸੀ। ਅਜਿਹੇ ’ਚ ਮੰਡੀ ਦੇ ਮਜ਼ਦੂਰ ਸਥਾਨਕ ਪ੍ਰਸ਼ਾਸਨ ਤੋਂ ਬੇਹੱਦ ਖਫ਼ਾ ਸਨ, ਉਨ੍ਹਾਂ ਕਿਹਾ ਕਿ ਉਹ ਕਈ ਦਿਨਾਂ ਤੋਂ ਢਿੱਲ੍ਹੀ ਲਿਫਟਿੰਗ ਦੀ ਰਫ਼ਤਾਰ ਨੂੰ ਲੈ ਕੇ ਦੁਹਾਈ ਦਿੰਦੇ ਆ ਰਹੇ ਸਨ, ਅਫਸਰਾਂ ਨੂੰ ਮਿਲੇ, ਧਰਨਾ ਵੀ ਦਿੱਤਾ ਪਰ ਕਿਸੇ ਨੇ ਨਹੀਂ ਸੁਣੀ। ਜਿਸ ਕਾਰਨ ਅੱਜ ਲੱਖਾਂ ਬੋਰੀਆਂ ਮੀਂਹ ਦੇ ਪਾਣੀ ਨਾਲ ਖ਼ਰਾਬ ਹੋ ਗਈਆਂ।
ਇਸ ਸਬੰਧ ’ਚ ਜਗਰਾਓਂ ਮਾਰਕੀਟ ਕਮੇਟੀ ਦੇ ਸਕੱਤਰ ਜਸਵਿੰਦਰ ਸਿੰਘ ਨੇ ਦੱਸਿਆ ਕਿ ਅੱਜ ਮੀਂਹ ਜ਼ਿਆਦਾ ਨਹੀਂ ਪਿਆ, ਉਸ ਦੇ ਬਾਵਜੂਦ ਮੰਡੀ ਵਿਚ ਤਰਪਾਲਾਂ ਦਾ ਪ੍ਰਬੰਧ ਹੋਣ ਕਾਰਨ ਬਚਾਅ ਰਿਹਾ।