ਕਰਮਜੀਤ ਸਿੰਘ ਆਜ਼ਾਦ/ਸਵਰਣ ਸਿੰੰਘ ਭੰਗਲਾ,ਮਾਛੀਵਾੜਾ ਸਾਹਿਬ/ ਸਮਰਾਲਾ : ਪੰਜਾਬੀ ਸਾਹਿਤ ਦੇ ਖੇਤਰ ਵਿਚ ਬਾਬਾ ਬੋਹੜ ਵਜੋਂ ਜਾਣੇ ਜਾਂਦੇ ਤੇ ਕਰੀਬ 25 ਪੁਸਤਕਾਂ ਦੇ ਰਚੇਤਾ ਅਤੇ ਲੰਬੇ ਸਮੇਂ ਤੋਂ ਦੇਸ਼-ਵਿਦੇਸ਼ ਦੇ ਰਸਾਲਿਆਂ ਵਿਚ ਨਿਰੰਤਰ ਛਪਦੇ ਆ ਰਹੇ ਪ੍ਰੋ.ਹਮਦਰਦਵੀਰ ਨੌਸ਼ਹਿਰਵੀ ਅੱਜ ਸਵੇਰੇ ਕਰੀਬ ਤਿੰਨ ਵਜੇ ਹਾਰਟ ਅਟੈਕ ਹੋਣ ਕਾਰਨ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਆਖ ਗਏ ਹਨ। ਪ੍ਰੋ ਹਮਦਰਦਵੀਰ ਨੌਸ਼ਹਿਰਵੀ ਨੂੰ ਕੱਲ੍ਹ ਦਿਨ ਵੇਲੇ ਸਾਹ ਦੀ ਤਕਲੀਫ਼ ਹੋਈ ਸੀ ਤੇ ਉਨ੍ਹਾਂ ਨੂੰ ਡਾਕਟਰੀ ਸਹਾਇਤਾ ਦਿੱਤੀ ਗਈ ਸੀ ਪਰ ਅੱਧੀ ਰਾਤ ਤੋਂ ਬਾਅਦ ਉਨ੍ਹਾਂ ਦੀ ਤਬੀਅਤ ਫਿਰ ਖ਼ਰਾਬ ਹੋ ਗਈ ਭਾਵੇਂ ਰਾਤ ਵੇਲੇ ਹੀ ਡਾਕਟਰੀ ਸਹਾਇਤਾ ਦਿੱਤੀ ਗਈ ਪਰ ਉਹ ਬਚ ਨਹੀਂ ਸਕੇ। ਆਖਰੀ ਮੌਕੇ ਉਨ੍ਹਾਂ ਕੋਲ ਛੋਟੇ ਬੇਟੇ ਨਵਚੇਤਨ ਸਿੰਘ ਸਨ।

ਪ੍ਰੋ. ਹਮਦਰਦਵੀਰ ਨੌਸ਼ਹਿਰਵੀ ਦੇ ਦੋ ਬੇਟੇ ਅਤੇ ਦੋ ਬੇਟੀਆਂ ਹਨ ਜੋ ਕਿ ਸਾਰੇ ਸ਼ਾਦੀ ਸ਼ੁਦਾ ਹਨ। ਪ੍ਰੋ. ਨੌਸ਼ਹਿਰਵੀ ਵੱਲੋਂ ਆਪਣੀ ਘਰੇਲੂ ਜ਼ਿੰਦਗੀ ਦੀ ਸ਼ੁਰੂਆਤ ਏਅਰ ਫੋਰਸ ਵਿਚ ਨੌਕਰੀ ਕਰਨ ਤੋਂ ਕੀਤੀ ਤੇ ਬਾਅਦ ਵਿਚ ਉਨ੍ਹਾਂ ਦੀ ਮਾਲਵਾ ਕਾਲਜ ਸਮਰਾਲਾ ਵਿਖੇ ਰਾਜਨੀਤੀ ਦੇ ਪ੍ਰੋਫੈਸਰ ਵਜੋਂ ਨਿਯੁਕਤੀ ਹੋਈ ਤੇ 32 ਸਾਲ ਤੋਂ ਵੱਧ ਸਮਾਂ ਸਰਵਿਸ ਕਰਕੇ ਸੇਵਾ ਮੁਕਤ ਹੋਏ। ਭਾਵੇਂ ਉਨ੍ਹਾਂ ਦਾ ਜੱਦੀ ਪਿੰਡ ਜ਼ਿਲ੍ਹਾ ਅੰਮ੍ਰਿਤਸਰ ਵਿਚ ਨੌਸ਼ਹਿਰਾ ਪਨੂੰਆ ਹੈ ਪਰ ਉਹ ਸਮਰਾਲਾ ਦੇ ਪੱਕੇ ਵਸਨੀਕ ਸਨ। ਉਨ੍ਹਾਂ ਦੀ ਰਿਹਾਇਸ਼ ਵਾਲੀ ਕੋਠੀ ਦਾ ਨਾਮ ਕਵਿਤਾ ਭਵਨ ਹੈ। ਭਾਵੇਂ ਉਨ੍ਹਾਂ ਵੱਲੋਂ ਆਪਣੀ ਦੇਹ ਦਾਨ ਕੀਤੀ ਗਈ ਸੀ ਪਰ ਕੋਰੋਨਾ ਮਹਾਮਾਰੀ ਕਾਰਨ ਡਾਕਟਰਾਂ ਵੱਲੋਂ ਦੇਹ ਲੈਣ ਤੋਂ ਇਨਕਾਰ ਕਰ ਦਿੱਤਾ ਗਿਆ। ਉਨ੍ਹਾਂ ਦਾ ਅੰਤਿਮ ਸਸਕਾਰ ਸਮਰਾਲਾ ਦੇ ਸ਼ਮਸ਼ਾਨ ਘਾਟ ਵਿੱਚ ਕਰ ਦਿੱਤਾ ਗਿਆ। ਇਸ ਮੌਕੇ ਪਰਿਵਾਰਕ ਮੈਂਬਰਾਂ ਤੋਂ ਇਲਾਵਾ ਹੋਰ ਸੱਜਣ ਮਿੱਤਰ ਵੀ ਮੌਜੂਦ ਸਨ। ਉਨ੍ਹਾਂ ਦੀ ਮੌਤ ਨਾਲ ਜਿੱਥੇ ਪੂਰੇ ਇਲਾਕੇ ਵਿਚ ਸੋਗ ਦੀ ਲਹਿਰ ਹੈ, ਉਥੇ ਬਹੁਤ ਸਾਰੇ ਸਿਆਸੀ ਤੇ ਸਮਾਜੀ ਆਗੂਆਂ ਵੱਲੋਂ ਡੂੰਘੇ ਦੁਖ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਦੀ ਅੰਤਿਮ ਅਰਦਾਸ 13 ਜੂਨ ਦਿਨ ਸ਼ਨੀਵਾਰ ਨੂੰ 12 ਤੋਂ ਬਾਅਦ ਦੁਪਹਿਰ 1ਵਜੇ ਤੱਕ ਹੋਵੇਗੀ।

ਪ੍ਰੋ. ਹਮਦਰਦਵੀਰ ਨੌਸ਼ਹਿਰਵੀ ਉਮਰਦਰਾਜ ਹੋਣ 'ਤੇ ਵੀ ਸਾਹਿਤ ਰਚਨਾ ਕਰਦੇ ਰਹੇ। ਉਨ੍ਹਾਂ ਨੂੰ ਪੰਜਾਬ ਦੀਆਂ ਕਈ ਸਾਹਿਤਕ ਸੰਸਥਾਵਾਂ ਵੱਲੋਂ ਮਾਣ-ਸਨਮਾਨ ਪ੍ਰਾਪਤ ਹੋਏ ਪਰ ਉਨ੍ਹਾਂ ਨੂੰ ਕੋਈ ਸਰਕਾਰੀ ਸਨਮਾਨ ਹਾਸਲ ਨਹੀਂ ਹੋਇਆ, ਜਿਸ ਗੱਲ ਦਾ ਉਹ ਅਕਸਰ ਗਿਲਾ ਵੀ ਕਰਿਆ ਕਰਦੇ ਸਨ। 84 ਸਾਲ ਦੀ ਉਮਰ 'ਚ ਉਨ੍ਹਾਂ ਨੇ ਕਵਿਤਾ ਭਵਨ ਸਮਰਾਲਾ 'ਚ ਆਖ਼ਰੀ ਸਾਹ ਲਿਆ। ਉਨ੍ਹਾਂ ਦੇ ਦੇਹਾਂਤ ਦੀ ਖ਼ਬਰ ਫ਼ੈਲਦਿਆਂ ਹੀ ਸਾਹਿਤਕ ਹਲਕਿਆਂ 'ਚ ਸ਼ੋਕ ਦੀ ਲਹਿਰ ਦੌੜ ਗਈ। ਪੰਜਾਬ ਦੇ ਸਾਰੇ ਸਾਹਿਤਕਾਰਾਂ ਨੇ ਫੇਸਬੁੱਕ 'ਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਉਨ੍ਹਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਹੈ।

Posted By: Tejinder Thind