ਵਿਦਿਆਰਥੀ ਜੀਵਨ ਅਨੁਸ਼ਾਸਨਮਈ ਬਣਨ ਲਈ ਸਭ ਤੋਂ ਅਹਿਮ : ਜਸਵੀਰ ਸਿੰਘ
ਏਵੀਅਰ ਸਕੂਲ ਦੇ ਵਿਦਿਆਰਥੀਆਂ ਨੂੰ ਕਰਵਾਇਆ ਟਰੈਫਿਕ ਨਿਯਮਾਂ ਤੋਂ ਜਾਣੂ,
Publish Date: Tue, 20 Jan 2026 06:48 PM (IST)
Updated Date: Wed, 21 Jan 2026 04:13 AM (IST)

ਏਵੀਅਰ ਸਕੂਲ ਦੇ ਵਿਦਿਆਰਥੀਆਂ ਨੂੰ ਕਰਵਾਇਆ ਟਰੈਫਿਕ ਨਿਯਮਾਂ ਤੋਂ ਜਾਣੂ ਗੋਬਿੰਦ ਸ਼ਰਮਾ, ਪੰਜਾਬੀ ਜਾਗਰਣ, ਸ੍ਰੀ ਮਾਛੀਵਾੜਾ ਸਾਹਿਬ : ਮਾਛੀਵਾੜਾ ਸਾਹਿਬ ਨਜ਼ਦੀਕ ਨਵੀਂ ਅਨਾਜ਼ ਮੰਡੀ ਕੋਲ ਸਥਿਤ ਵਿੱਦਿਅਕ ਸੰਸਥਾ ਏਵੀਅਰ ਕਾਨਵੈਂਟ ਸਕੂਲ ਵਿਖੇ ਰਾਸ਼ਟਰੀ ਸੜਕ ਸੁਰੱਖਿਆ ਮਹੀਨਾ ਮਨਾਉਂਦਿਆਂ ਵਿਦਿਆਰਥੀਆਂ ਨੂੰ ਟਰੈਫਿਕ ਨਿਯਮਾਂ ਬਾਰੇ ਜਾਣਕਾਰੀ ਦਿੰਦਿਆਂ ਉਹਨਾਂ ਨੂੰ ਜਾਗਰੂਕ ਕੀਤਾ ਗਿਆ। ਸਕੂਲ ਪ੍ਰਿੰਸੀਪਲ ਗੁਰਿੰਦਰ ਪਾਲ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਾਛੀਵਾੜਾ ਸਾਹਿਬ ਤੋਂ ਟ੍ਰੈਫਿਕ ਇੰਚਾਰਜ ਸਹਾਇਕ ਥਾਣੇਦਾਰ ਜਸਵੀਰ ਸਿੰਘ ਆਪਣੀ ਸਮੁੱਚੀ ਟੀਮ ਸਮੇਤ ਸਕੂਲ ਕੈਂਪਸ ਵਿੱਚ ਪੁੱਜੇ ਜਿੱਥੇ ਉਹਨਾਂ ਵਿਦਿਆਰਥੀਆਂ ਨੂੰ ਟਰੈਫਿਕ ਨਿਯਮਾਂ ਦੀ ਜਾਣਕਾਰੀ ਦਿੰਦਿਆਂ ਦੁਪਹੀਆ ਵਾਹਨਾਂ ਨੂੰ ਚਲਾਉਣ ਸੰਬੰਧੀ ਨਿਯਮਾਂ ਤੋਂ ਜਾਣੂ ਕਰਵਾਇਆ। ਟਰੈਫਿਕ ਇੰਚਾਰਜ ਜਸਵੀਰ ਸਿੰਘ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਕੂਲੀ ਸਮਾਂ ਜ਼ਿੰਦਗੀ ਵਿੱਚ ਅਨੁਸ਼ਾਸਨਮਈ ਬਣ ਕੇ ਇੱਕ ਚੰਗੇ ਨਾਗਰਿਕ ਵਜੋਂ ਉਭਰਨ ਦਾ ਸਭ ਤੋਂ ਅਹਿਮ ਸਥਾਨ ਹੁੰਦਾ ਹੈ, ਕਿਉਂਕਿ ਇਸ ਸਮੇਂ ਵਿੱਚ ਸਿੱਖੇ ਗਏ ਅਨੁਸ਼ਾਸਨ ਦੇ ਢੰਗ ਤਰੀਕੇ ਜ਼ਿੰਦਗੀ ਨੂੰ ਸਰਲ ਤੇ ਸੌਖਾ ਤਾਂ ਬਣਾਉਂਦੇ ਹੀ ਹਨ ਸਾਨੂੰ ਇੱਕ ਸੂਝਵਾਨ ਅਤੇ ਚੰਗਾ ਨਾਗਰਿਕ ਬਣਾਉਣ ਵਿੱਚ ਵੀ ਅਹਿਮ ਰੋਲ ਅਦਾ ਕਰਦੇ ਹਨ। ਉਨ੍ਹਾਂ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਜੋਕੇ ਸਮੇਂ ਵਿੱਚ ਦਿਨ ਪ੍ਰਤੀ ਦਿਨ ਵੱਧ ਰਹੀ ਟ੍ਰੈਫਿਕ ਕਾਰਨ ਸੜਕੀ ਦੁਰਘਟਨਾਵਾਂ ਵਿੱਚ ਵੀ ਚੋਖਾ ਵਾਧਾ ਹੋਇਆ ਹੈ ਜੇਕਰ ਅਸੀਂ ਸੜਕ ਤੇ ਚੱਲਣ ਲਈ ਨਿਯਮਾਂ ਤੋਂ ਜਾਣੂ ਹੋਵਾਂਗੇ ਤਾਂ ਇਨ੍ਹਾਂ ਦੁਰਘਟਨਾਵਾਂ ਤੋਂ ਸਹਿਜੇ ਹੀ ਵਰਤ ਸਕਦੇ ਹਾਂ। ਉਨ੍ਹਾਂ ਕਿਹਾ ਕਿ 18 ਸਾਲ ਦੀ ਉਮਰ ਤੋਂ ਘੱਟ ਦੁਪਹੀਆ ਜਾਂ ਚਾਰ ਪਹੀਆ ਵਾਹਨ ਚਲਾਉਂਦਿਆਂ ਕੋਈ ਮਾੜੀ ਘਟਨਾ ਵਾਪਰ ਜਾਵੇ ਤਾਂ ਇਸ ਨਾਲ ਜਿੱਥੇ ਸਾਡਾ ਭਵਿੱਖ ਖਰਾਬ ਹੁੰਦਾ ਹੈ ਉੱਥੇ ਹੀ ਮਾਪਿਆ ਨੂੰ ਵੀ ਵੱਡੀ ਪਰੇਸ਼ਾਨੀ ਝੱਲਣੀ ਪੈਂਦੀ ਹੈ। ਉਹਨਾਂ ਵਿਦਿਆਰਥੀਆਂ ਦੇ ਮਾਪਿਆਂ ਨੂੰ ਵੀ ਅਪੀਲ ਕੀਤੀ ਕਿ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਕੋਈ ਵੀ ਵਹੀਕਲ ਚਲਾਉਣ ਲਈ ਨਾ ਦਿੱਤਾ ਜਾਵੇ।। ਪ੍ਰਿੰਸੀਪਲ ਗੁਰਿੰਦਰ ਪਾਲ ਸਿੰਘ ਨੇ ਵਿਦਿਆਰਥੀਆਂ ਨੂੰ ਟਰੈਫਿਕ ਨਿਯਮਾਂ ਦੀ ਸੁਚੱਜੇ ਢੰਗ ਨਾਲ ਪਾਲਣਾ ਕਰਨ ਲਈ ਪ੍ਰੇਰਿਤ ਕੀਤਾ ਅਤੇ ਟਰੈਫਿਕ ਇੰਚਾਰਜ ਜਸਵੀਰ ਸਿੰਘ ਸਮੇਤ ਸਮੁੱਚੀ ਟੀਮ ਦਾ ਸਕੂਲ ਕੈਂਪਸ ਵਿੱਚ ਆਉਣ ਤੇ ਧੰਨਵਾਦ ਪ੍ਰਗਟ ਕੀਤਾ।