ਖੜੇ ਟਿੱਪਰ ’ਚ ਪਿੱਛੋਂ ਵੱਜਿਆ ਆਟੋ ਰਿਕਸ਼ਾ, ਇੱਕ ਮੌਤ
ਖੜੇ ਟਿੱਪਰ ’ਚ ਪਿੱਛੋਂ ਵੱਜਿਆ ਆਟੋ ਰਿਕਸ਼ਾ, ਇੱਕ ਮੌਤ
Publish Date: Mon, 17 Nov 2025 09:03 PM (IST)
Updated Date: Tue, 18 Nov 2025 04:17 AM (IST)

ਟੁੱਟਿਆ ਹੋਇਆ ਟਿੱਪਰ 2 ਦਿਨਾਂ ਤੋਂ ਸੜਕ ਤੇ ਖੜ੍ਹਾ ਸੀ ਪਰ ਨਾ ਤਾਂ ਪੁਲਿਸ ਤੇ ਨਾ ਹੀ ਟਰੱਕ ਮਾਲਕ ਨੇ ਇਸ ਨੂੰ ਸਾਈਡ ’ਤੇ ਕੀਤਾ ਕੁਲਵਿੰਦਰ ਸਿੰਘ ਰਾਏ, ਪੰਜਾਬੀ ਜਾਗਰਣ, ਖੰਨਾ: ਸੋਮਵਾਰ ਨੂੰ ਸ਼ਹਿਰ ’ਚ ਵੱਖ ਵੱਖ ਥਾਵਾਂ ‘ਤੇ ਵਾਪਰੇ 2 ਹਾਦਸਿਆਂ ’ਚ 2 ਲੋਕਾਂ ਦੀ ਮੌਤ ਹੋ ਗਈ ਤੇ ਇੱਕ ਗੰਭੀਰ ਜ਼ਖਮੀ ਹੋ ਗਿਆ। ਪਹਿਲਾ ਹਾਦਸਾ ਜੀਟੀ ਰੋਡ ’ਤੇ ਯੂਕੇ ਪੈਲੇਸ ਦੇ ਸਾਹਮਣੇ ਹੋਇਆ, ਜਿੱਥੇ ਇੱਕ ਆਟੋ ਰਿਕਸ਼ਾ ਸੜਕ ’ਤੇ ਖੜ੍ਹੇ ਇੱਕ ਭਾਰੀ ਟਿੱਪਰ ਟਰੱਕ ਨਾਲ ਟਕਰਾ ਗਿਆ। ਹਾਦਸੇ ’ਚ ਆਟੋ ਟਰੱਕ ਬੁਰੀ ਤਰ੍ਹਾਂ ਨੁਕਸਾਨਿਆ ਗਿਆ। ਟੱਕਰ ਇੰਨੀ ਭਿਆਨਕ ਸੀ ਕਿ ਆਟੋ ਰਿਕਸ਼ਾ ਟਿੱਪਰ ਦੇ ਪਿੱਛੇ ਧਸ ਗਿਆ ਤੇ ਚਾਲਕ ਗੰਭੀਰ ਜ਼ਖਮੀ ਹੋ ਗਿਆ। ਉਸ ਨੂੰ ਗੰਭੀਰ ਹਾਲਤ ’ਚ ਸਿਵਲ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕ ਦੀ ਪਛਾਣ ਸਤਵੰਤ ਸਿੰਘ (36) ਪੁੱਤਰ ਗੁਰਬਚਨ ਸਿੰਘ ਵਾਸੀ ਰਤਨਹੇੜੀ ਫਾਟਕ ਨਰੋਤਮ ਨਗਰ ਖੰਨਾ ਵਜੋਂ ਹੋਈ ਹੈ। ਮੌਕੇ ’ਤੇ ਮੌਜੂਦ ਰਿਸ਼ਤੇਦਾਰਾਂ ਅਤੇ ਪਰਿਵਾਰਕ ਮੈਂਬਰਾਂ ਨਵਜੋਤ ਸਿੰਘ ਅਤੇ ਮਨਿੰਦਰ ਸਿੰਘ ਨੇ ਦੱਸਿਆ ਕਿ ਯੂਕੇ ਪੈਲੇਸ ਦੇ ਸਾਹਮਣੇ ਸੜਕ ਦੇ ਇੱਕ ਪਾਸੇ ਇੱਕ ਟਿੱਪਰ ਟਰੱਕ ਖੜ੍ਹਾ ਸੀ, ਜਦਕਿ ਦੂਜੇ ਪਾਸੇ ਪੱਥਰ ਰੱਖੇ ਹੋਏ ਸਨ। ਗੋਬਿੰਦਗੜ੍ਹ ਤੋਂ ਆ ਰਿਹਾ ਇੱਕ ਆਟੋ ਰਿਕਸ਼ਾ ਪੱਥਰਾਂ ਨਾਲ ਟਕਰਾ ਗਿਆ, ਆਪਣਾ ਸੰਤੁਲਨ ਗੁਆ ਬੈਠਾ ਤੇ ਟਿੱਪਰ ਟਰੱਕ ਨਾਲ ਟਕਰਾ ਗਿਆ। ਹਾਦਸੇ ’ਚ ਡਰਾਈਵਰ ਦੀ ਮੌਤ ਹੋ ਗਈ। ਨੇੜਲੇ ਲੋਕਾਂ ਨੇ ਦੱਸਿਆ ਕਿ ਟੁੱਟਿਆ ਹੋਇਆ ਟਿੱਪਰ ਟਰੱਕ 2 ਦਿਨਾਂ ਤੋਂ ਸੜਕ ’ਤੇ ਖੜ੍ਹਾ ਸੀ ਪਰ ਨਾ ਤਾਂ ਪੁਲਿਸ ਤੇ ਨਾ ਹੀ ਟਰੱਕ ਦਾ ਮਾਲਕ ਇਸ ਨੂੰ ਸਾਈਡ ’ਤੇ ਹਿਲਾ ਸਕਿਆ, ਜਿਸ ਕਾਰਨ ਇਹ ਹਾਦਸਾ ਵਾਪਰਿਆ। ਲੋਕਾਂ ਨੇ ਟਿੱਪਰ ਡਰਾਈਵਰ ਵਿਰੁੱਧ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਸੂਚਨਾ ਮਿਲਣ ਤੇ, ਸੜਕ ਸੁਰੱਖਿਆ ਫੋਰਸ ਟੀਮ ਮੌਕੇ ’ਤੇ ਪਹੁੰਚੀ ਤੇ ਜ਼ਖਮੀ ਨੂੰ ਹਸਪਤਾਲ ਪਹੁੰਚਾਇਆ ਪਰ ਬਾਅਦ ’ਚ ਚਾਲਕ ਦੀ ਉਸ ਦੀ ਮੌਤ ਹੋ ਗਈ। ਐੱਸਆਈ ਸੁਖਦੇਵ ਸਿੰਘ ਨੇ ਦੱਸਿਆ ਕਿ ਗੱਡੀ ਨੂੰ ਜ਼ਬਤ ਕਰ ਲਿਆ ਗਿਆ ਹੈ ਤੇ ਸਿਟੀ 2 ਪੁਲਿਸ ਸਟੇਸ਼ਨ ਨੂੰ ਜਾਣਕਾਰੀ ਦੇ ਦਿੱਤੀ ਗਈ ਹੈ। ਐੱਸਐੱਚਓ ਸਿਟੀ 2 ਹਰਦੀਪ ਸਿੰਘ ਨੇ ਦੱਸਿਆ ਕਿ ਪੁਲਿਸ ਕਾਰਵਾਈ ਕਰ ਰਹੀ ਹੈ ਤੇ ਮ੍ਰਿਤਕ ਦੇ ਵਾਰਸਾਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਦੱਸਣਯੋਗ ਹੈ ਕਿ ਖੰਨਾ ਸ਼ਹਿਰ ਦੀਆਂ ਸੜਕਾਂ ਤੇ ਓਵਰਲੋਡ ਤੇ ਤੇਜ਼ ਰਫ਼ਤਾਰ ਵਾਹਨ ਚੱਲਦੇ ਹਨ। ਸ਼ਹਿਰ ਦੀਆਂ ਅੰਦਰੂਨੀ ਸਰਵਿਸ ਸੜਕਾਂ ਵਰਗੇ ਭੀੜ-ਭੜੱਕੇ ਵਾਲੇ ਇਲਾਕਿਆਂ ’ਚ ਦਿਨ ਵੇਲੇ ਭਾਰੀ ਵਾਹਨਾਂ ਦੀ ਆਵਾਜਾਈ ਕਾਰਨ ਹਾਦਸਿਆਂ ’ਚ ਰੋਜ਼ਾਨਾ ਵਾਧਾ ਹੋ ਰਿਹਾ ਹੈ। ਅਜਿਹਾ ਨਹੀਂ ਹੈ ਕਿ ਟ੍ਰੈਫਿਕ ਪੁਲਿਸ ਟ੍ਰੈਫਿਕ ਨੂੰ ਨਿਯਮਤ ਕਰਨ ਲਈ ਯਤਨ ਨਹੀਂ ਕਰ ਰਹੀ ਹੈ ਪਰ ਹੋਰ ਵਿਭਾਗਾਂ ਦੇ ਸਹਿਯੋਗ ਦੀ ਘਾਟ ਕਾਰਨ ਸ਼ਹਿਰ ’ਚ ਹਾਦਸਿਆਂ ਦੀ ਗਿਣਤੀ ਵੱਧ ਰਹੀ ਹੈ। ਆਏ ਦਿਨ ਦੁਰਘਟਨਾਵਾ ਵਾਪਰ ਰਹੀਆਂ ਹਨ। ਬਾਕਸ-- ਕਾਰ ਅਤੇ ਟਰਾਲੀ ਦੀ ਚਪੇਟ ਆਉਣ ਕਾਰਨ ਨੌਜਵਾਨ ਦੀ ਮੌਤ ਸੁਖਵਿੰਦਰ ਸਿੰਘ ਸਲੌਦੀ ਖੰਨਾ, ਪੰਜਾਬੀ ਜਾਗਰਣ, ਖੰਨਾ: ਖੰਨਾ ਦੇ ਮਲੇਰਕੋਟਲਾ ਰੋਡ ’ਤੇ ਇੱਕ ਤੇਜ਼ ਰਫਤਾਰ ਕਾਰ ਨੇ ਮੋਟਰਸਾਈਕਲ ’ਤੇ ਜਾ ਰਹੇ 2 ਨੌਜਵਾਨਾਂ ਨੂੰ ਸਾਈਡ ਤੋਂ ਟੱਕਰ ਮਾਰ ਦਿੱਤੀ। ਮੋਟਰਸਾਈਕਲ ਨੂੰ ਟੱਕਰ ਵੱਜਣ ਕਾਰਨ ਸੜਕ ’ਤੇ ਜਾ ਰਹੀ ਟਰੈਕਟਰ-ਟਰਾਲੀ ਥੱਲੇ ਇੱਕ ਨੌਜਵਾਨ ਆ ਗਿਆ, ਜਿਸ ਦੀ ਮੌਕੇ ਤੇ ਹੀ ਮੌਤ ਹੋ ਗਈ। ਉਸ ਦੀ ਪਛਾਣ ਕੁਵਿੰਦਰ ਸਿੰਘ ਫੈਜ਼ਗੜ੍ਹ ਵਜੋਂ ਹੋਈ ਹੈ। ਇਸ ਸੜਕ ਹਾਦਸੇ ‘ਚ ਦੂਸਰਾ ਨੌਜਵਾਨ ਗੰਭੀਰ ਰੂਪ ‘ਚ ਜ਼ਖਮੀ ਹੋ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ਕੁਲਵਿੰਦਰ ਸਿੰਘ ਪੁੱਤਰ ਗੁਰਦਿਆਲ ਸਿੰਘ (40) ਆਪਣੇ ਦੋਸਤ ਨਾਲ ਆਪਣੇ ਪਿੰਡ ਫੈਜ਼ਗੜ੍ਹ ਤੋਂ ਮੋਟਰਸਾਈਕਲ ’ਤੇ ਕਿਸੇ ਕੰਮ ਲਈ ਜਾ ਰਿਹਾ ਸੀ। ਉਹ ਜਦ ਮਲੇਰਕੋਟਲਾ ਰੋਡ ਖੰਨਾ ਵਿਖੇ ਪਹੁੰਚਿਆ ਤਾਂ ਉਨ੍ਹਾਂ ਨੂੰ ਇੱਕ ਤੇਜ਼ ਰਫਤਾਰ ਕਾਰ ਨੇ ਸਾਈਡ ਤੋਂ ਟੱਕਰ ਮਾਰ ਦਿੱਤੀ। ਮੋਟਰਾਈਕਲ ’ਤੇ ਜਾ ਰਹੇ ਇੱਕ ਨੌਜਵਾਨ ਦੀ ਟਰੈਕਟਰ ਟਰਾਲੀ ਥੱਲੇ ਆਉਣ ਮੌਕੇ ’ਤੇ ਹੀ ਮੌਤ ਹੋ ਗਈ ਤੇ ਦੂਸਰਾ ਗੰਭੀਰ ਰੂਪ ’ਚ ਜ਼ਖਮੀ ਹੋ ਗਿਆ। ਉਸ ਨੂੰ ਖੰਨਾ ਦੇ ਸਿਵਲ ਹਸਪਤਾਲ ਇਲਾਜ ਲਈ ਪਹੁੰਚਾਇਆ ਗਿਆ, ਜਿਸ ਦਾ ਡਾਕਟਰਾਂ ਵੱਲੋਂ ਇਲਾਜ ਚੱਲ ਰਿਹਾ ਹੈ। ਕਾਰ ਚਾਲਕ ਵੱਲੋਂ ਟੱਕਰ ਮਾਰ ਕੇ ਫਰਾਰ ਹੋ ਗਿਆ। ਨੌਜਵਾਨ ਦੇ ਭਰਾ ਨੇ ਦੱਸਿਆ ਕਿ ਕੁਲਵਿੰਦਰ ਸਿੰਘ 3 ਧੀਆਂ ਦਾ ਪਿਓ ਸੀ, ਜੋ ਮਜ਼ਦੂਰੀ ਕਰ ਕੇ ਰੋਜ਼ੀ-ਰੋਟੀ ਲਈ ਇੱਕ ਫੈਕਟਰੀ ‘ਚ ਕੰਮ ਕਰਦਾ ਸੀ। ਘਰ ਦੇ ਹਾਲਾਤ ਪਹਿਲਾ ਹੀ ਮਾੜੇ ਸਨ। ਹੁਣ ਅੱਜ ਇਹ ਭਾਣਾ ਵਾਪਰ ਗਿਆ, ਜਿਸ ਕਾਰਨ ਪਰਿਵਾਰ ’ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ।