40 ਲੱਖ ਦੀ ਬੈਂਕ ਗਰੰਟੀ ਧੋਖੇ ਨਾਲ ਰਿਲੀਜ਼ ਕਰਵਾਉਣ ਦੀ ਕੀਤੀ ਕੋਸ਼ਿਸ਼
40 ਲੱਖ ਦੀ ਬੈਂਕ ਗਰੰਟੀ ਧੋਖੇ ਨਾਲ ਰਿਲੀਜ਼ ਕਰਵਾਉਣ ਦੀ ਕੀਤੀ ਕੋਸ਼ਿਸ਼
Publish Date: Thu, 08 Jan 2026 07:22 PM (IST)
Updated Date: Thu, 08 Jan 2026 07:24 PM (IST)

ਪੜਤਾਲ ਤੋਂ ਬਾਅਦ ਕੰਪਨੀ ਦੇ ਅਧਿਕਾਰੀ ਦੇ ਖਿਲਾਫ ਮੁਕੱਦਮਾ ਦਰਜ ਸੁਸ਼ੀਲ ਕੁਮਾਰ ਸ਼ਸ਼ੀ ,ਪੰਜਾਬੀ ਜਾਗਰਣ ਲੁਧਿਆਣਾ ਉਸਾਰੀ ਮੰਡਲ ਸ਼ਾਖਾ ਰੂਪ ਨਗਰ ਵਿੱਚ ਤੈਨਾਤ ਪੀਸੀਐਸ ਅਧਿਕਾਰੀ ਸੁਗੰਧ ਸਿੰਘ ਭੁੱਲਰ ਦੇ ਫਰਜ਼ੀ ਦਸਤਖਤ ਕਰਕੇ ਸਟੇਟ ਬੈਂਕ ਆਫ ਇੰਡੀਆ ਦੀ ਮਿਲਰਗੰਜ ਸ਼ਾਖਾ ਚੋਂ 40 ਲੱਖ ਰੁਪਏ ਦੀ ਬੈਂਕ ਗਰੰਟੀ ਰਿਲੀਜ਼ ਕਰਵਾਉਣ ਦੀ ਕੋਸ਼ਿਸ਼ ਦੇ ਮਾਮਲੇ ਵਿੱਚ ਥਾਣਾ ਡਿਵੀਜ਼ਨ ਨੰਬਰ 6 ਦੀ ਪੁਲਿਸ ਨੇ ਪੀਰੂ ਬੰਦਾ ਸਲੇਮ ਟਾਬਰੀ ਦੇ ਰਾਜਦੀਪ ਕੰਸਟਰਕਸ਼ਨ ਕੰਪਨੀ ਦੇ ਅਧਿਕਾਰੀ ਕੈਪਟਨ ਰਾਜੇਸ਼ ਦੇ ਖਿਲਾਫ ਮੁਕੱਦਮਾ ਦਰਜ ਕਰ ਲਿਆ ਹੈ। ਪੁਲਿਸ ਨੇ ਇਹ ਮੁਕੱਦਮਾ ਕਾਰਜਕਾਰੀ ਇੰਜੀਨੀਅਰ ਸੁਗੰਧ ਸਿੰਘ ਭੁੱਲਰ ਦੀ ਸ਼ਿਕਾਇਤ ਤੇ ਦਰਜ ਕੀਤਾ ਹੈ। ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਉਂਦਿਆਂ ਪੀਸੀਐਸ ਅਧਿਕਾਰੀ ਸੁਗੰਧ ਸਿੰਘ ਭੁੱਲਰ ਨੇ ਦੱਸਿਆ ਉਨਾਂ ਦੇ ਦਫਤਰ ਦੇ ਅਧੀਨ ਪੈਂਦੀ ਰੋਪੜ ਚਮਕੌਰ ਸਾਹਿਬ ਨੀਲੋ ਦੋਰਾਹਾ ਸੜਕ ਦੀ ਟੋਲ ਕਲੈਕਸ਼ਨ ਦਾ ਕੰਮ ਰਾਜਦੀਪ ਕੰਸਟਰਕਸ਼ਨ ਪੀਰੂ ਬੰਦਾ ਸਲੇਮ ਟਾਬਰੀ ਲੁਧਿਆਣਾ ਨੂੰ ਅਲਾਟ ਕੀਤਾ ਹੋਇਆ ਸੀ। ਐਗਰੀਮੈਂਟ ਦੀ ਸ਼ਰਤ ਦੇ ਮੁਤਾਬਕ ਸੰਬੰਧਿਤ ਏਜੰਸੀ ਵੱਲੋਂ ਸਟੇਟ ਬੈਂਕ ਆਫ ਇੰਡੀਆ ਮਿਲਰਗੰਜ ਬਰਾਂਚ ਲੁਧਿਆਣਾ ਤੋਂ ਬੈਂਕ ਗਰੰਟੀ ਕੀਤੀ ਹੋਈ ਸੀ। ਜਾਂਚ ਤੋਂ ਬਾਅਦ ਸਾਹਮਣੇ ਆਇਆ ਕਿ 29 ਦਸੰਬਰ 2021 ਨੂੰ ਰਕਮ 40 ਲੱਖ ਰੁਪਏ ਰਾਜਦੀਪ ਕੰਨਸਟਰਕਸ਼ਨ ਕੰਪਨੀ ਵੱਲੋਂ ਕਾਰਜਕਾਰੀ ਇੰਜੀਨੀਅਰ ਦੇ ਫਰਜ਼ੀ ਦਸਤਖਤ ਕਰਕੇ ਬੈਂਕ ਗਰੰਟੀ ਧੋਖੇ ਨਾਲ ਰਿਲੀਜ਼ ਕਰਵਾਉਣ ਦੀ ਕੋਸ਼ਿਸ਼ ਕੀਤੀ ਗਈ ਸੀ। ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਥਾਣਾ ਡਿਵੀਜ਼ਨ ਨੰਬਰ 6 ਦੀ ਪੁਲਿਸ ਨੇ ਕਾਰਵਾਈ ਕਰਦਿਆਂ ਕੈਪਟਨ ਰਾਜੇਸ਼ ਕੁਮਾਰ ਦੇ ਖਿਲਾਫ ਧੋਖਾਧੜੀ ਦੀਆਂ ਧਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ। ਏਐਸਆਈ ਹਰਭਜਨ ਸਿੰਘ ਨੇ ਦੱਸਿਆ ਕਿ ਪੁਲਿਸ ਜਲਦੀ ਹੀ ਮੁਲਜਮ ਨੂੰ ਗ੍ਰਿਫਤਾਰ ਕਰੇਗੀ।