ਬੱਚੀ ਦੀ ਜਨਮਦਿਨ ਪਾਰਟੀ ’ਚ ਗੋਲੀਆਂ ਚਲਾਉਣ ਦੀ ਕੋਸ਼ਿਸ਼
5 ਸਾਲਾਂ ਬੱਚੀ ਦੀ ਜਨਮਦਿਨ ਪਾਰਟੀ ਦੌਰਾਨ ਗੋਲੀਆਂ ਚਲਾਉਣ ਦੀ ਕੋਸ਼ਿਸ਼
Publish Date: Tue, 27 Jan 2026 10:24 PM (IST)
Updated Date: Wed, 28 Jan 2026 04:14 AM (IST)

ਹਮਲਾਵਰਾਂ ਨੇ ਲੜਕੀ ਦੇ ਪਿਤਾ ਨੂੰ ਘਰ ਚੋਂ ਬਾਹਰ ਕੱਢ ਕੇ ਮਾਰੀਆਂ ਸੱਟਾਂ ਨਸ਼ੇ ਵਿੱਚ ਧੁੱਤ ਨੌਜਵਾਨ ਨੇ ਮਚਾਇਆ ਹੰਗਾਮਾ ਸੁਸ਼ੀਲ ਕੁਮਾਰ ਸ਼ਸੀ, ਪੰਜਾਬੀ ਜਾਗਰਣ, ਲੁਧਿਆਣਾ : ਦੇਰ ਰਾਤ ਨਿਊ ਆਜ਼ਾਦ ਨਗਰ ਇਲਾਕੇ ਵਿੱਚ ਇੱਕ 5 ਸਾਲਾਂ ਬੱਚੀ ਦੇ ਜਨਮਦਿਨ ਦੀ ਪਾਰਟੀ ਦੌਰਾਨ ਉਸ ਵੇਲੇ ਦਹਿਸ਼ਤ ਫੈਲ ਗਈ, ਜਦੋਂ ਨਸ਼ੇ ਵਿੱਚ ਧੁੱਤ ਨੌਜਵਾਨਾਂ ਨੇ ਫਾਇਰਿੰਗ ਕਰਨ ਦੀ ਕੋਸ਼ਿਸ਼ ਕੀਤੀ। ਗਨੀਮਤ ਰਹੀ ਕਿ ਗੈਰਕਾਨੂੰਨੀ ਹਥਿਆਰਾਂ ਵਿੱਚ ਗੋਲੀਆਂ ਫਸ ਗਈਆਂ ਤੇ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਪੀੜਤ ਪਰਿਵਾਰ ਨੇ ਦੱਸਿਆ ਕਿ ਸਮਾਗਮ ਦੌਰਾਨ ਨਸ਼ੇ ਵਿੱਚ ਧੁੱਤ ਇਕ ਨੌਜਵਾਨ ਨੇ ਪਹਿਲਾਂ ਵਿਵਾਦ ਸ਼ੁਰੂ ਕੀਤਾ ਅਤੇ ਫਿਰ ਆਪਣੇ ਸਾਥੀਆਂ ਨੂੰ ਬੁਲਾਕੇ ਹਮਲਾ ਕਰ ਦਿੱਤਾ। ਸ਼ਿਕਾਇਤਕਰਤਾ ਅਜੈ ਕੁਮਾਰ ਨੇ ਦੱਸਿਆ ਕਿ ਉਹ ਆਪਣੀ 5 ਸਾਲਾਂ ਧੀ ਮਾਨਸੀ ਦਾ ਜਨਮਦਿਨ ਘਰ ਦੇ ਬਾਹਰ ਗਲੀ ਵਿੱਚ ਮਨਾ ਰਿਹਾ ਸੀ। ਪੂਰਾ ਪਰਿਵਾਰ ਅਤੇ ਰਿਸ਼ਤੇਦਾਰ ਡੀਜੇ ਦੀਆਂ ਧੁੰਨਾਂ ਤੇ ਥਿਰਕ ਰਹੇ ਸਨ। ਰਾਤ ਕਰੀਬ 10:45 ਵਜੇ ਵਨੀਤ ਕੁਮਾਰ ਨਾਮਕ ਨੌਜਵਾਨ, ਜੋ ਕਿ ਕਥਿਤ ਤੌਰ ‘ਤੇ ਨਸ਼ੇ ਵਿੱਚ ਸੀ, ਗਲੀ ਵਿੱਚ ਮੀਟ ਦੀ ਰੇਹੜੀ ਦੇ ਕੋਲ ਆ ਕੇ ਖੜ ਗਿਆ। ਕੁਝ ਸਮੇਂ ਬਾਅਦ ਨੌਜਵਾਨ ਨੇ ਉਨ੍ਹਾਂ ਨਾਲ ਝਗੜਾ ਸ਼ੁਰੂ ਕਰ ਦਿੱਤਾ। ਇਸੇ ਦੌਰਾਨ ਉਸ ਨੇ ਆਪਣੇ ਹੋਰ ਦੋਸਤਾਂ ਨੂੰ ਬੁਲਾ ਲਿਆ ਅਤੇ ਸਾਰੇ ਮਿਲ ਕੇ ਅਜੈ ਕੁਮਾਰ ਨਾਲ ਮਾਰਕੁਟ ਕਰਨ ਲੱਗ ਪਏ। ਅਜੈ ਕੁਮਾਰ ਜਦੋ ਆਪਣਾ ਬਚਾਅ ਕਰਨ ਲਈ ਘਰ ਦੇ ਅੰਦਰ ਗਿਆ ਤਾਂ ਦੋਸ਼ੀਆਂ ਨੇ ਉਸ ਨੂੰ ਘਰ ਤੋਂ ਘਸੀਟ ਕੇ ਬਾਹਰ ਕੱਢਿਆ ਅਤੇ ਦੁਬਾਰਾ ਬੇਰਹਿਮੀ ਨਾਲ ਕੁੱਟਮਾਰ ਕੀਤੀ। ਬਾਅਦ ਵਿੱਚ ਮੁਲਜ਼ਮ ਰਵੀ ਖੰਚਰ ਅਤੇ ਮਣੀ ਖੰਚਰ ਨੇ ਪਿਸਤੌਲ ਕੱਢ ਕੇ ਉਸ ਤੇ ਉਸ ਦੇ ਰਿਸ਼ਤੇਦਾਰਾਂ ‘ਤੇ ਫਾਇਰਿੰਗ ਕਰਨ ਦੀ ਕੋਸ਼ਿਸ਼ ਕੀਤੀ, ਪਰ ਹਥਿਆਰਾਂ ਵਿੱਚ ਗੋਲੀਆਂ ਫੱਸ ਗਈਆਂ। ਹੰਗਾਮਾ ਵਧਣ ’ਤੇ ਦੋਸ਼ੀ ਪਰਿਵਾਰ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦੇ ਹੋਏ ਮੌਕੇ ਤੋਂ ਫਰਾਰ ਹੋ ਗਏ। ਉਧਰ ਇਸ ਮਾਮਲੇ ਵਿੱਚ ਥਾਣਾ ਡਾਬਾ ਦੀ ਪੁਲਿਸ ਨੇ ਦੱਸਿਆ ਕਿ ਵਨੀਤ ਕੁਮਾਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਬਾਕੀ ਦੋਸ਼ੀਆਂ ਨੂੰ ਕਾਬੂ ਕਰਨ ਲਈ ਛਾਪੇਮਾਰੀ ਜਾਰੀ ਹੈ। ਇਸ ਘਟਨਾ ਨੇ ਇਲਾਕੇ ਵਿੱਚ ਭਾਰੀ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ ਹੈ ਅਤੇ ਲੋਕਾਂ ਨੇ ਗੈਰਕਾਨੂੰਨੀ ਹਥਿਆਰਾਂ ਦੀ ਵਰਤੋਂ ਦੇ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।