ਲੁਹਾਰਾ ਪੁਲ ਕੋਲ ਦਹਿਸ਼ਤ ਦਾ ਮਾਹੌਲ: ਰੁਕਣ ਦਾ ਇਸ਼ਾਰਾ ਕਰਨ 'ਤੇ ਬਦਮਾਸ਼ ਨੇ ਖੋਲ੍ਹਿਆ ਮੋਰਚਾ; ਪੁਲਿਸ ਮੁਕਾਬਲੇ 'ਚ ਲੱਗੀ ਗੋਲ਼ੀ, ਹਸਪਤਾਲ ਦਾਖ਼ਲ
ਸ਼ਨੀਵਾਰ ਦੇਰ ਸ਼ਾਮ ਨੂੰ ਲੁਧਿਆਣਾ ਦੇ ਲੁਹਾਰਾ ਨਹਿਰ ਪੁਲ ਦੇ ਨੇੜੇ ਐਂਟੀ-ਗੈਂਗਸਟਰ ਟਾਸਕ ਫੋਰਸ (ਏਜੀਐੱਫਟੀ) ਅਤੇ ਕਾਰ ਵਿੱਚ ਸਵਾਰ ਬਦਮਾਸ਼ਾਂ ਵਿਚਕਾਰ ਟਕਰਾਅ ਹੋ ਗਿਆ। ਇਹ ਮੁਕਾਬਲਾ ਏਜੀਐੱਫਟੀ ਟੀਮ ਨੂੰ ਬਦਮਾਸ਼ਾਂ ਦੀ ਮੌਜੂਦਗੀ ਬਾਰੇ ਖਾਸ ਜਾਣਕਾਰੀ ਮਿਲਣ ਤੋਂ ਬਾਅਦ ਹੋਇਆ।
Publish Date: Sun, 25 Jan 2026 09:20 AM (IST)
Updated Date: Sun, 25 Jan 2026 09:21 AM (IST)
ਸਤਵਿੰਦਰ ਸ਼ਰਮਾ, ਪੰਜਾਬੀ ਜਾਗਰਣ, ਲੁਧਿਆਣਾ : ਸ਼ਨੀਵਾਰ ਦੇਰ ਸ਼ਾਮ ਨੂੰ ਲੁਧਿਆਣਾ ਦੇ ਲੁਹਾਰਾ ਨਹਿਰ ਪੁਲ ਦੇ ਨੇੜੇ ਐਂਟੀ-ਗੈਂਗਸਟਰ ਟਾਸਕ ਫੋਰਸ (ਏਜੀਐੱਫਟੀ) ਅਤੇ ਕਾਰ ਵਿੱਚ ਸਵਾਰ ਬਦਮਾਸ਼ਾਂ ਵਿਚਕਾਰ ਟਕਰਾਅ ਹੋ ਗਿਆ। ਇਹ ਮੁਕਾਬਲਾ ਏਜੀਐੱਫਟੀ ਟੀਮ ਨੂੰ ਬਦਮਾਸ਼ਾਂ ਦੀ ਮੌਜੂਦਗੀ ਬਾਰੇ ਖਾਸ ਜਾਣਕਾਰੀ ਮਿਲਣ ਤੋਂ ਬਾਅਦ ਹੋਇਆ।
ਜਾਣਕਾਰੀ ਅਨੁਸਾਰ ਚਾਰ ਬਦਮਾਸ਼ ਇੱਕ ਕਾਰ ਵਿੱਚ ਇਲਾਕੇ ਵਿੱਚੋਂ ਲੰਘ ਰਹੇ ਸਨ, ਜਿਨ੍ਹਾਂ ਨੂੰ ਏਜੀਐੱਫਟੀ ਦੀ ਟੀਮ ਨੇ ਲੁਹਾਰਾ ਨਹਿਰ ਪੁਲ ਦੇ ਨੇੜੇ ਰੁਕਣ ਦਾ ਇਸ਼ਾਰਾ ਕੀਤਾ। ਜਿਵੇਂ ਹੀ ਏਜੀਐੱਫਟੀ ਨੇ ਗੱਡੀ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਕਾਰ ਵਿੱਚ ਸਵਾਰ ਅਪਰਾਧੀਆਂ ਵਿੱਚੋਂ ਇੱਕ ਨੇ ਪੁਲਿਸ ਟੀਮ ’ਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ ਜਿਸ ਤੋਂ ਬਾਅਦ ਏਜੀਐਫਟੀ ਨੇ ਜਵਾਬੀ ਗੋਲੀ ਚਲਾਈ ਜਿਸ ਨਾਲ ਕਾਰ ਸਵਾਰਾਂ ਵਿੱਚੋਂ ਇੱਕ ਬਦਮਾਸ਼ ਜ਼ਖਮੀ ਹੋ ਗਿਆ, ਗੋਲੀ ਉਸ ਦੇ ਪੇਟ ਵਿੱਚ ਲੱਗੀ। ਉਸ ਨੂੰ ਤੁਰੰਤ ਇਲਾਜ ਲਈ ਸਿਵਲ ਹਸਪਤਾਲ ਲਿਆਂਦਾ ਗਿਆ। ਉਸ ਦੀ ਗੰਭੀਰ ਹਾਲਤ ਕਾਰਨ ਡਾਕਟਰਾਂ ਨੇ ਉਸ ਨੂੰ ਡੀਐੱਮਸੀ ਹਸਪਤਾਲ ਰੈਫਰ ਕਰ ਦਿੱਤਾ, ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ।
ਜ਼ਖਮੀ ਬਦਮਾਸ਼ ਦੀ ਪਛਾਣ ਤਰਨਪ੍ਰੀਤ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਸਿਵਲ ਹਸਪਤਾਲ ਵਿੱਚ ਇਲਾਜ ਦੌਰਾਨ ਤਰਨਪ੍ਰੀਤ ਨੇ ਭੱਜਣ ਦੀ ਵੀ ਕੋਸ਼ਿਸ਼ ਕੀਤੀ ਪਰ ਹਸਪਤਾਲ ਦੇ ਸਟਾਫ ਦੀ ਚੌਕਸੀ ਕਾਰਨ ਉਸ ਨੂੰ ਮੁੜ ਕਾਬੂ ਕਰ ਲਿਆ ਗਿਆ। ਘਟਨਾ ਦੀ ਜਾਣਕਾਰੀ ਮਿਲਦੇ ਹੀ ਏਜੀਟੀਐੱਫ ਦੇ ਸੀਨੀਅਰ ਅਧਿਕਾਰੀ ਵੀ ਹਸਪਤਾਲ ਅਤੇ ਘਟਨਾ ਸਥਾਨ ’ਤੇ ਪਹੁੰਚ ਗਏ।
ਮੁਕਾਬਲੇ ਦੌਰਾਨ ਏਜੀਐੱਫਟੀ ਦੀ ਟੀਮ ਨੇ ਜ਼ਖਮੀ ਅਪਰਾਧੀ ਦੇ ਤਿੰਨ ਹੋਰ ਸਾਥੀਆਂ ਨੂੰ ਵੀ ਮੌਕੇ ਤੋਂ ਹਿਰਾਸਤ ਵਿੱਚ ਲੈ ਲਿਆ ਜਿਨ੍ਹਾਂ ਤੋਂ ਏਜੀਐੱਫਟੀ ਦੀ ਟੀਮ ਵੱਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਏਜੀਐੱਫਟੀ ਦੀ ਟੀਮ ਵੱਲੋਂ ਮਾਮਲੇ ਸਬੰਧੀ ਥਾਣਾ ਸਦਰ ਦੀ ਪੁਲਿਸ ਨੂੰ ਘਟਨਾ ਦੀ ਜਾਣਕਾਰੀ ਦੇ ਦਿੱਤੀ ਗਈ ਹੈ। ਥਾਣਾ ਸਦਰ ਦੀ ਪੁਲਿਸ ਨੇ ਘਟਨਾ ਸਥਾਨ ਦਾ ਮੁਆਇਨਾ ਕੀਤਾ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ।