ਸਾਇਰਨ ਵੱਜਣ ਕਾਰਨ ਨਾਕਾਮ ਹੋਈ ਏਟੀਐਮ ਲੁੱਟ ਦੀ ਵਾਰਦਾਤ, ਪੁਲਿਸ 'ਤੇ ਗੋਲੀਆਂ ਚਲਾ ਕੇ ਬਦਮਾਸ਼ ਫ਼ਰਾਰ
ਘਟਨਾ ਬੁੱਧਵਾਰ ਤੜਕੇ ਸਵੇਰ ਦੀ ਹੈ ਜਦ ਸਰਤਾਜ ਨਗਰ ਸਥਿਤ ਐਕਸਿਸ ਬੈਂਕ ਦਾ ਏਟੀਐਮ ਲੁੱਟਣ ਆਏ ਬਦਮਾਸ਼ਾਂ ਨੇ ਗੈਸ ਕਟਰ ਨਾਲ ਏਟੀਐਮ ਮਸ਼ੀਨ ਕੱਟਣਾ ਸ਼ੁਰੂ ਕੀਤਾ। ਗੈਸ ਕੱਟਰ ਦੀ ਅੱਗ ਕਾਰਨ ਏਟੀਐਮ ਮਸ਼ੀਨ ਵਿੱਚ ਲੱਗੇ ਸੈਂਸਰਾਂ ਕਾਰਨ ਅਕਸਿਸ ਬੈਂਕ ਦੀ ਮੁੰਬਈ ਸਥਿਤ ਮੁਖ ਕੰਟਰੋਲ ਰੂਮ ਤੇ ਅਲਰਟ ਸਾਇਰਨ ਵੱਜ ਗਿਆ।
Publish Date: Wed, 20 May 2026 03:10 PM (IST)
Updated Date: Wed, 20 May 2026 03:12 PM (IST)
ਐਸਪੀ ਜੋਸ਼ੀ, ਪੰਜਾਬੀ ਜਾਗਰਣ ਲੁਧਿਆਣਾ। ਸਥਾਨਕ ਨੂਰਾਵਾਲਾ ਰੋਡ ਦੇ ਸਰਤਾਜ ਨਗਰ ਇਲਾਕੇ ਵਿੱਚ ਬਦਮਾਸ਼ਾਂ ਨੇ ਐਕਸਿਸ ਬੈਂਕ ਦਾ ਏਟੀਐਮ ਲੁੱਟਣ ਦੀ ਨਾਕਾਮ ਕੋਸ਼ਿਸ਼ ਕੀਤੀ। ਬਦਮਾਸ਼ਾਂ ਦੀ ਇਸ ਕਰਤੂਤ ਦਾ ਪਤਾ ਲੱਗਣ ਤੇ ਪੁਲਿਸ ਪਾਰਟੀ ਮੌਕੇ ਤੇ ਪੁੱਜੀ ਤਾਂ ਬਦਮਾਸ਼ ਪੁਲਿਸ ਤੋਂ ਬਚਣ ਲਈ ਗੋਲੀਆਂ ਚਲਾਉਂਦੇ ਹੋਏ ਮੌਕੇ ਤੋਂ ਫਰਾਰ ਹੋ ਗਏ।
ਘਟਨਾ ਬੁੱਧਵਾਰ ਤੜਕੇ ਸਵੇਰ ਦੀ ਹੈ ਜਦ ਸਰਤਾਜ ਨਗਰ ਸਥਿਤ ਐਕਸਿਸ ਬੈਂਕ ਦਾ ਏਟੀਐਮ ਲੁੱਟਣ ਆਏ ਬਦਮਾਸ਼ਾਂ ਨੇ ਗੈਸ ਕਟਰ ਨਾਲ ਏਟੀਐਮ ਮਸ਼ੀਨ ਕੱਟਣਾ ਸ਼ੁਰੂ ਕੀਤਾ। ਗੈਸ ਕੱਟਰ ਦੀ ਅੱਗ ਕਾਰਨ ਏਟੀਐਮ ਮਸ਼ੀਨ ਵਿੱਚ ਲੱਗੇ ਸੈਂਸਰਾਂ ਕਾਰਨ ਅਕਸਿਸ ਬੈਂਕ ਦੀ ਮੁੰਬਈ ਸਥਿਤ ਮੁਖ ਕੰਟਰੋਲ ਰੂਮ ਤੇ ਅਲਰਟ ਸਾਇਰਨ ਵੱਜ ਗਿਆ।
ਕੰਟਰੋਲ ਰੂਮ ਤੋਂ ਅਧਿਕਾਰੀਆਂ ਨੇ ਤੁਰੰਤ ਲੁਧਿਆਣਾ ਪੁਲਿਸ ਨਾਲ ਸੰਪਰਕ ਕਰਕੇ ਨੂਰ ਵਾਲਾ ਏਟੀਐਮ ਮਸ਼ੀਨ ਨਾਲ ਛੇੜ ਛਾੜ ਦੀ ਜਾਣਕਾਰੀ ਦਿੱਤੀ। ਕੰਟਰੋਲ ਰੂਮ ਤੋਂ ਮਿਲੀ ਜਾਣਕਾਰੀ ਦੇ ਆਧਾਰ ਤੇ ਏਟੀਐਮ ਦੇ ਨਜ਼ਦੀਕ ਹੀ ਗਸ਼ਤ ਕਰ ਰਹੀ ਪੀਸੀਆਰ ਪੁਲਿਸ ਪਾਰਟੀ ਤੁਰੰਤ ਮੌਕੇ ਤੇ ਪੁੱਜੀ।
ਪੀਸੀਆਰ ਮੁਲਾਜ਼ਮਾ ਵੱਲੋਂ ਬਜਾਏ ਸਾਇਰਨ ਨੂੰ ਸੁਣ ਕੇ ਏਟੀਐਮ ਲੁੱਟਣ ਆਏ ਬਦਮਾਸ਼ ਨਕਦੀ ਛੱਡ ਕੇ ਮੌਕੇ ਤੋਂ ਫਰਾਰ ਹੋਣ ਲਈ ਗੱਡੀ ਵਿੱਚ ਬੈਠੇ ਅਤੇ ਗੱਡੀ ਭਜਾ ਲਈ। ਏਟੀਐਮ ਕੈਬਿਨ ਵਿੱਚੋਂ ਸ਼ੱਕੀ ਬਦਮਾਸ਼ਾਂ ਨੂੰ ਕਾਰ ਵਿੱਚ ਬੈਠ ਕੇ ਫਰਾਰ ਹੁੰਦੇ ਵੇਖ ਪੀਸੀਆਰ ਪਾਰਟੀ ਬਦਮਾਸ਼ਾਂ ਦੀ ਗੱਡੀ ਦੇ ਪਿੱਛੇ ਲੱਗ ਗਈ।
ਫਿਲਮੀ ਅੰਦਾਜ਼ ਵਿੱਚ ਬਦਮਾਸ਼ਾਂ ਅਤੇ ਪੁਲਿਸ ਪਾਰਟੀ ਵਿੱਚਕਾਰ ਚੂਹੇ ਬਿੱਲੀ ਦੀ ਦੌੜ ਜਾਰੀ ਰਹੀ ਅਤੇ ਇੱਕ ਜਗ੍ਹਾ ਬਦਮਾਸ਼ਾਂ ਨੇ ਘਬਰਾ ਕੇ ਬੰਦ ਗਲੀ ਵਿੱਚ ਕਾਰ ਫਸਾ ਲਈ। ਅੱਗੋਂ ਗਲੀ ਬੰਦ ਅਤੇ ਪਿੱਛੇ ਪੁਲਿਸ ਪਾਰਟੀ ਨੂੰ ਵੇਖ ਬਦਮਾਸ਼ ਘਬਰਾ ਗਏ ਅਤੇ ਪੁਲਿਸ ਮੁਲਾਜ਼ਮਾਂ ਨੂੰ ਡਰਾ ਕੇ ਰਸਤਾ ਲੈਣ ਲਈ ਉਹਨਾਂ ਹਵਾਈ ਫਾਇਰ ਕਰਨੇ ਸ਼ੁਰੂ ਕਰ ਦਿੱਤੇ।
ਇਸ ਦੌਰਾਨ ਬਦਮਾਸ਼ਾ ਨੇ ਕਾਰ ਬੈਕ ਕੀਤੀ ਅਤੇ ਦੁਬਾਰਾ ਵਾਪਸ ਆ ਕੇ ਦੂਜੀ ਗਲੀ ਤੋ ਫਰਾਰ ਹੋਣ ਵਿੱਚ ਕਾਮਯਾਬ ਹੋ ਗਏ। ਉਕਤ ਵਾਰਦਾਤ ਦੀ ਜਾਣਕਾਰੀ ਮਿਲਣ ਮਗਰੋਂ ਪੁਲਿਸ ਦੇ ਉੱਚ ਅਧਿਕਾਰੀਆਂ ਦੀਆਂ ਟੀਮਾਂ ਨੇ ਇਲਾਕੇ ਦੀ ਸਰਚ ਸ਼ੁਰੂ ਕਰ ਦਿੱਤੀ ਅਤੇ ਸ਼ਹਿਰ ਤੋਂ ਬਾਹਰ ਜਾਣ ਵਾਲੇ ਮੁੱਖ ਸੜਕਾਂ ਤੇ ਨਾਕਾਬੰਦੀ ਕਰਕੇ ਬਦਮਾਸ਼ਾਂ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ।