ਲੁਧਿਆਣਾ 'ਚ ਰੰਜਿਸ਼ ਕਾਰਨ ਪਲਾਸਟਿਕ ਫੈਕਟਰੀ ਨੂੰ ਲਾਈ ਅੱਗ! ਚੋਰੀ ਦੀ ਸ਼ਿਕਾਇਤ ਕਰਨ 'ਤੇ ਦਿੱਤੀ ਖ਼ੌਫ਼ਨਾਕ ਸਜ਼ਾ
ਪੀੜਤ ਨੇ ਪੁਲਿਸ ਅੱਗੇ ਸ਼ੱਕ ਜਤਾਇਆ ਹੈ ਕਿ ਇਹ ਅੱਗ ਕੋਈ ਹਾਦਸਾ ਨਹੀਂ, ਸਗੋਂ ਪਹਿਲਾਂ ਦਰਜ ਚੋਰੀ ਦੇ ਕੇਸ ਦੀ ਰੰਜਿਸ਼ ਕਾਰਨ ਲਗਾਈ ਗਈ ਹੋ ਸਕਦੀ ਹੈ। ਇਸ ਮਾਮਲੇ ਵਿੱਚ ਥਾਣਾ ਸਾਹਨੇਵਾਲ ਦੀ ਪੁਲਿਸ ਨੇ ਐਫਆਈਆਰ ਦਰਜ ਕਰਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ।
Publish Date: Tue, 26 May 2026 02:32 PM (IST)
Updated Date: Tue, 26 May 2026 02:51 PM (IST)
ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ ਲੁਧਿਆਣਾ। ਲੁਧਿਆਣਾ ਵਿੱਚ ਚੋਰੀ ਦੀ ਸ਼ਿਕਾਇਤ ਦਰਜ ਕਰਵਾਉਣ ਤੋਂ ਬਾਅਦ ਇੱਕ ਪਲਾਸਟਿਕ ਫੈਕਟਰੀ ਨੂੰ ਅੱਗ ਦੇ ਹਵਾਲੇ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਅੱਗ ਇੰਨੀ ਭਿਆਨਕ ਸੀ ਕਿ ਕੁਝ ਹੀ ਸਮੇਂ ਵਿੱਚ ਪੂਰੀ ਫੈਕਟਰੀ ਸੜ ਕੇ ਸੁਆਹ ਹੋ ਗਈ। ਮਾਮਲੇ ਨੂੰ ਰੰਜਿਸ਼ ਨਾਲ ਜੋੜਦੇ ਹੋਏ ਪੁਲਿਸ ਨੇ ਦੋ ਵਿਅਕਤੀਆਂ ਖ਼ਿਲਾਫ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਮਿਲਰਗੰਜ ਦੇ ਆਜ਼ਾਦ ਨਗਰ ਵਾਸੀ ਅਭਿਸ਼ੇਕ ਗਰਗ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਬਿਹਾਰੀ ਚੌਕ ਇਲਾਕੇ ਵਿੱਚ ਉਸਦੀ ਅਗਰਵਾਲ ਪਲਾਸਟਿਕ ਫੈਕਟਰੀ ਨਾਮ ਦਾ ਇੰਡਸਟਰੀਅਲ ਯੂਨਿਟ ਹੈ। ਸ਼ਿਕਾਇਤ ਕਰਤਾ ਮੁਤਾਬਕ ਕੁਝ ਦਿਨ ਪਹਿਲੋਂ ਫੈਕਟਰੀ ਵਿੱਚ ਚੋਰੀ ਦੀ ਵੱਡੀ ਵਾਰਦਾਤ ਹੋਈ ਸੀ, ਜਿਸ ਤੋਂ ਬਾਅਦ ਉਸਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ। ਇਸ ਮਾਮਲੇ ਵਿੱਚ ਜੱਗਾ ਅਤੇ ਰੰਗ ਬਹਾਦੁਰ ਨੂੰ ਨਾਮਜ਼ਦ ਕੀਤਾ ਗਿਆ ਸੀ।
ਸ਼ਿਕਾਇਤਕਰਤਾ ਦਾ ਦਾਅਵਾ ਹੈ ਕਿ ਕੇਸ ਦਰਜ ਹੋਣ ਤੋਂ ਬਾਅਦ ਤੋਂ ਹੀ ਉਸਨੂੰ ਲਗਾਤਾਰ ਧਮਕੀਆਂ ਮਿਲ ਰਹੀਆਂ ਸਨ। ਦੋਸ਼ੀ ਉਸ ‘ਤੇ ਕੇਸ ਵਾਪਸ ਲੈਣ ਲਈ ਦਬਾਅ ਬਣਾ ਰਹੇ ਸਨ ਅਤੇ ਗੰਭੀਰ ਨਤੀਜੇ ਭੁਗਤਣ ਦੀਆਂ ਚਿਤਾਵਨੀਆਂ ਵੀ ਦੇ ਰਹੇ ਸਨ।
ਅਭਿਸ਼ੇਕ ਗਰਗ ਬੀਤੇ ਦਿਨੀ ਦੁਪਹਿਰ ਕਰੀਬ 2 ਤੋਂ 4 ਵਜੇ ਦੇ ਵਿਚਕਾਰ ਉਸਦੀ ਫੈਕਟਰੀ ਵਿੱਚ ਅਚਾਨਕ ਭਿਆਨਕ ਅੱਗ ਲੱਗ ਗਈ। ਫੈਕਟਰੀ ਵਿੱਚ ਪਲਾਸਟਿਕ ਸਮੱਗਰੀ ਹੋਣ ਕਾਰਨ ਅੱਗ ਨੇ ਕੁਝ ਹੀ ਸਮੇਂ ਵਿੱਚ ਪੂਰੀ ਯੂਨਿਟ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਅਤੇ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ। ਇਸ ਘਟਨਾ ਨਾਲ ਉਸਨੂੰ ਭਾਰੀ ਆਰਥਿਕ ਨੁਕਸਾਨ ਝੱਲਣਾ ਪਿਆ।
ਪੀੜਤ ਨੇ ਪੁਲਿਸ ਅੱਗੇ ਸ਼ੱਕ ਜਤਾਇਆ ਹੈ ਕਿ ਇਹ ਅੱਗ ਕੋਈ ਹਾਦਸਾ ਨਹੀਂ, ਸਗੋਂ ਪਹਿਲਾਂ ਦਰਜ ਚੋਰੀ ਦੇ ਕੇਸ ਦੀ ਰੰਜਿਸ਼ ਕਾਰਨ ਲਗਾਈ ਗਈ ਹੋ ਸਕਦੀ ਹੈ। ਇਸ ਮਾਮਲੇ ਵਿੱਚ ਥਾਣਾ ਸਾਹਨੇਵਾਲ ਦੀ ਪੁਲਿਸ ਨੇ ਐਫਆਈਆਰ ਦਰਜ ਕਰਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ।