ਨਾਮਜ਼ਦਗੀ ਪੱਤਰ ਦਾਖ਼ਲ ਕਰਨ ਘਰੋਂ ਨਿਕਲੇ ਉਮੀਦਵਾਰ ’ਤੇ ਹਥਿਆਰਬੰਦਾਂ ਨੇ ਕੀਤਾ ਹਮਲਾ
ਨਾਮਜ਼ਦਗੀ ਪੱਤਰ ਦਾਖਲ ਕਰਨ ਘਰੋਂ ਨਿਕਲੇ ਉਮੀਦਵਾਰ ਉੱਪਰ ਹਥਿਆਰਬੰਦਾਂ ਨੇ ਕੀਤਾ ਹਮਲਾ
Publish Date: Thu, 04 Dec 2025 07:19 PM (IST)
Updated Date: Fri, 05 Dec 2025 04:12 AM (IST)

* ਕਾਰ ਦੀ ਭੰਨ-ਤੋੜ ਕਰਨ ਮਗਰੋਂ ਫੋਨ ਖੋਹ ਕੇ ਹਮਲਾਵਰ ਹੋਏ ਫ਼ਰਾਰ ਐੱਸਪੀ ਜੋਸ਼ੀ, ਪੰਜਾਬੀ ਜਾਗਰਣ ਲੁਧਿਆਣਾ : ਬਲਾਕ ਸੰਮਤੀ ਚੋਣਾਂ ਲਈ ਘਰੋਂ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਜਾ ਰਹੇ ਉਮੀਦਵਾਰ ਉੱਪਰ ਹਥਿਆਰਬੰਦਾਂ ਨੇ ਹਮਲਾ ਕਰ ਦਿੱਤਾ। ਉਕਤ ਵਾਰਦਾਤ ਦੀ ਜਾਣਕਾਰੀ ਮਿਲਣ ਮਗਰੋਂ ਥਾਣਾ ਫੋਕਲ ਪੁਆਇੰਟ ਪੁਲਿਸ ਨੇ ਪਿੰਡ ਗੋਬਿੰਦਗੜ੍ਹ ਵਾਸੀ ਸੁਰਿੰਦਰ ਸਿੰਘ ਦੇ ਬਿਆਨ ਉੱਪਰ ਹਮਲਾ ਕਰਨ ਵਾਲੇ ਮੁਲਜ਼ਮਾਂ ਦਿਲਦਾਰ ਸਿੰਘ ਤੇ ਹਰਦੀਪ ਸਿੰਘ ਵਾਸੀ ਪਿੰਡ ਗੋਬਿੰਦਗੜ੍ਹ ਖ਼ਿਲਾਫ਼ ਸੰਗੀਨ ਦੋਸ਼ਾਂ ਅਧੀਨ ਪਰਚਾ ਦਰਜ ਕਰ ਕੇ ਅਗਲੇਰੀ ਪੜਤਾਲ ਸ਼ੁਰੂ ਕਰ ਦਿੱਤੀ ਹੈ। ਸੁਰਿੰਦਰ ਸਿੰਘ ਮੁਤਾਬਕ ਵਾਰਦਾਤ ਵਾਲੇ ਦਿਨ ਉਹ ਆਪਣੀ ਇਨੋਵਾ ਕਾਰ ’ਚ ਸਵਾਰ ਹੋ ਕੇ ਪਤਨੀ ਮਨਦੀਪ ਕੌਰ ਦੇ ਬਲਾਕ ਸੰਮਤੀ ਦੇ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਜਾ ਰਹੇ ਸਨ। ਪੱਤਰ ਦਾਖ਼ਲ ਕਰਨ ਤੋਂ ਪਹਿਲਾਂ ਉਹ ਘਰੋਂ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਣ ਲਈ ਨਿਕਲੇ ਤਾਂ ਰਸਤੇ ’ਚ ਤੇਜ਼ਧਾਰ ਹਥਿਆਰਾਂ ਨਾਲ ਲੈਸ ਮੁਲਜ਼ਮਾਂ ਨੇ ਉਨ੍ਹਾਂ ਨੂੰ ਰਾਹ ’ਚ ਘੇਰ ਲਿਆ। ਸ਼ਿਕਾਇਤਕਰਤਾ ਮੁਤਾਬਕ ਮੁਲਜ਼ਮਾਂ ਨੇ ਹੱਥ ’ਚ ਫੜੇ ਹਥਿਆਰ ਨਾਲ ਉਸ ਦੀ ਕਾਰ ਦੇ ਡਰਾਈਵਰ ਸਾਈਡ ਵਾਲਾ ਸ਼ੀਸ਼ਾ ਤੋੜ ਦਿੱਤਾ ਅਤੇ ਮੁਦਈ ਕੋਲੋਂ ਉਸ ਦਾ ਮੋਬਾਈਲ ਫੋਨ ਖੋਹ ਲਿਆ। ਮੋਬਾਇਲ ਫੋਨ ਦੇ ਕਵਰ ’ਚ ਉਸ ਦੇ ਆਸਟ੍ਰੇਲੀਅਨ ਡਾਲਰ ਸਨ ਜੋ ਮੁਲਜ਼ਮ ਆਪਣੇ ਨਾਲ ਹੀ ਲੈ ਗਏ ਅਤੇ ਜਾਣ ਲੱਗੇ ਉਨ੍ਹਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦੇ ਹੋਏ ਮੌਕੇ ਤੋਂ ਫ਼ਰਾਰ ਹੋ ਗਏ। ਮੁਦਈ ਕਿਸੇ ਤਰ੍ਹਾਂ ਜਾਨ ਬਚਾਉਣ ਲਈ ਕਾਰ ਭਜਾ ਕੇ ਮੌਕੇ ਤੋਂ ਨਿਕਲਿਆ ਤੇ ਉਕਤ ਮਾਮਲਾ ਥਾਣਾ ਫੋਕਲ ਪੁਆਇੰਟ ਪੁਲਿਸ ਦੇ ਧਿਆਨ ’ਚ ਲਿਆਂਦਾ ਗਿਆ। ਥਾਣਾ ਫੋਕਲ ਪੁਆਇੰਟ ਪੁਲਿਸ ਨੇ ਪਿੰਡ ਗੋਬਿੰਦਗੜ੍ਹ ਵਾਸੀ ਸ਼ਿਕਾਇਤ ਕਰਤਾ ਸੁਰਿੰਦਰ ਸਿੰਘ ਦੇ ਬਿਆਨ ਉੱਪਰ ਹਮਲਾ ਕਰਨ ਵਾਲੇ ਮੁਲਜ਼ਮਾਂ ਖ਼ਿਲਾਫ਼ ਸੰਗੀਨ ਦੋਸ਼ਾਂ ਅਧੀਨ ਪਰਚਾ ਦਰਜ ਕਰ ਕੇ ਅਗਲੇਰੀ ਪੜਤਾਲ ਸ਼ੁਰੂ ਕਰ ਦਿੱਤੀ ਹੈ।