ਪਦਮ ਸ੍ਰੀ ਪ੍ਰਾਪਤ ਕਰਨ ਤੋਂ ਬਾਅਦ ਬਲਦੇਵ ਸਿੰਘ ਨੇ ਕਿਹਾ ਕਿ ਇਹ ਉਨ੍ਹਾਂ ਦੀ ਸਖ਼ਤ ਮਿਹਨਤ ਅਤੇ ਖੇਡਾਂ ਪ੍ਰਤੀ ਸਮਰਪਣ ਦਾ ਸਨਮਾਨ ਹੈ। ਉਨ੍ਹਾਂ ਕਿਹਾ ਕਿ ਹਰ ਕੋਚ ਅਤੇ ਖਿਡਾਰੀ ਦੀ ਇੱਛਾ ਹੁੰਦੀ ਹੈ ਕਿ ਉਸ ਦੀ ਮਿਹਨਤ ਨੂੰ ਮਾਨਤਾ ਮਿਲੇ ਅਤੇ ਸਰਕਾਰ ਨੇ ਉਨ੍ਹਾਂ ਨੂੰ ਇਸ ਯੋਗ ਸਮਝਿਆ, ਜਿਸ ਲਈ ਉਹ ਧੰਨਵਾਦੀ ਹਨ।

ਸਤਵਿੰਦਰ ਸ਼ਰਮਾ, ਪੰਜਾਬੀ ਜਾਗਰਣ, ਲੁਧਿਆਣਾ : ਲੁਧਿਆਣਾ ਦੇ ਰਿਸ਼ੀ ਨਗਰ ਵਾਸੀ ਪ੍ਰਸਿੱਧ ਹਾਕੀ ਕੋਚ ਬਲਦੇਵ ਸਿੰਘ ਨੇ ਆਪਣੀ ਮਿਹਨਤ, ਅਨੁਸ਼ਾਸਨ ਅਤੇ ਦ੍ਰਿੜ ਇਰਾਦੇ ਨਾਲ ਭਾਰਤੀ ਹਾਕੀ ਨੂੰ ਨਵੀਆਂ ਉੱਚਾਈਆਂ ਤੱਕ ਪਹੁੰਚਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਉਨ੍ਹਾਂ ਵੱਲੋਂ ਤਿਆਰ ਕੀਤੇ ਗਏ 100 ਤੋਂ ਵੱਧ ਖਿਡਾਰੀ ਅੰਤਰਰਾਸ਼ਟਰੀ ਪੱਧਰ ’ਤੇ ਭਾਰਤ ਦੀ ਨੁਮਾਇੰਦਗੀ ਕਰ ਚੁੱਕੇ ਹਨ, ਜਿਨ੍ਹਾਂ ਵਿੱਚੋਂ ਅੱਠ ਨੇ ਭਾਰਤੀ ਟੀਮ ਦੀ ਕਪਤਾਨੀ ਵੀ ਕੀਤੀ। ਭਾਰਤੀ ਹਾਕੀ ਵਿੱਚ ਪਾਏ ਗਏ ਬੇਮਿਸਾਲ ਯੋਗਦਾਨ ਲਈ ਹੁਣ ਉਨ੍ਹਾਂ ਨੂੰ ਦੇਸ਼ ਦੇ ਚੌਥੇ ਸਭ ਤੋਂ ਵੱਡੇ ਨਾਗਰਿਕ ਸਨਮਾਨ ਪਦਮ ਸ੍ਰੀ ਨਾਲ ਸਨਮਾਨਿਤ ਕੀਤਾ ਗਿਆ ਹੈ। ਇਹ ਸਨਮਾਨ ਮਿਲਣ ਨਾਲ ਲੁਧਿਆਣਾ ਸਮੇਤ ਪੂਰੇ ਪੰਜਾਬ ਵਿੱਚ ਖੁਸ਼ੀ ਦਾ ਮਾਹੌਲ ਹੈ।
ਪਦਮ ਸ੍ਰੀ ਪ੍ਰਾਪਤ ਕਰਨ ਤੋਂ ਬਾਅਦ ਬਲਦੇਵ ਸਿੰਘ ਨੇ ਕਿਹਾ ਕਿ ਇਹ ਉਨ੍ਹਾਂ ਦੀ ਸਖ਼ਤ ਮਿਹਨਤ ਅਤੇ ਖੇਡਾਂ ਪ੍ਰਤੀ ਸਮਰਪਣ ਦਾ ਸਨਮਾਨ ਹੈ। ਉਨ੍ਹਾਂ ਕਿਹਾ ਕਿ ਹਰ ਕੋਚ ਅਤੇ ਖਿਡਾਰੀ ਦੀ ਇੱਛਾ ਹੁੰਦੀ ਹੈ ਕਿ ਉਸ ਦੀ ਮਿਹਨਤ ਨੂੰ ਮਾਨਤਾ ਮਿਲੇ ਅਤੇ ਸਰਕਾਰ ਨੇ ਉਨ੍ਹਾਂ ਨੂੰ ਇਸ ਯੋਗ ਸਮਝਿਆ, ਜਿਸ ਲਈ ਉਹ ਧੰਨਵਾਦੀ ਹਨ।
ਸਾਲ 1943 ਵਿੱਚ ਜਨਮੇ ਬਲਦੇਵ ਸਿੰਘ ਨੇ ਆਪਣੀ ਸਕੂਲੀ ਸਿੱਖਿਆ ਲੁਧਿਆਣਾ ਦੇ ਮਾਲਵਾ ਸੀਨੀਅਰ ਸੈਕੰਡਰੀ ਸਕੂਲ, ਸਿਵਲ ਲਾਈਨਜ਼ ਤੋਂ ਹਾਸਲ ਕੀਤੀ। ਇਸ ਤੋਂ ਬਾਅਦ ਉਨ੍ਹਾਂ ਨੇ ਆਰੀਆ ਕਾਲਜ ਤੋਂ ਉਚੇਰੀ ਸਿੱਖਿਆ ਪ੍ਰਾਪਤ ਕੀਤੀ। ਛੋਟੀ ਉਮਰ ਤੋਂ ਹੀ ਉਨ੍ਹਾਂ ਨੂੰ ਹਾਕੀ ਨਾਲ ਬਹੁਤ ਪਿਆਰ ਸੀ ਅਤੇ ਇਹੀ ਸ਼ੌਂਕ ਅੱਗੇ ਚੱਲ ਕੇ ਉਨ੍ਹਾਂ ਦੀ ਪਹਿਚਾਣ ਬਣ ਗਿਆ। ਉਹ ਖੁਦ ਵੀ ਰਾਸ਼ਟਰੀ ਪੱਧਰ ਦੇ ਹਾਕੀ ਖਿਡਾਰੀ ਰਹੇ ਅਤੇ ਸਾਲ 1970 ਦੀਆਂ ਏਸ਼ਿਆਈ ਖੇਡਾਂ ਵਿੱਚ ਭਾਰਤ ਦੀ ਨੁਮਾਇੰਦਗੀ ਕੀਤੀ।
ਖੇਡ ਜੀਵਨ ਤੋਂ ਬਾਅਦ ਉਨ੍ਹਾਂ ਨੇ ਕੋਚਿੰਗ ਨੂੰ ਆਪਣਾ ਮਿਸ਼ਨ ਬਣਾਇਆ। ਹਰਿਆਣਾ ਦੇ ਸ਼ਾਹਬਾਦ ਮਾਰਕੰਡਾ ਵਿੱਚ ਉਨ੍ਹਾਂ ਵੱਲੋਂ ਸਥਾਪਿਤ ਕੀਤੀ ਗਈ ਹਾਕੀ ਅਕੈਡਮੀ ਨੇ ਇੱਕ ਛੋਟੇ ਕਸਬੇ ਨੂੰ ਭਾਰਤੀ ਹਾਕੀ ਦੀ ਵੱਡੀ ਨਰਸਰੀ ਵਜੋਂ ਮਸ਼ਹੂਰ ਕਰ ਦਿੱਤਾ। ਖ਼ਾਸ ਕਰਕੇ ਮਹਿਲਾ ਹਾਕੀ ਵਿੱਚ ਉਨ੍ਹਾਂ ਦਾ ਯੋਗਦਾਨ ਬੇਹੱਦ ਮਹੱਤਵਪੂਰਨ ਮੰਨਿਆ ਜਾਂਦਾ ਹੈ। ਉਨ੍ਹਾਂ ਦੀ ਕੋਚਿੰਗ ਹੇਠ ਕਰੀਬ 45 ਮਹਿਲਾ ਅੰਤਰਰਾਸ਼ਟਰੀ ਖਿਡਾਰੀ ਤਿਆਰ ਹੋਈਆਂ।
ਉਨ੍ਹਾਂ ਵੱਲੋਂ ਤਿਆਰ ਕੀਤੇ ਮਸ਼ਹੂਰ ਖਿਡਾਰੀਆਂ ਵਿੱਚ ਰਾਣੀ ਰਾਮਪਾਲ, ਸਰਦਾਰ ਸਿੰਘ, ਸੰਦੀਪ ਸਿੰਘ, ਰੀਤੂ ਰਾਣੀ, ਸੁਰਿੰਦਰ ਕੌਰ ਅਤੇ ਜਸਜੀਤ ਕੌਰ ਵਰਗੇ ਕਈ ਨਾਮ ਸ਼ਾਮਲ ਹਨ। ਉਨ੍ਹਾਂ ਦੇ ਪੰਜ ਖਿਡਾਰੀਆਂ ਨੂੰ ਦੇਸ਼ ਦੇ ਸਰਵਉੱਚ ਖੇਡ ਸਨਮਾਨਾਂ ਵਿੱਚੋਂ ਇੱਕ ਅਰਜੁਨ ਅਵਾਰਡ ਨਾਲ ਵੀ ਨਵਾਜਿਆ ਜਾ ਚੁੱਕਾ ਹੈ।
ਹਾਕੀ ਜਗਤ ਵਿੱਚ ਬਲਦੇਵ ਸਿੰਘ ਨੂੰ ‘ਵਨ ਮੈਨ ਆਰਮੀ’ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਉਨ੍ਹਾਂ ਦੀ ਕੋਚਿੰਗ ਦਾ ਅੰਦਾਜ਼ ਸਖ਼ਤ ਪਰ ਨਤੀਜਾ-ਮੁੱਖ ਮੰਨਿਆ ਜਾਂਦਾ ਹੈ। ਉਹ ਖਿਡਾਰੀਆਂ ਦੀ ਪ੍ਰਤਿਭਾ ਨੂੰ ਪਛਾਣ ਕੇ ਉਸ ਨੂੰ ਅੰਤਰਰਾਸ਼ਟਰੀ ਪੱਧਰ ਤੱਕ ਲਿਜਾਣ ਦੀ ਸਮਰੱਥਾ ਰੱਖਦੇ ਹਨ। ਉਨ੍ਹਾਂ ਨੇ ਭਾਰਤੀ ਮਹਿਲਾ ਅਤੇ ਪੁਰਸ਼ ਹਾਕੀ ਟੀਮਾਂ ਤੋਂ ਇਲਾਵਾ ਐਨਆਈਐਸ, ਸਿਰਸਾ ਕਲੱਬ ਅਤੇ ਨਾਮਧਾਰੀ ਹਾਕੀ ਟੀਮ ਨੂੰ ਵੀ ਕੋਚਿੰਗ ਦਿੱਤੀ।
ਸਾਲ 1990 ਤੋਂ 2000 ਤੱਕ ਉਹ ਭਾਰਤੀ ਹਾਕੀ ਟੀਮ ਦੇ ਕੋਚ ਵਜੋਂ ਵੀ ਸੇਵਾਵਾਂ ਨਿਭਾਉਂਦੇ ਰਹੇ। ਖੇਡਾਂ ਪ੍ਰਤੀ ਉਨ੍ਹਾਂ ਦੀ ਲੰਬੀ ਅਤੇ ਸ਼ਾਨਦਾਰ ਸੇਵਾ ਨੂੰ ਦੇਖਦਿਆਂ ਉਨ੍ਹਾਂ ਨੂੰ ਸਾਲ 2009 ਵਿੱਚ ਦ੍ਰੋਣਾਚਾਰਿਆ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਸੀ। ਹੁਣ ਪਦਮ ਸ੍ਰੀ ਮਿਲਣ ਨਾਲ ਹਾਕੀ ਜਗਤ ਵਿੱਚ ਖੁਸ਼ੀ ਦੀ ਲਹਿਰ ਹੈ। ਖੇਡ ਪ੍ਰੇਮੀਆਂ ਦਾ ਕਹਿਣਾ ਹੈ ਕਿ ਬਲਦੇਵ ਸਿੰਘ ਵਰਗੀਆਂ ਸ਼ਖਸੀਅਤਾਂ ਹੀ ਦੇਸ਼ ਦੀ ਖੇਡ ਸੰਸਕ੍ਰਿਤੀ ਨੂੰ ਮਜ਼ਬੂਤ ਬਣਾਉਂਦੀਆਂ ਹਨ ਅਤੇ ਨੌਜਵਾਨ ਖਿਡਾਰੀਆਂ ਲਈ ਪ੍ਰੇਰਣਾ ਬਣਦੀਆਂ ਹਨ।