ਨਸ਼ੇ ਲਈ ਪੈਸੇ ਮੰਗਣ ਤੇ ਘਰ 'ਚ ਵੜ ਕੇ ਚਿੱਟਾ ਪੀਣ ਵਾਲੇ ਪੁਲਿਸ ਮੁਲਾਜ਼ਮ ਦਾ ਲੋਕਾਂ ਨੇ ਚਾੜ੍ਹਿਆ ਕੁਟਾਪਾ; ਮੁਲਾਜ਼ਮ ਸਸਪੈਂਡ
ਡੀਐੱਸਪੀ ਕੁਲਵੰਤ ਸਿੰਘ ਵੀ ਸੋਸ਼ਲ ਮੀਡੀਆ ਤੇ ਲਾਈਵ ਹੋਏ। ਉਹਨਾਂ ਉਕਤ ਵੀਡੀਓ ਦਾ ਹਵਾਲਾ ਦਿੰਦਿਆਂ ਦੱਸਿਆ ਕਿ ਪੁਲਿਸ ਮੁਲਾਜ਼ਮ ਸੰਦੀਪ ਸਿੰਘ ਜੋ ਕਿ ਪਿਛਲੇ ਲੰਮੇ ਸਮੇਂ ਤੋਂ ਗੈਰ ਹਾਜ਼ਰ ਚੱਲਿਆ ਆ ਰਿਹਾ। ਉਸਦੀਆਂ ਗਲਤ ਹਰਕਤਾਂ ਕਾਰਨ ਉਸ ਨੂੰ ਜਿੱਥੇ ਸਸਪੈਂਡ ਕਰ ਦਿੱਤਾ ਗਿਆ ਹੈ, ਉਥੇ ਨੌਕਰੀਆਂ ਲਾਉਣ ਲਈ ਵੀ ਵਿਭਾਗੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
Publish Date: Tue, 12 May 2026 08:58 AM (IST)
Updated Date: Tue, 12 May 2026 08:59 AM (IST)
ਸੰਜੀਵ ਗੁਪਤਾ, ਪੰਜਾਬੀ ਜਾਗਰਣ ਜਗਰਾਓ : ਜਗਰਾਓਂ ’ਚ ਨਸ਼ਿਆਂ ਲਈ ਚਰਚਿਤ ਅਤੇ ਹਾਟ ਸਪਾਟ ਮੰਨੇ ਜਾਂਦੇ ਮੁਹੱਲਾ ਧੁੰਮਣ ਵਿੱਚ ਵਰਦੀ ਦੇ ਗਰੂਰ ਵਿੱਚ ਪੁਲਿਸ ਮੁਲਾਜ਼ਮ ਦੇ ਚਿੱਟੇ ਲਈ ਪੈਸੇ ਅਤੇ ਲੋਕਾਂ ਦੇ ਘਰਾਂ ਵਿੱਚ ਜਬਰਨ ਵੜ ਕੇ ਪੀਣ ਦੀ ਆਦਤ ਤੋਂ ਅੱਕੇ ਅੱਜ ਲੋਕਾਂ ਨੇ ਕੁਟਾਪਾ ਚਾੜ ਦਿੱਤਾ। ਕੁੱਟਣ ਵਾਲਿਆਂ ਵਿੱਚ ਘਰ ਦੀਆਂ ਔਰਤਾਂ ਵੀ ਸ਼ਾਮਿਲ ਸਨ। ਛਿੱਤਰ ਪਰੇਡ ਕਰਦਿਆਂ ਦੀ ਵਾਇਰਲ ਵੀਡੀਓ ਤੋਂ ਬਾਅਦ ਡਿਊਟੀ ਤੋਂ ਗੈਰ ਹਾਜ਼ਰ ਚੱਲੇ ਆ ਰਹੇ ਉਕਤ ਮੁਲਾਜ਼ਮ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ। ਘਟਨਾ ਦੀ ਜਾਣਕਾਰੀ ਦਿੰਦਿਆਂ ਮੁਹੱਲੇ ਚ ਰਹਿੰਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਜਗਰਾਉਂ ਪੁਲਿਸ ਦਾ ਪੁਲਿਸ ਮੁਲਾਜ਼ਮ ਸੰਦੀਪ ਸਿੰਘ ਜੋ ਕਿ ਨਸ਼ਾ ਕਰਨ ਦਾ ਆਦੀ ਹੈ। ਚਿੱਟੇ ਦੀ ਲੱਤ ਪੂਰੀ ਕਰਨ ਲਈ ਉਨਾਂ ਤੇ ਖਾਕੀ ਦਾ ਰੋਅਬ ਝਾੜਦਿਆਂ ਧੱਕੇ ਨਾਲ ਪੈਸੇ ਹੀ ਨਹੀਂ ਵਸੂਲਦਾ, ਬਲਕਿ ਉਨ੍ਹਾਂ ਤੋਂ ਜਬਰਨ ਵਸੂਲੀ ਰਾਹੀਂ ਇਕੱਠੇ ਕੀਤੇ ਪੈਸਿਆਂ ਦਾ ਚਿੱਟਾ ਲਿਆ ਕੇ ਉਹਨਾਂ ਦੇ ਘਰਾਂ ਵਿੱਚ ਹੀ ਪੀਂਦਾ ਹੈ।
ਜੇ ਕੋਈ ਹਿੰਮਤ ਕਰਕੇ ਮਾਈ ਦਾ ਲਾਲ ਰੋਕਣ ਦੀ ਕੋਸ਼ਿਸ਼ ਕਰਦਾ ਹੈ ਤਾਂ ਉਸ ਤੇ ਮੁਕੱਦਮਾ ਠੋਕ ਕੇ ਹਵਾਲਾਤ ਵਿੱਚ ਦੇਣ ਦੀਆਂ ਧਮਕੀਆਂ ਦਿੰਦਾ ਹੈ। ਅੱਜ ਵੀ ਉਹ ਘਰ ਵਿੱਚ ਇਕੱਲੀ ਔਰਤਾਂ ਨੂੰ ਰੋਅਬ ਮਾਰ ਕੇ ਦਾਖਲ ਹੋ ਗਿਆ ਅਤੇ ਤੰਗ ਪਰੇਸ਼ਾਨ ਕਰਨ ਲੱਗ ਪਿਆ। ਜਿਸ ਤੋਂ ਬਾਅਦ ਪੂਰੇ ਪਰਿਵਾਰ ਨੇ ਵਰਦੀ ਦੇ ਰੋਅਬ ’ਚ ਲਗਾਤਾਰ ਤੰਗ ਕਰਨ ਦੀਆਂ ਘਟਨਾਵਾਂ ਤੋਂ ਦੁਖੀ ਹੋ ਕੇ ਕੁੱਟਮਾਰ ਕੀਤੀ । ਲੋਕਾਂ ਵੱਲੋਂ ਕੁੱਟੇ ਪੁਲਿਸ ਮੁਲਾਜ਼ਮ ਸੰਦੀਪ ਸਿੰਘ ਦੀਆਂ ਮਾੜੀਆਂ ਆਦਤਾਂ ਦੇ ਲੋਕਾਂ ਕੋਲ ਅਨੇਕਾਂ ਸਬੂਤ ਹਨ। ਉਸ ਵੱਲੋਂ ਵਰਦੀ ਵਿੱਚ ਚਿੱਟਾ ਪੀਂਦੇ ਦੀਆਂ ਕਈ ਵੀਡੀਓ ਵੀ ਚਰਚਾ ਵਿੱਚ ਹਨ।
ਵਾਇਰਲ ਵੀਡੀਓ ਤੋਂ ਬਾਅਦ ਹਰਕਤ ਵਿੱਚ ਆਈ ਪੁਲਿਸ
ਥਾਣਾ ਸਿੱਧਵਾਂ ਬੇਟ ਵਿਖੇ ਤੈਨਾਤ ਪੁਲਿਸ ਮੁਲਾਜ਼ਮ ਸੰਦੀਪ ਸਿੰਘ ਦੀ ਕੁੱਟਮਾਰ ਦੀ ਵੀਡੀਓ ਵਾਇਰਲ ਹੋਣ ਤੇ ਡੀਐੱਸਪੀ ਕੁਲਵੰਤ ਸਿੰਘ ਵੀ ਸੋਸ਼ਲ ਮੀਡੀਆ ਤੇ ਲਾਈਵ ਹੋਏ। ਉਹਨਾਂ ਉਕਤ ਵੀਡੀਓ ਦਾ ਹਵਾਲਾ ਦਿੰਦਿਆਂ ਦੱਸਿਆ ਕਿ ਪੁਲਿਸ ਮੁਲਾਜ਼ਮ ਸੰਦੀਪ ਸਿੰਘ ਜੋ ਕਿ ਪਿਛਲੇ ਲੰਮੇ ਸਮੇਂ ਤੋਂ ਗੈਰ ਹਾਜ਼ਰ ਚੱਲਿਆ ਆ ਰਿਹਾ। ਉਸਦੀਆਂ ਗਲਤ ਹਰਕਤਾਂ ਕਾਰਨ ਉਸ ਨੂੰ ਜਿੱਥੇ ਸਸਪੈਂਡ ਕਰ ਦਿੱਤਾ ਗਿਆ ਹੈ, ਉਥੇ ਨੌਕਰੀਆਂ ਲਾਉਣ ਲਈ ਵੀ ਵਿਭਾਗੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।