5 ਦੁਕਾਨਾਂ ਦੇ ਤਾਲੇ ਤੋੜ ਕੇ ਫਰਾਰ ਹੋ ਰਿਹਾ ਮੁਲਜਮ ਗ੍ਰਿਫਤਾਰ, ਮੁਲਜ਼ਮ ਦੇ ਸਾਥੀ ਹੋਏ ਫਰਾਰ
5 ਦੁਕਾਨਾਂ ਦੇ ਤਾਲੇ ਤੋੜ ਕੇ ਫਰਾਰ ਹੋ ਰਿਹਾ ਮੁਲਜਮ ਗ੍ਰਿਫਤਾਰ, ਮੁਲਜ਼ਮ ਦੇ ਸਾਥੀ ਹੋਏ ਫਰਾਰ
Publish Date: Thu, 08 Jan 2026 07:02 PM (IST)
Updated Date: Thu, 08 Jan 2026 07:06 PM (IST)

ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ ਲੁਧਿਆਣਾ ਬੀਤੀ ਰਾਤ ਕਬਾੜ ਦੀਆਂ 5 ਦੁਕਾਨਾਂ ਤੇ ਤਾਲੇ ਤੋੜ ਕੇ ਫਰਾਰ ਹੋ ਰਹੇ ਮੁਲਜ਼ਮ ਨੂੰ ਥਾਣਾ ਕੂਮਕਲਾਂ ਦੀ ਪੁਲਿਸ ਨੇ ਨਾਕਾਬੰਦੀ ਦੇ ਦੌਰਾਨ ਗਿਰਫਤਾਰ ਕਰ ਲਿਆ ਹੈ। ਇਸ ਕਾਰਵਾਈ ਦੇ ਦੌਰਾਨ ਮੁਲਜ਼ਮ ਦੇ ਦੋ ਸਾਥੀ ਮੌਕੇ ਤੋਂ ਫਰਾਰ ਹੋ ਗਏ। ਪੁਲਿਸ ਨੇ ਮੁਲਜ਼ਮਾਂ ਦੇ ਖਿਲਾਫ ਮੁਕੱਦਮਾ ਦਰਜ ਕਰਕੇ ਕਾਬੂ ਕੀਤੇ ਮੁਲਜਮ ਨੂੰ ਵੀਰਵਾਰ ਸਵੇਰੇ ਅਦਾਲਤ ਵਿੱਚ ਪੇਸ਼ ਕੀਤਾ ਜਿੱਥੋਂ ਉਸ ਨੂੰ ਨਿਆਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ। ਜਾਣਕਾਰੀ ਦਿੰਦਿਆਂ ਪਿੰਡ ਕੁਹਾੜਾ ਦੇ ਰਹਿਣ ਵਾਲੇ ਪ੍ਰਿੰਸ ਕੁਮਾਰ ਨੇ ਦੱਸਿਆ ਕਿ ਉਹ ਕੁਹਾੜਾ ਸਾਹਨੇਵਾਲ ਰੋਡ ਤੇ ਪੈਂਦੇ ਗਿੱਲ ਚਿਕਨ ਦੇ ਲਾਗੇ ਕਬਾੜ ਦੀਆਂ ਪੰਜ ਦੁਕਾਨਾਂ ਚਲਾਉਂਦਾ ਹੈ। ਦੇਰ ਰਾਤ ਨੂੰ ਉਨ੍ਹਾਂ ਨੂੰ ਪਤਾ ਲੱਗਾ ਕਿ ਬਦਮਾਸ਼ਾਂ ਵੱਲੋਂ ਉਸ ਦੀਆਂ ਦੁਕਾਨਾਂ ਦੇ ਤਾਲੇ ਤੋੜ ਕੇ ਅੰਦਰੋਂ ਸਮਾਨ ਚੋਰੀ ਕਰ ਲਿਆ ਗਿਆ ਹੈ। ਜਾਣਕਾਰੀ ਤੋਂ ਬਾਅਦ ਪ੍ਰਿੰਸ ਮੌਕੇ ਤੇ ਪਹੁੰਚਿਆ ਅਤੇ ਪੁਲਿਸ ਨੂੰ ਸੂਚਨਾ ਦਿੱਤੀ। ਜਾਣਕਾਰੀ ਮਿਲਦੇ ਹੀ ਪੁਲਿਸ ਪਾਰਟੀ ਨੇ ਇਲਾਕੇ ਵਿੱਚ ਨਾਕਾਬੰਦੀ ਕਰਕੇ ਇੱਕ ਮੁਲਜਮ ਨੂੰ ਹਿਰਾਸਤ ਵਿੱਚ ਲਿਆ , ਪਰ ਮੁਲਜਮ ਦੇ ਦੋ ਸਾਥੀ ਮੌਕੇ ਤੋਂ ਫਰਾਰ ਹੋ ਗਏ। ਜਾਣਕਾਰੀ ਦਿੰਦਿਆਂ ਥਾਣਾ ਕੁਮਕਲਾਂ ਦੇ ਏਐਸਆਈ ਸਵਰਨ ਚੰਦ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਮੁਲਜ਼ਮ ਦੀ ਪਛਾਣ ਕੁਹਾੜਾ ਦੇ ਰਹਿਣ ਵਾਲੇ ਗੌਰਵ ਵਰਮਾ ਵੱਜੋਂ ਹੋਈ ਹੈ। ਪੁਲਿਸ ਮੁਲਜ਼ਮ ਦੇ ਸਾਥੀ ਚਾਂਦ ਅਤੇ ਰਵੀ ਦੀ ਤਲਾਸ਼ ਕਰ ਰਹੀ ਹੈ। ਜਾਂਚ ਅਧਿਕਾਰੀ ਸਵਰਨ ਸਿੰਘ ਨੇ ਦੱਸਿਆ ਕਿ ਕਾਬੂ ਕੀਤੇ ਗਏ ਮੁਲਜ਼ਮ ਦੇ ਕਬਜ਼ੇ ਚੋਂ ਕਬਾੜ ਦੇ ਦੋ ਬੋਰੇ ਅਤੇ ਇੱਕ ਕਾਰ ਬਰਾਮਦ ਕੀਤੀ ਗਈ ਹੈ। ਜਾਂਚ ਦੇ ਦੌਰਾਨ ਇਹ ਵੀ ਸਾਹਮਣੇ ਆਇਆ ਕਿ ਮੁਲਜਮ ਗੌਰਵ ਵਰਮਾ ਦੇ ਖਿਲਾਫ ਮੁਹਾਲੀ ਵਿੱਚ ਐਨਡੀਪੀਐਸ ਐਕਟ ਦੀਆਂ ਧਰਾਵਾਂ ਤਹਿਤ ਦੋ ਮੁਕੱਦਮੇ ਦਰਜ ਹਨ। ਪੁਲਿਸ ਦਾ ਕਹਿਣਾ ਹੈ ਕਿ ਚਾਂਦ ਅਤੇ ਰਵੀ ਨੂੰ ਵੀ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ।