ਲੁਧਿਆਣਾ ‘ਚ ਪੁਲਿਸ ਹਿਰਾਸਤ ਤੋਂ ਮੁਲਜ਼ਮ ਫਰਾਰ, ਬਾਥਰੂਮ ਜਾਣ ਦਾ ਬਹਾਨਾ ਬਣਾ ਕੇ ਹੋਇਆ ਰਫੂ ਚੱਕਰ
ਢਾਬੇ ‘ਤੇ ਮੌਜੂਦ ਕਰਮਚਾਰੀਆਂ ਨੇ ਦੱਸਿਆ ਕਿ ਪਹਿਲਾਂ ਇੱਕ ਵਿਅਕਤੀ ਭੱਜਦਾ ਦੇਖਿਆ ਗਿਆ ਅਤੇ ਕੁਝ ਮਿੰਟਾਂ ਬਾਅਦ ਦੂਜਾ ਵਿਅਕਤੀ ਵੀ ਉਸਦੇ ਪਿੱਛੇ ਦੌੜਦਾ ਨਜ਼ਰ ਆਇਆ।
Publish Date: Sat, 02 May 2026 04:42 PM (IST)
Updated Date: Sat, 02 May 2026 04:43 PM (IST)
ਸੁਸ਼ੀਲ ਕੁਮਾਰ ਸ਼ਸ਼ੀ ,ਪੰਜਾਬੀ ਜਾਗਰਣ ਲੁਧਿਆਣਾ : ਲੁਧਿਆਣਾ ਵਿੱਚ ਉਸ ਸਮੇਂ ਹੜਕੰਪ ਮਚ ਗਿਆ ਜਦੋਂ ਹਰਿਆਣਾ ਪੁਲਿਸ ਦੀ ਹਿਰਾਸਤ ਵਿੱਚ ਲਿਆਂਦਾ ਗਿਆ ਮੁਲਜ਼ਮ ਅਰਜੁਨ ਕੁਮਾਰ ਬੜੇ ਹੀ ਛਾਤਰ ਢੰਗ ਨਾਲ ਪੁਲਿਸ ਨੂੰ ਚਕਮਾ ਦੇ ਕੇ ਮੌਕੇ ਤੋਂ ਫਰਾਰ ਹੋ ਗਿਆ। ਮਿਲੀ ਜਾਣਕਾਰੀ ਅਨੁਸਾਰ ਪੁਲਿਸ ਟੀਮ ਮੁਲਜ਼ਮ ਨੂੰ ਮੋਬਾਈਲ ਫੋਨ ਦੀ ਬਰਾਮਦਗੀ ਲਈ ਹਰਿਆਣਾ ਤੋਂ ਲੁਧਿਆਣਾ ਲੈ ਕੇ ਆਈ ਸੀ। ਦੁਪਹਿਰ ਕਰੀਬ 12:40 ਵਜੇ ਪੁਲਿਸ ਗਿਆਨ ਢਾਬੇ ਦੇ ਨੇੜੇ ਖਾਣਾ ਖਾਣ ਲਈ ਰੁਕੀ। ਇਸ ਦੌਰਾਨ ਮੁਲਜ਼ਮ ਨੇ ਪੇਸ਼ਾਬ ਕਰਨ ਦਾ ਬਹਾਨਾ ਬਣਾਇਆ ਅਤੇ ਸਿਪਾਹੀ ਰਣਦੀਪ ਉਸਨੂੰ ਬਾਥਰੂਮ ਵੱਲ ਲੈ ਗਿਆ।
ਬਾਥਰੂਮ ਵਿੱਚ ਦਾਖਲ ਹੋਣ ਤੋਂ ਬਾਅਦ ਮੁਲਜ਼ਮ ਨੇ ਅਚਾਨਕ ਸਿਪਾਹੀ ਨੂੰ ਧੱਕਾ ਦਿੱਤਾ ਅਤੇ ਉਥੋਂ ਤੇਜ਼ੀ ਨਾਲ ਭੱਜ ਗਿਆ। ਘਟਨਾ ਦੇ ਤੁਰੰਤ ਬਾਅਦ ਪੁਲਿਸ ਵੱਲੋਂ ਆਲੇ ਦੁਆਲੇ ਦੇ ਇਲਾਕਿਆਂ ਵਿੱਚ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਗਈ, ਪਰ ਮੁਲਜ਼ਮ ਦਾ ਕੋਈ ਪਤਾ ਨਹੀਂ ਲੱਗ ਸਕਿਆ। ਢਾਬੇ ‘ਤੇ ਮੌਜੂਦ ਕਰਮਚਾਰੀਆਂ ਨੇ ਦੱਸਿਆ ਕਿ ਪਹਿਲਾਂ ਇੱਕ ਵਿਅਕਤੀ ਭੱਜਦਾ ਦੇਖਿਆ ਗਿਆ ਅਤੇ ਕੁਝ ਮਿੰਟਾਂ ਬਾਅਦ ਦੂਜਾ ਵਿਅਕਤੀ ਵੀ ਉਸਦੇ ਪਿੱਛੇ ਦੌੜਦਾ ਨਜ਼ਰ ਆਇਆ।
ਪੁਲਿਸ ਦੇ ਅਨੁਸਾਰ ਮੁਲਜ਼ਮ ਅਰਜੁਨ ਕੁਮਾਰ ਰੇਵਾੜੀ (ਹਰਿਆਣਾ) ਦਾ ਰਹਿਣ ਵਾਲਾ ਹੈ ਅਤੇ ਉਸਦੇ ਖ਼ਿਲਾਫ਼ ਪਹਿਲਾਂ ਤੋਂ ਹੀ ਮਾਮਲਾ ਦਰਜ ਸੀ। ਇਹ ਕੇਸ 14 ਅਪ੍ਰੈਲ 2026 ਨੂੰ ਦਰਜ ਕੀਤਾ ਗਿਆ ਸੀ। ਹੁਣ ਇਸ ਫਰਾਰੀ ਦੇ ਮਾਮਲੇ ‘ਚ ਭਾਰਤੀ ਨਿਆਂ ਸੰਹਿਤਾ ਦੀਆਂ ਧਾਰਾਵਾਂ 262, 221 ਅਤੇ 132 ਹੇਠ ਨਵਾਂ ਮਾਮਲਾ ਦਰਜ ਕਰ ਲਿਆ ਗਿਆ ਹੈ।
ਫਿਲਹਾਲ ਪੁਲਿਸ ਵੱਲੋਂ ਮੁਲਜ਼ਮ ਦੀ ਭਾਲ ਲਈ ਵੱਖ-ਵੱਖ ਥਾਵਾਂ ‘ਤੇ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਜਾਂਚ ਜਾਰੀ ਹੈ।