‘ਬੇਹਿੰਮਤੇ ਨੇ ਜਿਹੜੇ ਬਹਿਕੇ ਸ਼ਿਕਵਾ ਕਰਨ ਮੁਕੱਦਰਾਂ ਦਾ... ਉੱਗਣ ਵਾਲੇ ਉੱਗ ਪੈਂਦੇ, ਸੀਨਾ ਪਾੜ ਕੇ ਪੱਥਰਾਂ ਦਾ।’ ਇਹ ਸਤਰਾਂ ਪਿੰਡ ਲੋਹਟਬੱਦੀ ਦੇ ਸੱਤਪਾਲ ਸਿੰਘ ਦੀ ਜ਼ਿੰਦਗੀ ਨੂੰ ਪੂਰੀ ਤਰ੍ਹਾਂ ਢੁਕਦੀਆਂ ਹਨ। ਜਨਮ ਤੋਂ ਹੀ ਦੋਨੋਂ ਬਾਹਾਂ ਤੋਂ ਵਾਂਝੇ ਸਤਪਾਲ ਨੇ ਕਦੇ ਵੀ ਰੱਬ ਨਾਲ ਸ਼ਿਕਾਇਤ ਨਹੀਂ ਕੀਤੀ। ਉਲਟਾ, ਉਨ੍ਹਾਂ ਆਪਣੇ ਪੈਰਾਂ ਨੂੰ ਹੱਥਾਂ ਵਾਂਗ ਬਣਾ ਲਿਆ ਤੇ ਅੱਜ ਉਹ ਇੱਕ ਮਾਹਿਰ ਇਲੈਕਟ੍ਰੋਨਿਕਸ ਰਿਪੇਅਰ ਕਾਰੀਗਰ ਵਜੋਂ ਨਾਮਣਾ ਖੱਟ ਰਹੇ ਹਨ।

ਅਮਰਜੀਤ ਸਿੰਘ ਅਕਾਲਗੜ੍ਹ, ਪੰਜਾਬੀ ਜਾਗਰਣ, ਰਾਏਕੋਟ। ‘ਬੇਹਿੰਮਤੇ ਨੇ ਜਿਹੜੇ ਬਹਿਕੇ ਸ਼ਿਕਵਾ ਕਰਨ ਮੁਕੱਦਰਾਂ ਦਾ... ਉੱਗਣ ਵਾਲੇ ਉੱਗ ਪੈਂਦੇ, ਸੀਨਾ ਪਾੜ ਕੇ ਪੱਥਰਾਂ ਦਾ।’ ਇਹ ਸਤਰਾਂ ਪਿੰਡ ਲੋਹਟਬੱਦੀ ਦੇ ਸੱਤਪਾਲ ਸਿੰਘ ਦੀ ਜ਼ਿੰਦਗੀ ਨੂੰ ਪੂਰੀ ਤਰ੍ਹਾਂ ਢੁਕਦੀਆਂ ਹਨ। ਜਨਮ ਤੋਂ ਹੀ ਦੋਨੋਂ ਬਾਹਾਂ ਤੋਂ ਵਾਂਝੇ ਸਤਪਾਲ ਨੇ ਕਦੇ ਵੀ ਰੱਬ ਨਾਲ ਸ਼ਿਕਾਇਤ ਨਹੀਂ ਕੀਤੀ। ਉਲਟਾ, ਉਨ੍ਹਾਂ ਆਪਣੇ ਪੈਰਾਂ ਨੂੰ ਹੱਥਾਂ ਵਾਂਗ ਬਣਾ ਲਿਆ ਤੇ ਅੱਜ ਉਹ ਇੱਕ ਮਾਹਿਰ ਇਲੈਕਟ੍ਰੋਨਿਕਸ ਰਿਪੇਅਰ ਕਾਰੀਗਰ ਵਜੋਂ ਨਾਮਣਾ ਖੱਟ ਰਹੇ ਹਨ।

ਟੀਵੀ, ਮੋਬਾਈਲ, ਡਿਸ਼-ਟੀਵੀ ਤੇ ਹੋਰ ਇਲੈਕਟ੍ਰੋਨਿਕਸ ਵਸਤਾਂ ਨੂੰ ਪੈਰਾਂ ਨਾਲ ਠੀਕ ਕਰਕੇ ਉਹ ਨਾ ਸਿਰਫ਼ ਆਪਣਾ ਗੁਜ਼ਾਰਾ ਚਲਾ ਰਹੇ ਹਨ, ਬਲਕਿ ਪਿੰਡ ਵਾਸੀਆਂ ਲਈ ਪ੍ਰੇਰਨਾ ਦਾ ਸਰੋਤ ਬਣੇ ਹੋਏ ਹਨ। ਲੁਧਿਆਣਾ ਜ਼ਿਲ੍ਹੇ ਦੇ ਪਿੰਡ ਲੋਹਟਬੱਦੀ ’ਚ ਰਹਿਣ ਵਾਲੇ 35 ਸਾਲਾਂ ਦੇ ਸਤਪਾਲ ਸਿੰਘ ਦੀ ਜ਼ਿੰਦਗੀ ਇੱਕ ਜਜ਼ਬੇ ਤੇ ਹੌਸਲੇ ਦੀ ਜਿਉਂਦੀ ਜਾਗਦੀ ਮਿਸਾਲ ਹੈ। ਉਨ੍ਹਾਂ ਦੇ ਪਿਤਾ ਦਲਬਾਰਾ ਸਿੰਘ ਨੇ ਦੱਸਿਆ ਚਾਰ ਬੱਚਿਆਂ ’ਚੋਂ ਸਭ ਤੋਂ ਛੋਟਾ ਸਤਪਾਲ ਜਨਮ ਤੋਂ ਹੀ ਬਾਹਾਂ ਤੋਂ ਵਾਂਝਾ ਸੀ।
ਬਚਪਨ ’ਚ ਵੀ ਉਹ ਕਦੇ ਨਿਰਾਸ਼ ਨਹੀਂ ਹੋਇਆ। ਅੱਠਵੀਂ ਜਮਾਤ ਤਕ ਪੜ੍ਹਾਈ ਕਰਨ ਤੋਂ ਬਾਅਦ, ਉਹ ਰਾਏਕੋਟ ’ਚ ਇੱਕ ਇਲੈਕਟ੍ਰੋਨਿਕਸ ਰਿਪੇਅਰ ਦੀ ਦੁਕਾਨ ਤੇ ਕੰਮ ਸਿੱਖਣ ਲੱਗ ਗਏ। ਪੈਰਾਂ ਨਾਲ ਪੇਚਕਸ ਫੜਨਾ, ਵਾਇਰ ਕੱਟਣਾ ਤੇ ਸੋਲਡਰਿੰਗ ਕਰਨਾ, ਇਹ ਸਭ ਉਨ੍ਹਾਂ ਲਈ ਆਮ ਵਾਂਗ ਹੋ ਗਿਆ। ਅੱਜ 15 ਸਾਲਾਂ ਤੋਂ ਉਹ ਆਪਣੀ ਦੁਕਾਨ ਚਲਾ ਰਹੇ ਹਨ ਤੇ ਪੈਰਾਂ ਨਾਲ ਮਿੰਟਾਂ ’ਚ ਗਾਹਕਾਂ ਦੀਆਂ ਵਸਤਾਂ ਠੀਕ ਕਰ ਦਿੰਦੇ ਹਨ। ਪਿੰਡ ਵਾਸੀ ਦੱਸਦੇ ਹਨ ਕਿ ਚੰਗੇ ਭਲੇ ਹੱਥਾਂ ਵਾਲੇ ਬੰਦੇ ਨੂੰ ਵੀ ਇਹ ਪੈਰ ਮਾਤ ਲਾ ਦਿੰਦੇ ਹਨ।
ਇਸ ਦੇ ਇਲਾਵਾ ਸਤਪਾਲ ਇੱਕ ਕਰਿਆਨੇ ਦੀ ਦੁਕਾਨ ਵੀ ਚਲਾਉਂਦੇ ਹਨ। ਪੈਰਾਂ ਨਾਲ ਸਾਮਾਨ ਵੇਚਣਾ, ਪੈਸੇ ਗਿਣਨਾ ਤੇ ਗਾਹਕਾਂ ਨੂੰ ਦੇਣਾ, ਇਹ ਸਭ ਉਨ੍ਹਾਂ ਲਈ ਰੋਜ਼ਾਨਾ ਦਾ ਕੰਮ ਹੈ। ਉਨ੍ਹਾਂ ਦੇ ਪਿਤਾ ਨੇ ਭਾਵੁਕ ਹੁੰਦੇ ਹੋਏ ਕਿਹਾ ਸਤਪਾਲ ਨੇ ਕਦੇ ਸ਼ਿਕਾਇਤ ਨਹੀਂ ਕੀਤੀ। ਉਹ ਆਪਣੇ ਪੈਰਾਂ ’ਚ ਰੱਬ ਦਾ ਹੁਨਰ ਵੇਖਦਾ ਹੈ ਤੇ ਉਸ ਨੂੰ ਪੂਰੀ ਤਰ੍ਹਾਂ ਵਰਤਦਾ ਹੈ। ਅੱਜ ਉਹ ਨਾ ਸਿਰਫ਼ ਆਪਣਾ, ਬਲਕਿ ਉਨ੍ਹਾਂ ਦਾ ਵੀ ਸਹਾਰਾ ਹੈ। ਸਤਪਾਲ ਆਧੁਨਿਕ ਯੁੱਗ ਨਾਲ ਕਦਮ ਮਿਲਾ ਕੇ ਚੱਲ ਰਹੇ ਹਨ।
ਮੋਬਾਈਲ ਫੋਨਾਂ ਦੀ ਰਿਪੇਅਰ ਤੋਂ ਲੈ ਕੇ ਡਿਜੀਟਲ ਡਿਵਾਈਸਾਂ ਤੱਕ, ਉਹ ਹਰ ਚੀਜ਼ ਨੂੰ ਪੈਰਾਂ ਨਾਲ ਹੈਂਡਲ ਕਰਦੇ ਹਨ। ਪਿੰਡ ’ਚ ਸਤਪਾਲ ਦੀ ਦੁਕਾਨ ਹਮੇਸ਼ਾ ਗਾਹਕਾਂ ਨਾਲ ਭਰੀ ਰਹਿੰਦੀ ਹੈ, ਜੋ ਨਾ ਸਿਰਫ਼ ਰਿਪੇਅਰ ਲਈ ਆਉਂਦੇ ਹਨ ਬਲਕਿ ਉਨ੍ਹਾਂ ਦੇ ਜਜ਼ਬੇ ਤੋਂ ਪ੍ਰੇਰਨਾ ਵੀ ਲੈਂਦੇ ਹਨ।