ਲੁਧਿਆਣਾ 'ਚ ਵਾਪਰਿਆ ਦਰਦਨਾਕ ਹਾਦਸਾ, ਹੋਲੀ ਖੇਡਣ ਗਏ ਤਿੰਨ ਵਿਦਿਆਰਥੀਆਂ ਦੀ ਸੜਕ ਹਾਦਸੇ 'ਚ ਮੌਤ
ਮੌਕੇ 'ਤੇ ਮੌਜੂਦ ਕੁਝ ਲੋਕਾਂ ਮੁਤਾਬਕ ਕੇਂਦਰੀ ਜੇਲ੍ਹ ਵਾਲੇ ਪਾਸਿਓਂ ਆ ਰਹੇ ਟਿੱਪਰ ਦੀ ਰਫਤਾਰ ਬਹੁਤ ਜ਼ਿਆਦਾ ਤੇਜ਼ ਸੀ । ਹਾਦਸਾ ਇਸ ਕਦਰ ਭਿਆਨਕ ਸੀ ਕਿ ਟਿੱਪਰ ਦੇ ਹੇਠਾਂ ਆਉਣ ਕਾਰਨ ਤਿੰਨਾਂ ਵਿਦਿਆਰਥੀਆਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਜਾਂਚ ਅਧਿਕਾਰੀ ਪ੍ਰੇਮ ਚੰਦ ਨੇ ਦੱਸਿਆ ਕਿ ਅੰਕੁਸ਼ ਅਤੇ ਆਕਾਸ਼ਦੀਪ ਲੁਧਿਆਣਾ ਦੇ ਇੱਕ ਸਕੂਲ ਵਿੱਚ ਪੜ੍ਹਦੇ ਸਨ ।
Publish Date: Sat, 15 Mar 2025 01:21 PM (IST)
Updated Date: Sat, 15 Mar 2025 01:26 PM (IST)

ਸੁਸ਼ੀਲ ਕੁਮਾਰ ਸ਼ਸ਼ੀ ,ਪੰਜਾਬੀ ਜਾਗਰਣ, ਲੁਧਿਆਣਾ: ਲੁਧਿਆਣਾ ਦੇ ਤਾਜਪੁਰ ਰੋਡ 'ਤੇ ਬੇਹੱਦ ਦੁਖਦਾਈ ਘਟਨਾ ਵਾਪਰੀ । ਹੋਲੀ ਖੇਡਣ ਜਾ ਰਹੇ 18 ਸਾਲ ਦੇ ਤਿੰਨ ਵਿਦਿਆਰਥੀਆਂ ਦੀ ਭਿਆਨਕ ਸੜਕ ਹਾਦਸੇ ਦੌਰਾਨ ਮੌਤ ਹੋ ਗਈ। ਦੋ ਲੜਕੇ ਲੁਧਿਆਣਾ ਦੇ ਹੀ ਇੱਕ ਸਕੂਲ ਵਿੱਚ 12ਵੀਂ ਜਮਾਤ ਦੇ ਵਿਦਿਆਰਥੀ ਸਨ ਜਦਕਿ ਇੱਕ ਲੜਕਾ ਅੰਮ੍ਰਿਤਸਰ ਦੇ ਸਕੂਲ ਵਿੱਚ 12ਵੀਂ ਵਿੱਚ ਹੀ ਪੜ੍ਹਦਾ ਸੀ। ਥਾਣਾ ਡਿਵੀਜ਼ਨ ਨੰਬਰ ਸੱਤ ਦੀ ਪੁਲਿਸ ਨੇ ਵਿਦਿਆਰਥੀਆਂ ਦੀਆਂ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਇਸ ਮਾਮਲੇ ਵਿੱਚ ਥਾਣਾ ਡਵੀਜ਼ਨ ਨੰਬਰ ਸੱਤ ਦੀ ਪੁਲਿਸ ਨੇ ਮੁਹੱਲਾ ਗੁਰੂ ਨਾਨਕ ਅਸਟੇਟ ਸਾਹਿਬਾਣਾ ਰੋਡ ਦੇ ਵਾਸੀ ਸਬੋਧ ਲਾਲ ਦੀ ਸ਼ਿਕਾਇਤ 'ਤੇ ਅਣਪਛਾਤੇ ਟਿੱਪਰ ਚਾਲਕ ਖਿਲਾਫ ਮੁਕੱਦਮਾ ਦਰਜ ਕਰ ਲਿਆ ਹੈ। ਜਾਣਕਾਰੀ ਮੁਤਾਬਕ ਸਬੋਧ ਲਾਲ ਦਾ ਬੇਟਾ ਅੰਕੁਸ਼ ਆਪਣੇ ਦੋਸਤ ਆਕਾਸ਼ਦੀਪ ਸਿੰਘ ਅਤੇ ਸੁਦਰਮ ਨਾਲ ਮੋਟਰਸਾਈਕਲ 'ਤੇ ਸਵਾਰ ਹੋ ਕੇ ਹੋਲੀ ਖੇਡਣ ਜਾ ਰਿਹਾ ਸੀ। 18 ਸਾਲਾਂ ਦੇ ਤਿੰਨੋਂ ਵਿਦਿਆਰਥੀ ਜਿਵੇਂ ਹੀ ਤਾਜਪੁਰ ਰੋਡ ਦੀ ਦਸ਼ਮੇਸ਼ ਡੇਅਰੀ ਨੇੜੇ ਪਹੁੰਚੇ ਤਾਂ ਇੱਕ ਤੇਜ਼ ਰਫਤਾਰ ਟਿੱਪਰ ਨੇ ਉਨ੍ਹਾਂ ਦੇ ਮੋਟਰਸਾਈਕਲ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ । ਮੌਕੇ 'ਤੇ ਮੌਜੂਦ ਕੁਝ ਲੋਕਾਂ ਮੁਤਾਬਕ ਕੇਂਦਰੀ ਜੇਲ੍ਹ ਵਾਲੇ ਪਾਸਿਓਂ ਆ ਰਹੇ ਟਿੱਪਰ ਦੀ ਰਫਤਾਰ ਬਹੁਤ ਜ਼ਿਆਦਾ ਤੇਜ਼ ਸੀ । ਹਾਦਸਾ ਇਸ ਕਦਰ ਭਿਆਨਕ ਸੀ ਕਿ ਟਿੱਪਰ ਦੇ ਹੇਠਾਂ ਆਉਣ ਕਾਰਨ ਤਿੰਨਾਂ ਵਿਦਿਆਰਥੀਆਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਜਾਂਚ ਅਧਿਕਾਰੀ ਪ੍ਰੇਮ ਚੰਦ ਨੇ ਦੱਸਿਆ ਕਿ ਅੰਕੁਸ਼ ਅਤੇ ਆਕਾਸ਼ਦੀਪ ਲੁਧਿਆਣਾ ਦੇ ਇੱਕ ਸਕੂਲ ਵਿੱਚ ਪੜ੍ਹਦੇ ਸਨ । ਜਦਕਿ ਸੁਦਰਮ ਅੰਮ੍ਰਿਤਸਰ ਵਿੱਚ ਪੜ੍ਹਾਈ ਕਰ ਰਿਹਾ ਸੀ । ਸੁਦਰਮ ਆਪਣੇ ਦੋਸਤਾਂ ਨਾਲ ਹੋਲੀ ਮਨਾਉਣ ਲਈ ਅੰਮ੍ਰਿਤਸਰ ਤੋਂ ਲੁਧਿਆਣਾ ਆਇਆ ਸੀ ਅਤੇ ਤਿੰਨੋਂ ਲੜਕੇ ਦਰਦਨਾਕ ਹਾਦਸੇ ਦਾ ਸ਼ਿਕਾਰ ਹੋ ਗਏ ।ਥਾਣਾ ਡਿਵੀਜ਼ਨ ਨੰਬਰ ਸੱਤ ਦੀ ਪੁਲਿਸ ਦਾ ਕਹਿਣਾ ਹੈ ਕਿ ਇਸ ਮਾਮਲੇ ਵਿੱਚ ਅਣਪਛਾਤੇ ਟਿੱਪਰ ਚਾਲਕ ਖਿਲਾਫ ਕੇਸ ਦਰਜ ਕਰ ਲਿਆ ਗਿਆ ਹੈ। ਪੁਲਿਸ ਜਲਦੀ ਹੀ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਵੇਗੀ।