ਸੁਭਾਸ਼ ਕਾਲੋਨੀ, ਕਰਨਾਲ ਵਿੱਚ ਲੁੱਟ ਨੂੰ ਅੰਜਾਮ ਦੇਣ ਵਾਲੇ ਬਦਮਾਸ਼ ਨਾ ਸਿਰਫ਼ ਖ਼ਤਰਨਾਕ ਹਨ ਸਗੋਂ ਚਲਾਕ ਵੀ ਹਨ। ਉਨ੍ਹਾਂ ਨੇ ਪੁਲਿਸ ਨੂੰ ਗੁਮਰਾਹ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ। ਇਨ੍ਹਾਂ ਵਿੱਚੋਂ ਗੈਂਗ ਲੀਡਰ ਰਾਜੀਵ ਲੁਧਿਆਣਾ ਪੁਲਿਸ ਹਿਰਾਸਤ ਵਿੱਚੋਂ ਫ਼ਰਾਰ ਹੋ ਗਿਆ ਸੀ। ਉਸ ਨੂੰ ਰਾਜੀਵ ਕੁਮਾਰ ਉਰਫ ਰਾਜਾ ਉਰਫ ਲੱਕੀ ਉਰਫ ਆਰੀਅਨ ਉਰਫ ਅੰਕੁਰ ਜੈਨ ਵਜੋਂ ਜਾਣਿਆ ਜਾਂਦਾ ਹੈ। ਉਹ ਵੱਖ-ਵੱਖ ਨਾਵਾਂ ਨਾਲ ਵਾਰਦਾਤਾਂ ਨੂੰ ਅੰਜਾਮ ਦਿੰਦਾ ਸੀ। ਉਹ 22 ਸਾਲਾਂ ਤੋਂ ਅਪਰਾਧ ਕਰ ਰਿਹਾ ਹੈ ਅਤੇ ਉਸ ਵਿਰੁੱਧ 16 ਜ਼ਿਲ੍ਹਿਆਂ ਵਿੱਚ ਵੱਖ-ਵੱਖ ਨਾਵਾਂ ਹੇਠ ਮਾਮਲੇ ਦਰਜ ਹਨ। ਉਹ ਆਪਣੀ ਹੀ ਚਲਾਕੀ ਨਾਲ ਫੜਿਆ ਗਿਆ।

ਪੰਜਾਬੀ ਜਾਗਰਣ ਟੀਮ, ਕਰਨਾਲ/ਲੁਧਿਆਣਾ : ਸੁਭਾਸ਼ ਕਾਲੋਨੀ, ਕਰਨਾਲ ਵਿੱਚ ਲੁੱਟ ਨੂੰ ਅੰਜਾਮ ਦੇਣ ਵਾਲੇ ਬਦਮਾਸ਼ ਨਾ ਸਿਰਫ਼ ਖ਼ਤਰਨਾਕ ਹਨ ਸਗੋਂ ਚਲਾਕ ਵੀ ਹਨ। ਉਨ੍ਹਾਂ ਨੇ ਪੁਲਿਸ ਨੂੰ ਗੁਮਰਾਹ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ। ਇਨ੍ਹਾਂ ਵਿੱਚੋਂ ਗੈਂਗ ਲੀਡਰ ਰਾਜੀਵ ਲੁਧਿਆਣਾ ਪੁਲਿਸ ਹਿਰਾਸਤ ਵਿੱਚੋਂ ਫ਼ਰਾਰ ਹੋ ਗਿਆ ਸੀ। ਉਸ ਨੂੰ ਰਾਜੀਵ ਕੁਮਾਰ ਉਰਫ ਰਾਜਾ ਉਰਫ ਲੱਕੀ ਉਰਫ ਆਰੀਅਨ ਉਰਫ ਅੰਕੁਰ ਜੈਨ ਵਜੋਂ ਜਾਣਿਆ ਜਾਂਦਾ ਹੈ। ਉਹ ਵੱਖ-ਵੱਖ ਨਾਵਾਂ ਨਾਲ ਵਾਰਦਾਤਾਂ ਨੂੰ ਅੰਜਾਮ ਦਿੰਦਾ ਸੀ। ਉਹ 22 ਸਾਲਾਂ ਤੋਂ ਅਪਰਾਧ ਕਰ ਰਿਹਾ ਹੈ ਅਤੇ ਉਸ ਵਿਰੁੱਧ 16 ਜ਼ਿਲ੍ਹਿਆਂ ਵਿੱਚ ਵੱਖ-ਵੱਖ ਨਾਵਾਂ ਹੇਠ ਮਾਮਲੇ ਦਰਜ ਹਨ। ਉਹ ਆਪਣੀ ਹੀ ਚਲਾਕੀ ਨਾਲ ਫੜਿਆ ਗਿਆ।
ਪੁਲਿਸ ਜਾਂਚ ਤੋਂ ਪਤਾ ਲੱਗਾ ਹੈ ਕਿ ਨਵੇਂ ਬੱਸ ਸਟੈਂਡ ’ਤੇ ਪਹੁੰਚਣ ਤੋਂ ਬਾਅਦ ਬਦਮਾਸ਼ਾਂ ਨੇ ਪਹਿਲਾਂ ਘਰੌਂਡਾ ਲਈ ਬੱਸ ਫੜੀ ਅਤੇ ਉੱਥੋਂ ਪੁਲਿਸ ਤੋਂ ਬਚਣ ਲਈ ਉਹ ਵਾਪਸ ਚੰਡੀਗੜ੍ਹ ਲਈ ਬੱਸ ਵਿੱਚ ਚੜ੍ਹ ਗਏ। ਸੀਸੀਟੀਵੀ ਫੁਟੇਜ ਵਿੱਚ ਅਪਰਾਧੀਆਂ ਦੀਆਂ ਕਾਰਵਾਈਆਂ ਕੈਦ ਹੋ ਗਈਆਂ ਅਤੇ ਪੁਲਿਸ ਟੀਮਾਂ ਨੂੰ ਸੁਚੇਤ ਕਰ ਦਿੱਤਾ ਗਿਆ ਜਿਸ ਕਾਰਨ ਉਨ੍ਹਾਂ ਨੂੰ ਫੜ ਲਿਆ ਗਿਆ।
ਬਦਮਾਸ਼ਾਂ ਨੇ ਪੁਲਿਸ ਨੂੰ ਗੁਮਰਾਹ ਕਰਨ ਦੀ ਪੂਰੀ ਯੋਜਨਾ ਬਣਾਈ ਸੀ। ਸੋਮਵਾਰ ਨੂੰ ਦਿਨ ਦਿਹਾੜੇ ਹੋਈ ਲੁੱਟ ਨੂੰ ਅੰਜਾਮ ਦੇਣ ਤੋਂ ਬਾਅਦ ਪੰਜੇ ਬਦਮਾਸ਼ਾਂ ਨੇ ਪਹਿਲਾਂ ਵਸੰਤ ਵਿਹਾਰ ਵਿੱਚ ਠੇਕੇਦਾਰ ਮਨੋਜ ਪਸਰੀਚਾ ਦੀ ਕਾਰ ਨੂੰ ਛੱਡ ਦਿੱਤਾ ਸੀ ਤੇ ਫਿਰ ਘਰੌਂਡਾ ਵੱਲ ਬੱਸ ਵਿੱਚ ਚੜ੍ਹ ਗਏ ਤਾਂ ਕਿ ਪੁਲਿਸ ਦਿੱਲੀ ਵੱਲ ਉਨ੍ਹਾਂ ਨੂੰ ਲੱਭਦੀ ਰਹੇ। ਪੁਲਿਸ ਤੋਂ ਬਚਣ ਲਈ ਉਹ ਘਰੌਂਦਾ ਤੋਂ ਚੰਡੀਗੜ੍ਹ ਲਈ ਹਰਿਆਣਾ ਰੋਡਵੇਜ਼ ਬੱਸ ਵਿੱਚ ਚੜ੍ਹ ਗਏ ਤਾਂ ਕਿ ਉਹ ਪੰਜਾਬ ਵਿੱਚ ਜਾ ਕੇ ਲੁਕ ਸਕਣ ਪਰ ਉਨ੍ਹਾਂ ਨੂੰ ਨਹੀਂ ਪਤਾ ਸੀ ਕਿ ਪੁਲਿਸ ਲਗਾਤਾਰ ਉਨ੍ਹਾਂ ਦਾ ਪਿੱਛਾ ਕਰ ਰਹੀ ਸੀ। ਕਰਨਾਲ ਪੁਲਿਸ ਨੇ ਅੰਬਾਲਾ ਅਤੇ ਪੰਚਕੂਲਾ ਸੀਆਈਏ ਦੀ ਮਦਦ ਨਾਲ ਜ਼ੀਰਕਪੁਰ ’ਚ ਹਰਿਆਣਾ ਰੋਡਵੇਜ਼ ਦੀ ਬੱਸ ਤੋਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ।
ਇਸ ਡਾਕੇ ਦਾ ਮੁੱਖ ਮੁਲਜ਼ਮ ਰਾਜੀਵ ਉਰਫ ਰਾਜਾ ਜੋ ਕਿ ਲੁਧਿਆਣਾ ਦਾ ਰਹਿਣ ਵਾਲਾ ਹੈ, 22 ਸਾਲਾਂ ਤੋਂ ਅਪਰਾਧਾਂ ਵਿੱਚ ਸ਼ਾਮਲ ਹੈ। ਉਸ ਵਿਰੁੱਧ ਪਹਿਲਾ ਮਾਮਲਾ 2003 ਵਿੱਚ ਲੁਧਿਆਣਾ ਵਿੱਚ ਦਰਜ ਕੀਤਾ ਗਿਆ ਸੀ। ਇਸ ਤੋਂ ਬਾਅਦ ਉਸ ਨੇ ਪੰਜਾਬ, ਹਰਿਆਣਾ, ਚੰਡੀਗੜ੍ਹ ਅਤੇ ਹਿਮਾਚਲ ਪ੍ਰਦੇਸ਼ ਦੇ 16 ਵੱਖ-ਵੱਖ ਜ਼ਿਲ੍ਹਿਆਂ ਵਿੱਚ ਕਤਲ, ਡਕੈਤੀ, ਕਤਲ ਦੀ ਕੋਸ਼ਿਸ਼, ਡਕੈਤੀ, ਹਮਲਾ ਅਤੇ ਚੋਰੀ ਵਰਗੇ ਅਪਰਾਧ ਕੀਤੇ। ਇਨ੍ਹਾਂ ਵਿੱਚੋਂ ਕੁਝ ਮਾਮਲਿਆਂ ਵਿੱਚ ਅਦਾਲਤ ਨੇ ਉਸ ਨੂੰ ਉਮਰ ਕੈਦ ਦੀ ਸਜ਼ਾ ਵੀ ਸੁਣਾਈ ਹੈ।
ਪੰਜਾਬ ਲੈ ਕੇ ਗਈ ਪੁਲਿਸ
ਛੇ ਦਿਨ ਦੇ ਪੁਲਿਸ ਰਿਮਾਂਡ ’ਤੇ ਚੱਲ ਰਹੇ ਪੰਜੇ ਬਦਮਾਸ਼ਾਂ ਨੂੰ ਪੁਲਿਸ ਪਹਿਲੇ ਦਿਨ ਪੰਜਾਬ ਲੈ ਕੇ ਗਈ। ਇਸ ਤੋਂ ਬਾਅਦ ਪੁਲਿਸ ਹੋਰ ਥਾਵਾਂ ’ਤੇ ਲੈ ਕੇ ਜਾਵੇਗੀ, ਉਥੇ ਸੀਨ ਰੀਕ੍ਰੀਏਟ ਵੀ ਕੀਤਾ ਜਾਵੇਗਾ ਕਿ ਕਿਵੇਂ ਬਦਮਾਸ਼ਾਂ ਨੇ ਵਾਰਦਾਤ ਨੂੰ ਅੰਜਾਮ ਦਿੱਤਾ ਸੀ। ਪੁਲਿਸ ਇਨ੍ਹਾਂ ਤੋਂ ਪੁੱਛਗਿੱਛ ਦੇ ਆਧਾਰ ’ਤੇ ਗਰੋਹ ਵਿਚ ਸ਼ਾਮਲ ਹੋਰ ਬਦਮਾਸ਼ਾਂ ਨੂੰ ਫੜਨ ਦੀ ਕੋਸ਼ਿਸ਼ ਵਿਚ ਹੈ।
ਪੀੜਤ ਤੇ ਅਪਰਾਧੀ ਆਹਮੋ-ਸਾਹਮਣੇ ਬਿਠਾਏ
ਬੁੱਧਵਾਰ ਨੂੰ ਪੁਲਿਸ ਨੇ ਪੀੜਤ ਮਨੋਜ ਪਸਰੀਚਾ ਅਤੇ ਬਦਮਾਸ਼ਾਂ ਨੂੰ ਆਹਮੋ ਸਾਹਮਣੇ ਬਿਠਾਇਆ। ਇਸ ਦੌਰਾਨ ਪਸਰੀਚਾ ਨੇ ਪੰਜਾਂ ਨੂੰ ਪਛਾਣ ਲਿਆ ਅਤੇ ਦੱਸਿਆ ਕਿ ਰਾਜਾ ਨੇ ਉਸ ਦੇ ਪੁੱਤਰ ਨੂੰ ਗੋਲੀ ਮਾਰੀ ਸੀ। ਉਥੇ ਪਸਰੀਚਾ ਦਾ ਕਹਿਣਾ ਹੈ ਕਿ ਉਹ ਪੁਲਿਸ ਦੀ ਕਾਰਵਾਈ ਤੋਂ ਸੰਤੁਸ਼ਟ ਹੈ ਪਰ ਉਹ ਇਸ ਗੱਲ ਨੂੰ ਮੰਨਣ ਲਈ ਤਿਾਰ ਨਹੀਂ ਹਨ ਕਿ ਘਰ ਦੀ ਰੇਕੀ ਨਹੀਂ ਹੋਈ ਸੀ ਕਿਉਂਕਿ ਵਾਰਦਾਤ ਦੌਰਾਨ ਬਦਮਾਸ਼ ਆਪਸ ਵਿਚ ਗੱਲ ਕਰ ਰਹੇ ਸਨ ਕਿ ‘ਤੂ ਤਾਂ ਕਹਿ ਰਿਹਾ ਸੀ ਇੱਥੇ ਮਾਲ ਵੱਧ ਹੈ। ਉ੍ਨ੍ਹਾਂ ਨੂੰ ਪੂਰਾ ਸ਼ੱਕ ਹੈ ਕਿ ਘਰ ਦੀ ਰੇਕੀ ਹੋਈ ਸੀ।
ਪੰਜੇ ਬਦਮਾਸ਼ਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਉਹ ਇਸ ਸਮੇਂ ਛੇ ਦਿਨਾਂ ਦੇ ਪੁਲਿਸ ਰਿਮਾਂਡ ’ਤੇ ਹਨ। ਜਲਦੀ ਹੀ ਇਹ ਪਤਾ ਲੱਗ ਜਾਵੇਗਾ ਕਿ ਬਦਮਾਸ਼ਾਂ ਨੇ ਮਨੋਜ ਪਸਰੀਚਾ ਦੇ ਘਰ ਨੂੰ ਕਿਉਂ ਨਿਸ਼ਾਨਾ ਬਣਾਇਆ। ਇਸ ਘਟਨਾ ਵਿੱਚ ਸ਼ਾਮਲ ਕਿਸੇ ਵੀ ਸ਼ੱਕੀ ਨੂੰ ਫੜ ਲਿਆ ਜਾਵੇਗਾ। ਕਾਲ ਡਿਟੇਲ ਅਤੇ ਹੋਰ ਜਾਣਕਾਰੀ ਦੀ ਫਿਲਹਾਲ ਜਾਂਚ ਕੀਤੀ ਜਾ ਰਹੀ ਹੈ।
- ਗੰਗਾਰਾਮ ਪੂਨੀਆ, ਐੱਸਪੀ, ਕਰਨਾਲ।