ਜਗਰਾਓਂ ’ਚ ਐਤਵਾਰ ਨੂੰ ਸੜਕ ਵਿਚਕਾਰ ਲੱਗਦਾ ‘ਬਾਜ਼ਾਰ’
ਜਗਰਾਓਂ ’ਚ ਐਤਵਾਰ ਨੂੰ ਸੜਕ ‘ਵਿਚਕਾਰ’ ਲੱਗਦਾ ‘ਬਾਜ਼ਾਰ’
Publish Date: Sun, 07 Dec 2025 10:47 PM (IST)
Updated Date: Mon, 08 Dec 2025 04:13 AM (IST)

ਨਗਰ ਕੌਂਸਲ ਛੁੱਟੀ ’ਤੇ ਟੈ੍ਰਫਿਕ ਪੁਲਿਸ ਬੇਖ਼ਬਰ, ਦਿਨ ਭਰ ਚੌਕ ਦੀਆਂ ਚਾਰੇ ਸੜਕਾਂ ’ਤੇ ਜਨਤਾ ਹੁੰਦੀ ਖੱਜਲ ਖੁਆਰ ਸੰਜੀਵ ਗੁਪਤਾ, ਪੰਜਾਬੀ ਜਾਗਰਣ, ਜਗਰਾਓਂ : ਜਗਰਾਓਂ ’ਚ ਐਤਵਾਰ ਨੂੰ ਸੜਕ ਵਿਚਕਾਰ ਲੱਗਦੇ ‘ਬਾਜ਼ਾਰ’ ’ਚ ਦਿਨ ਭਰ ਜਨਤਾ ਹੁੰਦੀ ਖੱਜਲ-ਖੁਆਰ। ਲੁਧਿਆਣਾ ਦੇ ਚੌੜਾ ਬਾਜ਼ਾਰ ਵਾਂਗ ਰੈਡੀਮੇਡ ਕੱਪੜੇ, ਚੱਪਲਾਂ, ਬੂਟ, ਘਰ ਦਾ ਸਾਮਾਨ ਵੇਚਣ ਦੇ ਲੱਗਦੇ ਕਰੀਬ ਅੱਧਾ ਕਿੱਲੋਮੀਟਰ ਲੰਮੇ ਫੜ੍ਹੀ ਬਾਜ਼ਾਰ ਨੇ ਇਥੋਂ ਲੰਘੀਆਂ ਚਾਰੇ ਪ੍ਰਮੁੱਖ ਸੜਕਾਂ ਘੇਰ ਲਈਆਂ ਜਾਂਦੀਆਂ ਹਨ। ਇਸ ਕਾਰਨ ਚਾਰਾਂ ਸੜਕਾਂ ’ਤੇ ਹੀ ਸਾਰਾ ਦਿਨ ਲੰਮਾ ਜਾਮ ਲੱਗਾ ਰਹਿੰਦਾ ਹੈ। ਜਾਮ ’ਚ ਫਸੇ ਵਾਹਨ ਅਤੇ ਵਾਹਨਾਂ ’ਚ ਬੈਠੇ ਲੋਕ ਇਥੋਂ ਦੇ ਪੁਲਿਸ ਤੇ ਪ੍ਰਸ਼ਾਸਨ ਨੂੰ ਜਮ ਕੇ ਕੋਸਦੇ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਜਗਰਾਓਂ ਦੇ ਕਮਲ ਚੌਕ ’ਚ ਹਰ ਐਤਵਾਰ ਸਥਾਨਕ ਲੋਕ ਹੀ ਨਹੀਂ, ਹੋਰਾਂ ਸ਼ਹਿਰਾਂ ਤੋਂ ਵੀ ਗੱਡੀਆਂ ਭਰ ਕੇ ਸਾਮਾਨ ਲਿਆ ਕੇ ਲੋਕ ਪਹੁੰਚ ਜਾਂਦੇ ਹਨ। ਐਤਵਾਰ ਕਾਰਨ ਦੁਕਾਨਾਂ ਬੰਦ ਹੁੰਦੀਆਂ ਹਨ। ਇਨ੍ਹਾਂ ਦੁਕਾਨਾਂ ਅੱਗੇ ਇਹ ਲੋਕ ਮੇਜ਼ ਲਾ ਕੇ ਸਾਮਾਨ ਰੱਖ ਲੈਂਦੇ ਹਨ। ਸੜਕ ਦੇ ਵਿਚਕਾਰ ਤਕ ਇਨ੍ਹਾਂ ਦਾ ਸਾਮਾਨ ਲੱਗ ਜਾਂਦਾ ਹੈ, ਜਿਸ ਤੋਂ ਬਾਅਦ ਸਾਰੇ ਬਾਜ਼ਾਰ ’ਚ ਦਿਨ ਭਰ ਲੋਕ ਵੀ ਵੱਡੀ ਗਿਣਤੀ ’ਚ ਸਸਤੇ ਦੇ ਚੱਕਰ ’ਚ ਖ਼ਰੀਦਦਾਰੀ ਕਰਨ ਪਹੁੰਚ ਜਾਂਦੇ ਹਨ। ਦੁਪਹਿਰ ਤਕ ਇਨ੍ਹਾਂ ਬਾਜ਼ਾਰਨੁਮਾ ਫੜ੍ਹੀਆਂ ’ਤੇ ਲੋਕਾਂ ਦਾ ਤਾਂਤਾ ਲੱਗ ਜਾਂਦਾ ਹੈ। ਅਜਿਹੇ ’ਚ ਕੋਈ ਸਕੂਟਰ, ਕੋਈ ਮੋਟਰਸਾਈਕਲ ਤੇ ਗੱਡੀ ’ਤੇ ਪਹੁੰਚਦਾ ਹੈ ਤਾਂ ਫੜ੍ਹੀਆਂ ਦੇ ਅੱਗੇ ਆਪਣੇ ਵਾਹਨ ਖੜ੍ਹੇ ਕਰ ਦਿੰਦਾ ਹੈ। ਸੜਕ ਦੀਆਂ ਦੋਵਾਂ ਸਾਈਡਾਂ ’ਤੇ ਨਾਜਾਇਜ਼ ਕਬਜ਼ਿਆਂ ਤੋਂ ਬਾਅਦ ਵਾਹਨਾਂ ਦੇ ਖੜ੍ਹੇ ਹੋਣ ਕਾਰਨ ਸੜਕ ਵਿਚਕਾਰੋਂ ਲੰਘਣ ਲਈ ਰਸਤਾ ਬਹੁਤ ਥੋੜ੍ਹਾ ਰਹਿ ਜਾਂਦਾ ਹੈ, ਜਿਸ ਦੇ ਚੱਲਦਿਆਂ ਨਾ ਚਾਹੁੰਦੇ ਹੋਈ ਵੀ ਇੱਕ ਸਾਈਡ ਵੀ ਮੁਸ਼ਕਿਲ ਨਾਲ ਚੱਲਦੀ ਹੈ। ਅਜਿਹੇ ’ਚ ਸੜਕ ’ਤੇ ਜਾਮ ਲੱਗ ਜਾਂਦੇ ਹਨ। ਜਗਰਾਓਂ ਝਾਂਸੀ ਚੌਕ ਵੱਲੋਂ ਜਾਦਿਆਂ ਸਦਨ ਮਾਰਕੀਟ, ਸਵਾਮੀ ਨਰੈਣ ਚੌਕ, ਲਾਜਪਤ ਰਾਏ ਰੋਡ, ਰਾਜੂ ਫਾਸਟ ਫੂਡ ਰੋਡ, ਚਾਰੇ ਸੜਕਾਂ ਤੋਂ ਵਾਹਨ ਲੈ ਕੇ ਜਾਣਾ ਤਾਂ ਦੂਰ ਦੀ ਗੱਲ ਪੈਦਲ ਲੰਘਣਾ ਵੀ ਮੁਸ਼ਕਿਲ ਹੋ ਜਾਂਦਾ ਹੈ। ਹੈਰਾਨੀ ਦੀ ਗੱਲ ਹੈ ਕਿ ਸੜਕ ਵਿਚਕਾਰ ਲੱਗਦੇ ਬਾਜ਼ਾਰ ਨੂੰ ਲੈ ਕੇ ਸਥਾਨਕ ਪੁਲਿਸ ਤੇ ਪ੍ਰਸ਼ਾਸਨ ਦੋਵੇਂ ਹੀ ਇਸ ਕਦਰ ਕੁੰਭਕਰਨੀਂ ਨੀਂਦ ਸੁੱਤੇ ਹੋਏ ਹਨ, ਜਿਵੇਂ ਕਿਸੇ ਨੂੰ ਕਿਸੇ ਦਾ ਡਰ ਹੀ ਨਾ ਹੋਵੇ। ਇਸੇ ਤਰ੍ਹਾਂ ਫੜ੍ਹੀ ਬਾਜ਼ਾਰ ਲਾਉਣ ਵਾਲੇ ਲੋਕ ਵੀ ਇਸ ਤਰ੍ਹਾਂ ਬੇਖੌਫ਼ ਹੋ ਕੇ ਸੜਕਾਂ ਘੇਰਦੇ ਹਨ, ਜਿਵੇਂ ਉਨ੍ਹਾਂ ਦੀ ਪੁਲਿਸ ਪ੍ਰਸ਼ਾਸਨ ਨਾਲ ਕੋਈ ਰਲ ਗੰਢ ਹੋਈ ਹੋਵੇ ਕਿ ਤੁਸੀਂ ਜੋ ਮਰਜ਼ੀ ਕਰੋ ਅਸੀਂ ਪੁੱਛਦੇ ਤਕ ਨਹੀਂ। ਐਤਵਾਰ ਨੂੰ ਦੇਖਿਆ ਜਾਵੇ ਤਾਂ ਜਾਪਦਾ ਵੀ ਇੰਝ ਹੀ ਹੈ ਕਿ ਇਨ੍ਹਾਂ ਬਾਜ਼ਾਰਾਂ ’ਚ ਸੜਕਾਂ ਤਕ ਘੇਰ ਲਈਆਂ ਜਾਂਦੀਆਂ ਹਨ। ਜਨਤਾ ਸੜਕਾਂ ’ਤੇ ਲੱਗਦੇ ਜਾਮ ਵਿਚਕਾਰ ਫਸੀ ਹੁੰਦੀ ਹੈ, ਵਾਹਨ ਰੇਂਗ ਰੇਂਗ ਕੇ ਚੱਲਦੇ ਹਨ ਤੇ ਇਸ ਸਭ ਲਈ ਹਜ਼ਾਰਾਂ ਲੋਕਾਂ ਨੂੰ ਪਰੇਸ਼ਾਨ ਕਰਨ ਵਾਲੇ ਚੰਦ ਨਾਜਾਇਜ਼ ਕਬਜ਼ਾਧਾਰੀ ਫੜ੍ਹੀ ਵਾਲਿਆਂ ਨੂੰ ਕੋਈ ਪੁੱਛਣ ਤੇ ਰੋਕਣ ਤਕ ਨੂੰ ਤਿਆਰ ਨਹੀਂ। ਇਸ ਸਬੰਧ ’ਚ ਜਦੋਂ ਪੁਲਿਸ ਦੇ ਟਰੈਫਿਕ ਇੰਚਾਰਜ ਕੁਮਾਰ ਸਿੰਘ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਪੁਲਿਸ ਟਰੈਫਿਕ ਨੂੰ ਲੈ ਕੇ ਕਾਰਵਾਈ ਕਰਦੀ ਹੈ ਪਰ ਨਾਜਾਇਜ਼ ਕਬਜ਼ਿਆਂ ਨੂੰ ਹਟਾਉਣਾ ਨਗਰ ਕੌਂਸਲ ਦਾ ਕੰਮ ਹੈ। ਨਗਰ ਕੌਂਸਲ ਨਾਜਾਇਜ਼ ਕਬਜ਼ੇ ਹਟਾਉਣ ਲਈ ਅੱਗੇ ਆਉਂਦੀ ਹੈ ਤਾਂ ਪੁਲਿਸ ਉਨ੍ਹਾਂ ਦਾ ਸਹਿਯੋਗ ਕਰੇਗੀ।