ਜ਼ੀਰੋ ਵਿਜ਼ੀਬਿਲਟੀ ਕਾਰਨ ਵੱਡਾ ਹਾਦਸਾ ਵਾਪਰਿਆ
ਰਾਸ਼ਟਰੀ ਰਾਜਮਾਰਗ 'ਤੇ ਭਾਰੀ ਧੁੰਦ ਤੇ ਜ਼ੀਰੋ ਵਿਜ਼ੀਬਿਲਟੀ ਕਾਰਨ ਇੱਕ ਵੱਡਾ ਹਾਦਸਾ ਵਾਪਰਿਆ
Publish Date: Sat, 20 Dec 2025 09:27 PM (IST)
Updated Date: Sun, 21 Dec 2025 04:13 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਖੰਨਾ : ਬੀਤੀ ਦੇਰ ਰਾਤ ਦਿੱਲੀ-ਲੁਧਿਆਣਾ ਰਾਸ਼ਟਰੀ ਰਾਜਮਾਰਗ ’ਤੇ ਭਾਰੀ ਧੁੰਦ ਤੇ ਜ਼ੀਰੋ ਵਿਜ਼ੀਬਿਲਟੀ ਕਾਰਨ ਇੱਕ ਵੱਡਾ ਹਾਦਸਾ ਵਾਪਰਿਆ। ਪਿੰਡ ਕੌੜੀ ਨੇੜੇ ਜੀਟੀ ਰੋਡ ਫਲਾਈਓਵਰ ਤੇ ਲੁਧਿਆਣਾ ਤੋਂ ਖੰਨਾ ਵੱਲ ਜਾ ਰਹੀ ਇੱਕ ਆਈ 20 ਕਾਰ, ਘੱਟ ਵਿਜ਼ੀਬਿਲਟੀ ਕਾਰਨ ਅੱਗੇ ਵਾਲਾ ਟਰੱਕ ਨਾ ਦੇਖ ਸਕੀ ਤੇ ਸਿੱਧੀ ਟਰੱਕ ਨਾਲ ਟਕਰਾ ਗਈ। ਟੱਕਰ ਇੰਨੀ ਭਿਆਨਕ ਸੀ ਕਿ ਕਾਰ ਨੂੰ ਅੱਗ ਲੱਗ ਗਈ ਤੇ ਉਹ ਸੜ ਕੇ ਸੁਆਹ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਕਾਰ ’ਚ ਲਗਭਗ 4 ਲੋਕ ਸਵਾਰ ਸਨ, ਜੋ ਛਾਲ ਮਾਰ ਕੇ ਭੱਜਣ ’ਚ ਕਾਮਯਾਬ ਹੋ ਗਏ। ਫਾਇਰ ਅਫਸਰ ਸੰਦੀਪ ਸਿੰਘ, ਕੁਲਵੰਤ ਸਿੰਘ ਤੇ ਅੰਗਰੇਜ਼ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਕੌੜੀ ਨੇੜੇ ਜੀਟੀ ਰੋਡ ਤੇ ਇੱਕ ਕਾਰ ਨੂੰ ਅੱਗ ਲੱਗਣ ਦੀ ਸੂਚਨਾ ਮਿਲੀ। ਸੂਚਨਾ ਮਿਲਣ ਤੇ ਫਾਇਰ ਬ੍ਰਿਗੇਡ ਦੀ ਟੀਮ ਮੌਕੇ ਤੇ ਪਹੁੰਚੀ ਤੇ ਅੱਗ ਬੁਝਾ ਦਿੱਤੀ ਪਰ ਉਦੋਂ ਤੱਕ ਕਾਰ ਬੁਰੀ ਤਰ੍ਹਾਂ ਸੜ ਚੁੱਕੀ ਸੀ। ਲੋਕਾਂ ਦੱਸਿਆ ਕਿ ਕਾਰ ’ਚ ਤਿੰਨ ਤੋਂ ਚਾਰ ਲੋਕ ਸਨ, ਜਿਨ੍ਹਾਂ ਨੇ ਛਾਲ ਮਾਰ ਕੇ ਆਪਣੀ ਜਾਨ ਬਚਾਈ। ਹਾਦਸੇ ਤੋਂ ਬਾਅਦ ਜੀਟੀ ਰੋਡ ਤੇ ਆਵਾਜਾਈ ਨੂੰ ਅਸਥਾਈ ਤੌਰ ਤੇ ਰੋਕ ਦਿੱਤਾ ਗਿਆ। ਕਾਰ ਨੂੰ ਸਾਈਡ ਤੇ ਲਿਜਾਇਆ ਗਿਆ ਤੇ ਆਵਾਜਾਈ ਬਹਾਲ ਕਰ ਦਿੱਤੀ ਗਈ।