ਅਲਮਾਰੀ ਦਾ ਗੁਪਤ ਲਾਕਰ ਤੋੜ ਕੇ ਸੋਨੇ ਚਾਂਦੀ ਅਤੇ ਹੀਰਿਆਂ ਦੇ ਗਹਿਣੇ ਚੋਰੀ
ਅਲਮਾਰੀ ਦਾ ਗੁਪਤ ਲੋਕਰ ਤੋੜ ਕੇ ਭਾਰੀ ਮਾਤਰਾ ਵਿੱਚ ਸੋਨੇ ਚਾਂਦੀ ਅਤੇ ਹੀਰਿਆਂ ਦੇ ਗਹਿਣੇ ਚੋਰੀ
Publish Date: Sat, 06 Dec 2025 06:14 PM (IST)
Updated Date: Sat, 06 Dec 2025 06:15 PM (IST)

ਔਰਤ ਦੀ ਸ਼ਿਕਾਇਤ ਤੇ ਅਣਪਛਾਤੇ ਮੁਲਜ਼ਮ ਦੇ ਖਿਲਾਫ ਕੇਸ ਦਰਜ ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ ਲੁਧਿਆਣਾ ਗੁਰੂ ਅਰਜਨ ਦੇਵ ਨਗਰ ਦੇ ਇੱਕ ਘਰ ਨੂੰ ਨਿਸ਼ਾਨਾ ਬਣਾਉਂਦਿਆਂ ਚੋਰਾਂ ਨੇ ਅਲਮਾਰੀ ਦੇ ਗੁਪਤ ਲਾਕਰ ਤੋੜ ਕੇ ਅੰਦਰੋਂ ਭਾਰੀ ਮਾਤਰਾ ਵਿੱਚ ਸੋਨੇ ਚਾਂਦੀ ਅਤੇ ਹੀਰਿਆਂ ਦੇ ਗਹਿਣੇ ਚੋਰੀ ਕਰ ਲਏ। ਇਸ ਕੇਸ ਵਿੱਚ ਥਾਣਾ ਡਿਵੀਜ਼ਨ ਨੰਬਰ 7 ਦੀ ਪੁਲਿਸ ਨੇ ਗੁਰੂ ਅਰਜਨ ਦੇਵ ਨਗਰ ਦੀ ਰਹਿਣ ਵਾਲੀ ਅਨੀਤਾ ਸੇਠ ਦੀ ਸ਼ਿਕਾਇਤ ਤੇ ਅਣਪਛਾਤੇ ਮੁਲਜ਼ਮਾਂ ਦੇ ਖਿਲਾਫ ਮੁਕੱਦਮਾ ਦਰਜ ਕਰ ਲਿਆ ਹੈ। ਪੁਲਿਸ ਇਸ ਕੇਸ ਦੀ ਵੱਖ-ਵੱਖ ਐਂਗਲਾਂ ਤੋਂ ਪੜਤਾਲ ਕਰ ਰਹੀ ਹੈ। ਥਾਣਾ ਡਿਵੀਜ਼ਨ ਨੰਬਰ 7 ਦੀ ਪੁਲਿਸ ਨੂੰ ਸ਼ਿਕਾਇਤ ਦਿੰਦਿਆਂ ਅਨੀਤਾ ਨੇ ਦੱਸਿਆ ਕਿ ਉਸ ਦੀ ਘਰ ਦੀ ਅਲਮਾਰੀ ਵਿੱਚ ਭਾਰੀ ਮਾਤਰਾ ਵਿੱਚ ਸੋਨੇ ਚਾਂਦੀ ਅਤੇ ਹੀਰਿਆਂ ਦੇ ਗਹਿਣੇ ਪਏ ਹੋਏ ਸਨ। ਉਸ ਨੇ ਆਪਣੇ ਇਹ ਸਾਰੇ ਗਹਿਣੇ ਅਲਮਾਰੀ ਦੇ ਗੁਪਤ ਲਾਕਰ ਵਿੱਚ ਰੱਖੇ ਹੋਏ ਸਨ। ਕੁਝ ਹਫਤੇ ਪਹਿਲਾਂ ਔਰਤ ਨੇ ਜਦ ਆਪਣੇ ਟੋਪਸ ਲੈਣ ਲਈ ਅਲਮਾਰੀ ਖੋਲੀ ਤਾਂ ਗੁਪਤ ਲਾਕਰ ਟੁੱਟਾ ਦੇਖ ਉਸ ਦੇ ਹੋਸ਼ ਉੱਡ ਗਏ। ਜਾਂਚ ਕਰਨ ਤੇ ਪਤਾ ਲੱਗਾ ਕਿ ਅਲਮਾਰੀ ਵਿੱਚ ਪਏ ਚਾਰ ਸੋਨੇ ਦੇ ਸੈਟ, 4 ਸੋਨੇ ਦੀਆਂ ਚੂੜੀਆਂ, ਚਾਰ ਸੋਨੇ ਦੀਆਂ ਚੇਨਾਂ, 10 ਡਾਇਮੰਡ ਅਤੇ ਸੋਨੇ ਦੀਆਂ ਮੁੰਦਰੀਆਂ, ਡਾਇਮੰਡ ਦੇ ਟੋਪਸ, ਸੋਨੇ ਦੀਆਂ 11 ਝੁਮਕੀਆਂ ਅਤੇ ਟੋਪਸ, ਤਨਿਸ਼ ਦਾ ਇੱਕ ਸੋਨੇ ਦਾ ਸਿੱਕਾ ਅਤੇ 30 ਤੋਲੇ ਚਾਂਦੀ ਦੇ ਗਹਿਣੇ ਗਾਇਬ ਸਨ। ਅਨੀਤਾ ਸੇਠ ਨੇ ਪੁਲਿਸ ਨੂੰ ਸ਼ਿਕਾਇਤ ਦਿੰਦਿਆਂ ਦੱਸਿਆ ਕਿ ਉਸ ਦੀ ਗੈਰ ਹਾਜ਼ਰੀ ਵਿੱਚ ਘਰ ਅੰਦਰ ਦਾਖਲ ਹੋ ਕੇ ਕਿਸੇ ਅਣਪਛਾਤੇ ਵਿਅਕਤੀ ਨੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਇਸ ਘਟਨਾ ਦੀ ਜਾਣਕਾਰੀ ਮਿਲਦੇ ਹੀ ਥਾਣਾ ਡਿਵੀਜ਼ਨ ਨੰਬਰ 7 ਦੀ ਪੁਲਿਸ ਪਾਰਟੀ ਮੌਕੇ ਤੇ ਪਹੁੰਚੀ। ਪੁਲਿਸ ਦਾ ਕਹਿਣਾ ਹੈ ਕਿ ਇਸ ਕੇਸ ਵਿੱਚ ਅਨੀਤਾ ਸੇਠ ਦੀ ਸ਼ਿਕਾਇਤ ਤੇ ਅਣਪਛਾਤੇ ਚੋਰਾਂ ਦੇ ਖਿਲਾਫ ਮੁਕੱਦਮਾ ਦਰਜ ਕਰ ਲਿਆ ਗਿਆ ਹੈ। ਪੁਲਿਸ ਇਲਾਕੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲ ਕੇ ਮਾਮਲੇ ਨੂੰ ਹੱਲ ਕਰਨ ਵਿੱਚ ਜੁਟੀ ਹੋਈ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਕੇਸ ਨੂੰ ਜਲਦੀ ਹੀ ਹੱਲ ਕਰ ਲਿਆ ਜਾਵੇਗਾ।