ਜਾਂਚ ਤੋਂ ਬਾਅਦ ਪੁਲਿਸ ਨੇ ਕੋਰਟ ਕੰਪਲੈਕਸ ’ਚ ਬਤੌਰ ਟਾਈਪਿਸਟ ਕੰਮ ਕਰਦੇ ਮੁਲਜ਼ਮ ਸੁਖਜੀਤ ਸੋਨੂੰ, ਵਾਸੀ ਕਿਲ੍ਹਾ ਰਾਏਪੁਰ ਨੂੰ ਗ੍ਰਿਫਤਾਰ ਕਰ ਕੇ ਐੱਨਆਰਆਈ ਚਰਨਜੀਤ ਸਿੰਘ, ਜੋ ਮਹਿਮਾ ਸਿੰਘ ਵਾਲਾ ਪਿੰਡ ਨਾਲ ਸਬੰਧਤ ਹੈ, ਨੂੰ ਕੇਸ ’ਚ ਨਾਮਜ਼ਦ ਕਰ ਲਿਆ ਹੈ।
ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ, ਲੁਧਿਆਣਾ : ਯੂਕੇ ਅਧਾਰਤ ਇਕ ਐੱਨਆਰਆਈ ਨੇ ਅਮਰੀਕਾ ਅਧਾਰਤ ਆਪਣੀ 71 ਸਾਲਾ ਐੱਨਆਰਆਈ ਪ੍ਰੇਮਿਕਾ ਨੂੰ ਪੰਜਾਬ ਬੁਲਾ ਕੇ ਆਪਣੇ ਇਕ ਜਾਣਕਾਰ ਨੂੰ 50 ਲੱਖ ਰੁਪਏ ਤੇ ਵਿਦੇਸ਼ ਲਿਜਾਣ ਦਾ ਲਾਲਚ ਦੇ ਕੇ ਕਤਲ ਕਰਵਾ ਦਿੱਤਾ। ਇਹ ਮਾਮਲਾ ਲੰਘੇ ਜੁਲਾਈ ਮਹੀਨੇ ਦਾ ਹੈ। ਪੁਲਿਸ ਉਦੋਂ ਤੋਂ ਹੀ ਮਾਮਲੇ ਦੀ ਜਾਂਚ ਕਰ ਰਹੀ ਸੀ। ਜਾਂਚ ਤੋਂ ਬਾਅਦ ਪੁਲਿਸ ਨੇ ਕੋਰਟ ਕੰਪਲੈਕਸ ’ਚ ਬਤੌਰ ਟਾਈਪਿਸਟ ਕੰਮ ਕਰਦੇ ਮੁਲਜ਼ਮ ਸੁਖਜੀਤ ਸੋਨੂੰ, ਵਾਸੀ ਕਿਲ੍ਹਾ ਰਾਏਪੁਰ ਨੂੰ ਗ੍ਰਿਫਤਾਰ ਕਰ ਕੇ ਐੱਨਆਰਆਈ ਚਰਨਜੀਤ ਸਿੰਘ, ਜੋ ਮਹਿਮਾ ਸਿੰਘ ਵਾਲਾ ਪਿੰਡ ਨਾਲ ਸਬੰਧਤ ਹੈ, ਨੂੰ ਕੇਸ ’ਚ ਨਾਮਜ਼ਦ ਕਰ ਲਿਆ ਹੈ।
ਡੀਸੀਪੀ ਰੁਪਿੰਦਰ ਸਿੰਘ ਨੇ ਦੱਸਿਆ ਕਿ ਰੁਪਿੰਦਰ ਕੌਰ ਜੁਲਾਈ ਮਹੀਨੇ ਭਾਰਤ ਆਈ ਸੀ। ਉਹ ਲਗਭਗ 10 ਦਿਨ ਸੁਖਜੀਤ ਸੋਨੂੰ ਦੇ ਘਰ ਰਹੀ ਤੇ 18 ਜੁਲਾਈ ਨੂੰ ਇਹ ਕਹਿ ਕੇ ਦਿੱਲੀ ਹਵਾਈ ਅੱਡੇ ਲਈ ਰਵਾਨਾ ਹੋਈ ਕਿ ਉਹ ਕੈਨੇਡਾ ਕਿਸੇ ਵਿਆਹ ’ਚ ਸ਼ਾਮਿਲ ਹੋਣ ਜਾ ਰਹੀ ਹੈ। ਪਰ ਉਹ ਰਸਤੇ ’ਚੋਂ ਹੀ ਲਾਪਤਾ ਹੋ ਗਈ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਤਾਂ ਪਤਾ ਲੱਗਿਆ ਕਿ ਚਰਨਜੀਤ ਚਰਨਜੀਤ, ਰੁਪਿੰਦਰ ਨਾਲ ਵਿਆਹ ਕਰਾਉਣਾ ਚਾਹੁੰਦਾ ਸੀ ਪਰ ਬਾਅਦ ’ਚ ਉਸ ਦਾ ਮਨ ਬਦਲ ਗਿਆ। ਰੁਪਿੰਦਰ ਵੱਲੋਂ ਕਥਿਤ ਤੌਰ ’ਤੇ ਉਸ ਨੂੰ ਜਬਰ-ਜਨਾਹ ਦੇ ਮਾਮਲੇ ’ਚ ਫਸਾਉਣ ਦੀ ਧਮਕੀ ਦਿੱਤੀ ਜਾ ਰਹੀ ਸੀ ਜਿਸ ਤੋਂ ਬਾਅਦ ਚਰਨਜੀਤ ਨੇ ਉਸ ਨੂੰ ਕਤਲ ਕਰਨ ਦੀ ਸਾਜ਼ਿਸ਼ ਘੜ ਲਈ। ਉਸ ਨੇ ਆਪਣੇ ਪੁਰਾਣੇ ਜਾਣਕਾਰ ਟਾਈਪਿਸਟ ਸੁਖਜੀਤ ਸੋਨੂੰ ਨੂੰ 50 ਲੱਖ ਰੁਪਏ ਤੇ ਵਿਦੇਸ਼ ਲੈ ਕੇ ਜਾਣ ਦਾ ਲਾਲਚ ਦੇ ਕੇ ਕਤਲ ਦੀ ਜ਼ਿੰਮੇਵਾਰੀ ਸੌਂਪ ਦਿੱਤੀ। ਸੋਨੂੰ ਨੇ ਰੁਪਿੰਦਰ ਨੂੰ ਬੇਸਬੈਟ ਨਾਲ ਬੇਰਹਿਮੀ ਨਾਲ ਕੁੱਟਿਆ ਤੇ ਮੌਤ ਦੇ ਘਾਟ ਉਤਾਰ ਦਿੱਤਾ। ਕਤਲ ਤੋਂ ਬਾਅਦ ਮੁਲਜ਼ਮ ਨੇ ਲਾਸ਼ ਸਾੜ ਕੇ ਹੱਡੀਆਂ ਚੂਰ-ਚੂਰ ਕਰ ਕੇ ਘੁਗਰਾਣਾ ਪਿੰਡ ਦੇ ਲਾਗੇ ਨਾਲ਼ੇ ’ਚ ਸੁੱਟ ਦਿੱਤੀਆਂ। ਉਸ ਦਾ ਮੋਬਾਈਲ ਫੋਨ ਹਥੌੜੇ ਨਾਲ ਨਸ਼ਟ ਕਰ ਦਿੱਤਾ। ਉਸ ਨੇ ਆਪਣੇ ਘਰ ਦੇ ਕਮਰੇ ਨੂੰ ਰੰਗਵਾ ਕੇ ਤੇ ਫਰਸ਼ ਦੀਆਂ ਟਾਈਲਾਂ ਬਦਲ ਕੇ ਸਬੂਤ ਮਿਟਾਉਣ ਦੀ ਕੋਸ਼ਿਸ਼ ਕੀਤੀ। ਜਾਂਚ ਦੌਰਾਨ ਸੁਰਾਗ ਮਿਲਣ ’ਤੇ ਪੁਲਿਸ ਨੇ ਸੋਨੂੰ ਨੂੰ ਗ੍ਰਿਫ਼ਤਾਰ ਕਰ ਲਿਆ। ਸਖ਼ਤੀ ਨਾਲ ਪੁੱਛਗਿੱਛ ’ਤੇ ਉਸ ਨੇ ਆਪਣਾ ਜੁਰਮ ਕਬੂਲ ਕਰ ਲਿਆ। ਪੁਲਿਸ ਨੇ ਉਸ ਦੀਆਂ ਹੱਡੀਆਂ ਤੇ ਵਾਰਦਾਤ ’ਚ ਵਰਤਿਆ ਗਿਆ ਬੇਸਬੈਟ ਤੇ ਹਥੌੜਾ ਵੀ ਬਰਾਮਦ ਕਰ ਲਿਆ। ਜਾਂਚ ਦੌਰਾਨ ਇਹ ਵੀ ਸਾਹਮਣੇ ਆਇਆ ਕਿ ਰੁਪਿੰਦਰ ਕੌਰ ਦੇ ਦੋ ਤਲਾਕ ਹੋ ਚੁੱਕੇ ਸਨ।