ਕੇਂਦਰ ਸਰਕਾਰ ਵੱਲੋਂ ਸਾਈਕਲ ਤੇ ਸਾਈਕਲ ਕਲਪੁਰਜ਼ਿਆਂ ’ਤੇ GST ਦੀ ਦਰ 12 ਤੋਂ 5 ਫ਼ੀਸਦੀ ਕਰ ਦਿੱਤੀ ਗਈ ਹੈ। 5 ਫ਼ੀਸਦੀ ਜੀਐੱਸਟੀ ਦਰ ਹੋਣ ਕਰਕੇ ਉਦਯੋਗਪਤੀ ਆਰਥਿਕ ਪੱਖੋਂ ਮੰਦਹਾਲ ਹੋ ਗਏ ਹਨ, ਕਿਉਂਕਿ ਉਨ੍ਹਾਂ ਨੂੰ ਜੀਐੱਸਟੀ ਰਿਫ਼ੰਡ ਨਹੀਂ ਮਿਲ ਰਿਹਾ। ਜਾਣਕਾਰੀ ਅਨੁਸਾਰ ਸਾਈਕਲ ਤੇ ਸਾਈਕਲ ਕਲਪੁਰਜ਼ਿਆਂ ’ਤੇ ਜੀਐੱਸਟੀ ਦਰ 12 ਫ਼ੀਸਦੀ ਤੋਂ ਘਟਾ ਕੇ 5 ਫ਼ੀਸਦੀ ਕਰ ਦਿੱਤੀ ਹੈ। ਜਿਸ ਨਾਲ ਆਮ ਲੋਕਾਂ ਨੂੰ ਸਾਈਕਲ ਸਸਤਾ ਮਿਲਣ ਲੱਗ ਪਿਆ ਅਤੇ ਸਾਈਕਲ ਕਾਰਖ਼ਾਨੇਦਾਰਾਂ ਨੂੰ ਵੀ ਕਾਫ਼ੀ ਲਾਭ ਮਿਲਣ ਲੱਗ ਪਿਆ ਹੈ ਪਰ ਸਾਈਕਲ ਕਲਪੁਰਜ਼ੇ ਬਣਾਉਣ ਵਾਲੇ ਉਦਯੋਗਪਤੀ ਆਰਥਿਕ ਪੱਖੋਂ ਮੰਦਹਾਲ ਹੋ ਗਏ ਹਨ।

ਪੁਨੀਤ ਬਾਵਾ,ਪੰਜਾਬੀ ਜਾਗਰਣ, ਲੁਧਿਆਣਾ। ਕੇਂਦਰ ਸਰਕਾਰ ਵੱਲੋਂ ਸਾਈਕਲ ਤੇ ਸਾਈਕਲ ਕਲਪੁਰਜ਼ਿਆਂ ’ਤੇ GST ਦੀ ਦਰ 12 ਤੋਂ 5 ਫ਼ੀਸਦੀ ਕਰ ਦਿੱਤੀ ਗਈ ਹੈ। 5 ਫ਼ੀਸਦੀ ਜੀਐੱਸਟੀ ਦਰ ਹੋਣ ਕਰਕੇ ਉਦਯੋਗਪਤੀ ਆਰਥਿਕ ਪੱਖੋਂ ਮੰਦਹਾਲ ਹੋ ਗਏ ਹਨ, ਕਿਉਂਕਿ ਉਨ੍ਹਾਂ ਨੂੰ ਜੀਐੱਸਟੀ ਰਿਫ਼ੰਡ ਨਹੀਂ ਮਿਲ ਰਿਹਾ। ਜਾਣਕਾਰੀ ਅਨੁਸਾਰ ਸਾਈਕਲ ਤੇ ਸਾਈਕਲ ਕਲਪੁਰਜ਼ਿਆਂ ’ਤੇ ਜੀਐੱਸਟੀ ਦਰ 12 ਫ਼ੀਸਦੀ ਤੋਂ ਘਟਾ ਕੇ 5 ਫ਼ੀਸਦੀ ਕਰ ਦਿੱਤੀ ਹੈ। ਜਿਸ ਨਾਲ ਆਮ ਲੋਕਾਂ ਨੂੰ ਸਾਈਕਲ ਸਸਤਾ ਮਿਲਣ ਲੱਗ ਪਿਆ ਅਤੇ ਸਾਈਕਲ ਕਾਰਖ਼ਾਨੇਦਾਰਾਂ ਨੂੰ ਵੀ ਕਾਫ਼ੀ ਲਾਭ ਮਿਲਣ ਲੱਗ ਪਿਆ ਹੈ ਪਰ ਸਾਈਕਲ ਕਲਪੁਰਜ਼ੇ ਬਣਾਉਣ ਵਾਲੇ ਉਦਯੋਗਪਤੀ ਆਰਥਿਕ ਪੱਖੋਂ ਮੰਦਹਾਲ ਹੋ ਗਏ ਹਨ।
ਨਵੀਆਂ ਜੀਐੱਸਟੀ ਦਰਾਂ ਲਾਗੂ ਹੋਣ ਤੋਂ ਪਹਿਲਾਂ ਸਾਈਕਲ ਤੇ ਸਾਈਕਲ ਕਲਪੁਰਜ਼ਿਆਂ ’ਤੇ ਜੀਐੱਸਟੀ ਦਰ 12 ਫ਼ੀਸਦੀ ਸੀ ਪਰ 22 ਸਤੰਬਰ ਤੋਂ ਕੇਂਦਰ ਸਰਕਾਰ ਨੇ ਜੀਐੱਸਟੀ ਦਰ 12 ਫ਼ੀਸਦੀ ਤੋਂ ਘਟਾ ਕੇ 5 ਫ਼ੀਸਦੀ ਕਰ ਦਿੱਤੀ ਹੈ। ਜਦਕਿ ਸਾਈਕਲਾਂ ਦੇ ਕਲਪੁਰਜ਼ੇ ਤਿਆਰ ਕਰਨ ਲਈ ਕੱਚਾ ਉਤਪਾਦ ਲੋਹਾ ਤੇ ਪਲਾਸਟਿਕ ’ਤੇ ਜੀਐਸਟੀ ਦਰ 18 ਫ਼ੀਸਦੀ ਹੀ ਹੈ। ਕਲਪੁਰਜ਼ੇ ਬਣਾਉਣ ਵਾਲੇ ਕਾਰਖ਼ਾਨੇਦਾਰ ਪਹਿਲਾਂ 18 ਫ਼ੀਸਦੀ ’ਤੇ ਕੱਚਾ ਮਾਲ ਖ਼ਰੀਦ ਕੇ ਉਸ ਦੇ ਉਤਪਾਦ ਤਿਆਰ ਕਰਕੇ 12 ਫ਼ੀਸਦੀ ਦਰ ’ਤੇ ਵੇਚ ਦਿੰਦੇ ਸਨ। ਪਰ ਹੁਣ ਜੀਐੱਸਟੀ ਦਰ 5 ਫ਼ੀਸਦੀ ਹੋਣ ਕਰਕੇ ਕੱਚੇ ਉਤਪਾਦ 18 ਫ਼ੀਸਦੀ ’ਤੇ ਖ਼ਰੀਦ ਕੇ ਕਾਰਖ਼ਾਨੇਦਾਰਾਂ ਨੂੰ ਤਿਆਰ ਉਤਪਾਦ 5 ਫ਼ੀਸਦੀ ਜੀਐੱਸਟੀ ਦਰ ’ਤੇ ਵੇਚਣੇ ਪੈ ਰਹੇ ਹਨ।
ਜਿਸ ਨਾਲ ਜਿੱਥੇ ਪਹਿਲਾਂ ਸਰਕਾਰ ਵੱਲ ਕਾਰਖ਼ਾਨੇਦਾਰਾਂ ਦਾ 6 ਫ਼ੀਸਦੀ ਜੀਐਸਟੀ ਜ਼ਮ੍ਹਾਂ ਹੁੰਦਾ ਸੀ, ਹੁਣ 7 ਫ਼ੀਸਦੀ ਵੱਧ 13 ਫ਼ੀਸਦੀ ਜੀਐੱਸਟੀ ਪੂੰਜੀ ਸਰਕਾਰ ਕੋਲ ਫ਼ਸ ਰਹੀ ਹੈ। ਸਾਈਕਲ ਕਾਰਖ਼ਾਨੇਦਾਰਾਂ ’ਤੇ ਇਸ ਦਾ ਕੋਈ ਵੀ ਮੰਦਾ ਪ੍ਰਭਾਵ ਨਹੀਂ ਪੈ ਰਿਹਾ ਪਰ ਕਲਪੁਰਜ਼ੇ ਬਣਾਉਣ ਵਾਲਿਆਂ ਨੂੰ ਨਵੀਆਂ ਜੀਐੱਸਟੀ ਦਰਾਂ ਨੇ ਕਸੂਤਾ ਫ਼ਸਾ ਦਿੱਤਾ ਹੈ। ਸਾਈਕਲ ’ਤੇ ਜੀਐੱਸਟੀ ਦਰ ਘੱਟ ਹੋਣ ਨਾਲ ਸਾਈਕਲ ਉਦਯੋਗਪਤੀਆਂ ਨੂੰ ਜਿਸ ਤਰੀਕੇ ਨਾਲ ਤੇਜ਼ੀ ਆਉਣ ਦੀ ਆਸ ਸੀ, ਉਸ ਤਰੀਕੇ ਨਾਲ ਤੇਜ਼ੀ ਨਹੀਂ ਆਈ। ਜਿਸ ਕਰਕੇ ਉਦਯੋਗਪਤੀਆਂ ਦੀਆਂ ਆਸਾਂ ’ਤੇ ਪਾਣੀ ਫ਼ਿਰ ਗਿਆ ਹੈ। 22 ਸਤੰਬਰ ਤੋਂ ਪਹਿਲਾਂ ਸਾਈਕਲਾਂ ਦੇ ਕਲਪੁਰਜ਼ੇ ਬਣਾਉਣ ਵਾਲੇ ਜਿਹੜੇ ਕਾਰਖ਼ਾਨੇ ਦਿਨ ਰਾਤ ਚੱਲਦੇ ਸਨ, ਉਹ ਕਾਰਖ਼ਾਨੇ ਹੁਣ ਸਿਰਫ਼ ਦਿਨ ਸਮੇਂ ਹੀ ਚੱਲਦੇ ਹਨ। ਦੇਸ਼ ਦੀ ਸਾਈਕਲ ਤੇ ਸਾਈਕਲ ਕਲਪੁਰਜ਼ੇ ਤਿਆਰ ਕਰਨ ਵਾਲੀ ਰਾਜਧਾਨੀ ਲੁਧਿਆਣਾ ਦੇ ਕਾਰਖ਼ਾਨੇਦਾਰ ਕਾਫ਼ੀ ਨਿਰਾਸ਼ ਨਜ਼ਰ ਆ ਰਹੇ ਹਨ।
ਜੇਕਰ ਕੇਂਦਰ ਸਰਕਾਰ ਵੱਲੋਂ ਸਾਈਕਲ ਕਾਰੋਬਾਰੀਆਂ ਨੂੰ ਰਾਹਤ ਦੇਣ ਲਈ ਕੋਈ ਕਦਮ ਨਾ ਚੁੱਕਿਆ ਗਿਆ, ਤਾਂ ਸਾਈਕਲਾਂ ਦੇ ਕਲਪੁਰਜ਼ੇ ਬਣਾਉਣ ਵਾਲੇ ਕਾਰਖ਼ਾਨੇਦਾਰਾਂ ਲਈ ਆਉਣ ਵਾਲੇ ਸਮਾਂ ਆਰਥਿਕ ਪੱਖੋਂ ਮੁਸ਼ਕਿਲਾਂ ਭਰਿਆ ਹੋ ਸਕਦਾ ਹੈ। 5 ਫ਼ੀਸਦੀ ਜੀਐੱਸਟੀ ਦਰ ਦੀ ਵਕਾਲਤ ਕਰਨ ਵਾਲੇ ਉਦਯੋਗਪਤੀਆਂ ਨੂੰ ਵੱਟਸਐਪ ਗਰੁੱਪ ਤੇ ਸ਼ੋਸਲ ਮੀਡੀਆ ਦੇ ਹੋਰ ਮੰਚਾਂ ’ਤੇ ਸਾਥੀ ਉਦਯੋਗਪਤੀਆਂ ਤੋਂ ਕਾਫ਼ੀ ਝਾੜ ਪੈ ਰਹੀ ਹੈ। 5 ਫ਼ੀਸਦੀ ਜੀਐੱਸਟੀ ਦਰ ਕਰਕੇ ਕੇਂਦਰ ਤੇ ਰਾਜ ਸਰਕਾਰ ਵੱਲ ਉਦਯੋਗਪਤੀਆਂ ਦਾ ਸੈਕੜੇ ਕਰੋੜ ਰੁਪਏ ਰਿਫ਼ੰਡ ਫ਼ਸ ਗਿਆ ਹੈ।
ਉਦਯੋਗਪਤੀ ਨਵੀਆਂ ਜੀਐੱਸਟੀ ਦਰਾਂ ਖ਼ਿਲਾਫ਼ ਸੰਘਰਸ਼ ਵਿੱਢਣ
ਵਰਲਡ ਐੱਮਐੱਸਐੱਮਈ ਫੋਰਮ ਦੇ ਪ੍ਰਧਾਨ ਬਦੀਸ਼ ਜਿੰਦਲ ਨੇ ਕਿਹਾ ਕਿ ਸਾਈਕਲ ਤੇ ਸਾਈਕਲ ਕਲਪੁਰਜ਼ਿਆਂ ’ਤੇ ਜੀਐਸਟੀ ਦਰ 5 ਫ਼ੀਸਦੀ ਹੋਣ ਨਾਲ ਉਦਯੋਗਪਤੀਆਂ ਦਾ ਸੈਕੜੇ ਕਰੋੜ ਰੁਪਏ ਰਿਫ਼ੰਡ ਫ਼ਸ ਗਿਆ ਹੈ। ਉਨ੍ਹਾਂ ਕਿਹਾ ਕਿ ਸਾਈਕਲ ਉਦਯੋਗ ਨਾਲ ਸਬੰਧਤ ਸਾਰੀਆਂ ਹੀ ਜਥੇਬੰਦੀਆਂ ਅਤੇ ਸਾਈਕਲ ਉਦਯੋਗਪਤੀਆਂ ਨੂੰ ਇਸ ਦੇ ਖਿਲਾਫ਼ ਸੰਘਰਸ਼ ਵਿੱਢਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜੀਐੱਸਟੀ ਦੀ ਸਮੱਸਿਆ ਦਾ ਹੱਲ ਨਾ ਹੋਣ ਨਾਲ ਸਾਈਕਲ ਉਦਯੋਗਪਤੀਆਂ ਨੂੰ ਆਰਥਿਕ ਮੰਦਹਾਲੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਨਵੀਆਂ ਜੀਐੱਸਟੀ ਦਰਾਂ ਛੋਟੇ ਕਾਰਖ਼ਾਨੇਦਾਰਾਂ ਲਈ ਘਾਤਕ-ਵਿਸ਼ਵਕਰਮਾ
ਵਿ਼ਸ਼ਵਕਰਮਾ ਗਰੁੱਪ ਆਫ਼ ਇੰਡਸਟਰੀਜ਼ ਦੇ ਸੀਐਮਡੀ ਤੇ ਯੂਸੀਪੀਐਮਏ ਦੇ ਸਾਬਕਾ ਚੇਅਰਮੈਨ ਚਰਨਜੀਤ ਸਿੰਘ ਵਿ਼ਸ਼ਵਕਰਮਾ ਨੇ ਕਿਹਾ ਕਿ ਸਾਈਕਲ ’ਤੇ 5 ਫ਼ੀਸਦੀ ਜੀਐਸਟੀ ਦਰ ਹੋਣ ਨਾਲ ਕਲਪੁਰਜ਼ੇ ਨਿਰਮਾਤਾਵਾਂ ਨੂੰ ਇੱਕ ਵੱਡੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜੋ ਲੋਕ ਸਾਈਕਲਾਂ ਦਾ ਉਤਪਾਦਨ ਕਰਨ ਜਾਂ ਕੁੱਝ ਕਲਪੁਰਜ਼ੇ ਬਣਾਉਣ ਤੋਂ ਬਾਅਦ ਵੇਚ ਰਹੇ ਹਨ, ਉਨ੍ਹਾਂ ਨੂੰ ਫਾਇਦਾ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਫ਼ੈਸਲਾ ਛੋਟੇ ਕਾਰਖ਼ਾਨੇਦਾਰਾਂ ਲਈ ਘਾਤਕ ਸਿੱਧ ਹੋਵੇਗਾ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਸਾਈਕਲਾਂ ਲਈ ਕਲਪੁਰਜ਼ੇ ਬਣਾਉਣ ਲਈ ਵਰਤੇ ਜਾਣ ਵਾਲੇ ਸਟੀਲ ਤੇ ਪਲਾਸਟਿਕ ’ਤੇ ਵੀ ਜੀਐੱਸਟੀ ਦਰ 5 ਫ਼ੀਸਦੀ ਕਰਨੀ ਚਾਹੀਦੀ ਹੈ।