ਸਿਰਫ ਤਿੰਨ ਮਿੰਟਾਂ ਵਿੱਚ ਸਾਢੇ 14 ਲੱਖ ਕੀਤੇ ਚੋਰੀ

ਸਿਰਫ ਤਿੰਨ ਮਿੰਟਾਂ ਵਿੱਚ ਸਾਢੇ 14 ਲੱਖ ਕੀਤੇ ਚੋਰੀ
ਪੁਲਿਸ ਚੌਂਕੀ ਦੇ ਬਿਲਕੁਲ ਲਾਗੇ ਦਿੱਤਾ ਗਿਆ ਵਾਰਦਾਤ ਨੂੰ ਅੰਜਾਮ
ਚੋਰੀ ਦੀ ਇਸ ਵਾਰਦਾਤ ਤੋਂ ਬਾਅਦ ਸੁਰੱਖਿਆ ਨੂੰ ਲੈ ਕੇ ਇਲਾਕੇ ਵਿੱਚ ਖੌਫ
ਫੋਟੋ 28
ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ ਲੁਧਿਆਣਾ
ਬੁੱਧਵਾਰ ਤੜਕੇ ਲੁਧਿਆਣਾ ਦੇ ਤਾਜਪੁਰ ਰੋਡ ਤੇ ਉਸ ਵੇਲੇ ਸਨਸਨੀ ਫੈਲ ਗਈ ਜਦੋਂ ਤਿੰਨ ਨਕਾਬ ਪੋਸ਼ ਲੁਟੇਰਿਆਂ ਨੇ ਇੱਕ ਡੇਅਰੀ ਨੂੰ ਨਿਸ਼ਾਨਾ ਬਣਾਉਂਦਿਆਂ ਲਗਭਗ ਸਾਢੇ 14 ਲੱਖ ਰੁਪਏ ਦੀ ਨਕਦੀ ਚੋਰੀ ਕਰ ਲਈ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਬਦਮਾਸ਼ਾਂ ਨੇ ਵਾਰਦਾਤ ਨੂੰ ਅੰਜਾਮ ਤਾਜਪੁਰ ਰੋਡ ਸਥਿਤ ਪੁਲਿਸ ਚੌਂਕੀ ਤੋਂ ਕੁਝ ਮੀਟਰ ਦੀ ਦੂਰੀ ਤੇ ਦਿੱਤਾ। ਡੇਅਰੀ ਮਾਲਕ ਅਮਨਜੋਤ ਸਿੰਘ ਨੂੰ ਸਵੇਰੇ ਕਰੀਬ 5 ਵਜੇ ਉੱਥੋਂ ਦੇ ਰਹਿਣ ਵਾਲੇ ਇੱਕ ਵਿਅਕਤੀ ਦਾ ਫੋਨ ਆਇਆ ਕਿ ਦੁਕਾਨ ਦਾ ਸ਼ਟਰ ਟੁੱਟਾ ਹੋਇਆ ਹੈ। ਮੌਕੇ ਤੇ ਪਹੁੰਚ ਕੇ ਅਮਨਜੋਤ ਸਿੰਘ ਨੇ ਦੇਖਿਆ ਕਿ ਸ਼ਟਰ ਜ਼ਬਰਦਸਤ ਤਰੀਕੇ ਨਾਲ ਟੁੱਟਾ ਹੋਇਆ ਸੀ ਅਤੇ ਡੇਅਰੀ ਚੋਂ ਨਕਦੀ ਵਾਲਾ ਦਰਾਜ ਗਾਇਬ ਸੀ।
ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋਈਆਂ ਵਾਰਦਾਤ ਦੀਆਂ ਤਸਵੀਰਾਂ
ਅਮਨਜੋਤ ਨੇ ਜਦ ਡੇਅਰੀ ਦੇ ਅੰਦਰ ਬਾਹਰ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲੀ ਤਾਂ ਪਤਾ ਲੱਗਾ ਕਿ ਸਕੋਡਾ ਕਾਰ ਵਿੱਚ ਸਵਾਰ ਹੋ ਕੇ ਤਿੰਨ ਵਿਅਕਤੀ ਆਏ ਸਨ। ਅਮਨਜੋਤ ਨੇ ਦੱਸਿਆ ਕਿ ਪਹਿਲਾਂ ਲੁਟੇਰਿਆਂ ਨੇ ਛੋਟੇ ਸ਼ਟਰ ਨੂੰ ਤੋੜਨ ਦੀ ਕੋਸ਼ਿਸ਼ ਕੀਤੀ, ਪਰ ਉਹ ਸਫਲ ਨਾ ਹੋ ਸਕੇ, ਜਿਸ ਤੋਂ ਬਾਅਦ ਬਦਮਾਸ਼ਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਮੁੱਖ ਸ਼ਟਰ ਤੋੜ ਦਿੱਤਾ। ਅਮਨਜੋਤ ਸਿੰਘ ਨੇ ਦੱਸਿਆ ਕਿ ਲੁਟੇਰੇ ਲਗਭਗ ਸਾਢੇ 14 ਲੱਖ ਰੁਪਏ ਦੀ ਰਕਮ ਅਤੇ ਉੱਥੇ ਪਈ ਦਾਨ ਪੇਟੀ ਚੋਰੀ ਕਰਕੇ ਲੈ ਗਏ। ਸੀਸੀਟੀਵੀ ਰਿਕਾਰਡਿੰਗ ਦੇ ਮੁਤਾਬਕ ਮੁਲਜ਼ਮਾਂ ਨੇ ਸਿਰਫ ਤਿੰਨ ਮਿੰਟ ਵਿੱਚ ਵਾਰਦਾਤ ਨੂੰ ਅੰਜਾਮ ਦੇ ਦਿੱਤਾ। ਸੀਸੀਟੀਵੀ ਕੈਮਰਿਆਂ ਵਿੱਚ ਗੱਡੀ ਦਾ ਨੰਬਰ ਨਹੀਂ ਆ ਸਕਿਆ।
ਪੁਲਿਸ ਕਰ ਰਹੀ ਹੈ ਕੇਸ ਦੀ ਪੜਤਾਲ
ਸ਼ਿਕਾਇਤ ਮਿਲਦੇ ਹੀ ਥਾਣਾ ਡਿਵੀਜ਼ਨ ਨੰਬਰ 7 ਦੀ ਪੁਲਿਸ ਮੌਕੇ ਤੇ ਪਹੁੰਚੀ। ਇਸ ਮਾਮਲੇ ਵਿੱਚ ਐਡੀਸ਼ਨਲ ਐਸਐਚਓ ਸਬ ਇੰਸਪੈਕਟਰ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਅਮਨਜੋਤ ਦੇ ਬਿਆਨ ਦਰਜ ਕਰ ਲਏ ਗਏ ਹਨ। ਇਸ ਮਾਮਲੇ ਵਿੱਚ ਤਿੰਨ ਅਣਪਛਾਤੇ ਬਦਮਾਸ਼ਾਂ ਦੇ ਖਿਲਾਫ ਮੁਕੱਦਮਾ ਦਰਜ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਸੇਫ ਸਿਟੀ ਕੈਮਰਿਆਂ ਦੀ ਮਦਦ ਨਾਲ ਮੁਲਜ਼ਮਾਂ ਦੀ ਤਲਾਸ਼ ਕੀਤੀ ਜਾ ਰਹੀ। ਪੁਲਿਸ ਕੈਮਰਿਆਂ ਦੀ ਮਦਦ ਨਾਲ ਦੇਖ ਰਹੀ ਹੈ ਕਿ ਮੁਲਜ਼ਮ ਕਿਹੜੇ ਰਸਤੇ ਤੋਂ ਭੱਜੇ ਹਨ। ਪੁਲਿਸ ਦਾ ਕਹਿਣਾ ਹੈ ਕਿ ਜਲਦੀ ਹੀ ਬਦਮਾਸ਼ਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।
ਚੋਰਾਂ ਨੇ ਚੱਕੀ ਨੂੰ ਵੀ ਬਣਾਇਆ ਨਿਸ਼ਾਨਾ
ਇਸੇ ਮਾਰਕੀਟ ਵਿੱਚ ਚੋਰੀ ਦੀ ਦੂਜੀ ਵਾਰਦਾਤ ਵੀ ਵਾਪਰੀ। ਸ਼ਾਤਰ ਚੋਰ ਗਿਰੋਹ ਨੇ ਡੇਅਰੀ ਨੂੰ ਨਿਸ਼ਾਨਾ ਬਣਾਉਣ ਤੋਂ ਪਹਿਲਾਂ ਇੱਕ ਆਟਾ ਚੱਕੀ ਤੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਚੱਕੀ ਮਾਲਕ ਸੰਨੀ ਨੇ ਦੱਸਿਆ ਕਿ ਬਦਮਾਸ਼ਾਂ ਨੇ ਉਸ ਦੀ ਦੁਕਾਨ ਦਾ ਸ਼ਟਰ ਤੋੜ ਕੇ 25 ਹਜ਼ਾਰ ਰੁਪਏ ਦੀ ਨਕਦੀ ਚੋਰੀ ਕਰ ਲਈ। ਚੱਕੀ ਚੋਂ ਚੋਰੀ ਹੋਇਆ ਟੁੱਟਿਆ ਹੋਇਆ ਦਰਾਜ ਡੇਅਰੀ ਦੇ ਲਾਗਿਓ ਮਿਲਿਆ। ਇਸ ਤੋਂ ਸਾਫ ਹੁੰਦਾ ਹੈ ਕਿ ਚੋਰਾਂ ਨੇ ਇੱਕ ਰਾਤ ਵਿੱਚ ਲਗਾਤਾਰ ਦੋ ਵਾਰਦਾਤਾਂ ਨੂੰ ਅੰਜਾਮ ਦਿੱਤਾ ਹੈ।