ਮਾਲਖਾਨੇ ਦਾ ਸਵਾ ਕਰੋੜ ਹੜੱਪਣ ਵਾਲੇ ਮੁਨਸ਼ੀ ਤੋਂ ਮਿਲੇ 13 ਲੱਖ
ਮਾਲਖਾਨੇ ਦਾ ਸਵਾ ਕਰੋੜ ਹੜੱਪਣ ਵਾਲੇ ਮੁਨਸ਼ੀ ਤੋਂ ਮਿਲੇ 13 ਲੱਖ
Publish Date: Mon, 17 Nov 2025 09:16 PM (IST)
Updated Date: Tue, 18 Nov 2025 04:17 AM (IST)

ਘਰ ਦੇ ਵਿਹੜੇ ’ਚ ਦੱਬੇ ਹੋਏ ਸਨ 10 ਲੱਖ 3 ਲੱਖ ਘਰ ਵਿਚ ਪਈ ਅਲਮਾਰੀ ਵਿਚੋਂ ਮਿਲਿਆ ਸੰਜੀਵ ਗੁਪਤਾ, ਪੰਜਾਬੀ ਜਾਗਰਣ, ਜਗਰਾਓਂ : ਥਾਣਾ ਸਿੱਧਵਾਂ ਬੇਟ ਦੇ ਮਾਲਖਾਨੇ ਦੇ ਮੁਨਸ਼ੀ ਵੱਲੋਂ ਨਸ਼ਾ ਤਸਕਰੀ ’ਚ ਬਰਾਮਦ ਕੀਤੀ ਸਵਾ ਕਰੋੜ ਰੁਪਏ ਦੀ ਵੱਡੀ ਰਕਮ ਹੜੱਪਣ ਦੇ ਮਾਮਲੇ ’ਚ ਪੁਲਿਸ ਨੇ ਉਸ ਤੋਂ ਅੱਜ 13 ਲੱਖ ਰੁਪਏ ਬਰਾਮਦ ਕਰ ਲਏ। ਮਾਲ ਮੁਨਸ਼ੀ ਵੱਲੋਂ ਘਰ ਦੇ ਵਿਹੜੇ ਤੇ ਅਲਮਾਰੀ ’ਚ ਰੱਖੇ 13 ਲੱਖ ਰੁਪਏ ਪੁਲਿਸ ਨੇ ਕਬਜ਼ੇ ’ਚ ਲੈ ਲਏ। ਵਰਣਨਯੋਗ ਹੈ ਕਿ ਥਾਣਾ ਸਿੱਧਵਾਂ ਬੇਟ ਦੇ ਮਾਲ ਮੁਨਸ਼ੀ ਗੁਰਦਾਸ ਸਿੰਘ ਵੱਲੋਂ ਜਗਰਾਓਂ ਸੀਆਈਏ ਸਟਾਫ ਦੀ ਪੁਲਿਸ ਵੱਲੋਂ ਸਾਲ 2023 ’ਚ ਨਸ਼ਾ ਤਸਕਰੀ ਦੇ 3 ਮੈਂਬਰੀ ਗੈਂਗ ਤੋਂ ਬਰਾਮਦ ਸਵਾ ਕਰੋੜ ਰੁਪਏ ਦੀ ਰਕਮ ਹੜੱਪ ਕਰ ਲਈ। ਇਸ ਦਾ ਖੁਲਾਸਾ ਪਿਛਲੇ ਦਿਨੀਂ ਜਦੋਂ ਅਦਾਲਤ ’ਚ ਕੇਸ ਦੀ ਸੁਣਵਾਈ ਹੋਈ ਤਾਂ ਅਦਾਲਤ ਵਿਚ ਸਵਾ ਕਰੋੜ ਦੀ ਬਰਾਮਦਗੀ ਵਾਲੇ ਬਕਸੇ ਦੀ ਸੀਲ ਖੋਲ੍ਹੀ ਗਈ ਤਾਂ ਉਸ ’ਚੋਂ ਰੁਪਏ ਗਾਇਬ ਸਨ। ਇਸ ’ਤੇ ਮਾਲ ਮੁਨਸ਼ੀ ਹੌਲਦਾਰ ਗੁਰਦਾਸ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਤੇ ਉਸ ਖ਼ਿਲਾਫ਼ ਥਾਣਾ ਸਿੱਧਵਾਂ ਬੇਟ ਵਿਖੇ ਮੁਕੱਦਮਾ ਦਰਜ ਕੀਤਾ ਗਿਆ। ਬੀਤੀ ਕੱਲ੍ਹ ਥਾਣਾ ਸਿੱਧਵਾਂ ਬੇਟ ਦੇ ਏਐੱਸਆਈ ਰਾਜਵਰਿੰਦਰ ਸਿੰਘ ਦੀ ਅਗਵਾਈ ਹੇਠ ਪੁਲਿਸ ਪਾਰਟੀ ਹੌਲਦਾਰ ਗੁਰਦਾਸ ਸਿੰਘ ਨੂੰ ਉਸ ਦੇ ਜਗਰਾਓਂ ਸਥਿਤ ਮੁਹੱਲਾ ਅਜੀਤ ਨਗਰ ਘਰ ਲੈ ਕੇ ਆਈ। ਉਸ ਦੀ ਨਿਸ਼ਾਨਦੇਹੀ ’ਤੇ ਘਰ ਦਾ ਵਿਹੜਾ ਪੁੱਟਿਆ ਗਿਆ, ਜਿਸ ’ਚ ਦੱਬੇ 10 ਲੱਖ ਰੁਪਏ ਪੁਲਿਸ ਨੂੰ ਬਰਾਮਦ ਹੋਏ। ਇਸ ਤੋਂ ਬਾਅਦ ਉਸ ਦੀ ਨਿਸ਼ਾਨਦੇਹੀ ’ਤੇ ਘਰ ਦੀ ਅਲਮਾਰੀ ’ਚੋਂ 3 ਲੱਖ ਰੁਪਇਆ ਬਰਾਮਦ ਹੋਇਆ। ਪੁਲਿਸ ਨੇ 13 ਲੱਖ ਰੁਪਇਆ ਕਬਜ਼ੇ ’ਚ ਲੈ ਲਿਆ। ਸੋਮਵਾਰ ਨੂੰ ਹੌਲਦਾਰ ਗੁਰਦਾਸ ਸਿੰਘ ਨੂੰ ਜਗਰਾਓਂ ਅਦਾਲਤ ਪੇਸ਼ ਕੀਤਾ ਗਿਆ, ਜਿਸ ਤੋਂ ਇਸ ਕੇਸ ’ਚ 1 ਕਰੋੜ 15 ਲੱਖ ਰੁਪਏ ਦੀ ਹੋਰ ਰਿਕਵਰੀ ਕਰਵਾਉਣ ਲਈ ਰਿਮਾਂਡ ਵਧਾਉਣ ਲਈ ਪੁਲਿਸ ਵੱਲੋਂ ਅਪੀਲ ਕੀਤੀ ਗਈ, ਜਿਸ ਨੂੰ ਮਨਜ਼ੂਰ ਕਰਦਿਆਂ ਅਦਾਲਤ ਨੇ ਗੁਰਦਾਸ ਸਿੰਘ ਦਾ 4 ਦਿਨ ਹੋਰ ਰਿਮਾਂਡ ’ਚ ਵਾਧਾ ਕੀਤਾ।