ਤਹਿਬਾਜ਼ਾਰੀ ਬ੍ਰਾਂਚ ਦੀ ਕਾਰਵਾਈ, 4 ਦਰਜਨ ਰੇਹੜੀਆਂ-ਫੜ੍ਹੀਆਂ ਜ਼ਬਤ
ਫੀਲਡਗੰਜ, ਸ਼ਾਹਪੁਰ ਰੋਡ, ਕੂਚੇ
Publish Date: Sun, 16 Nov 2025 11:33 PM (IST)
Updated Date: Mon, 17 Nov 2025 04:16 AM (IST)

ਫੀਲਡਗੰਜ, ਸ਼ਾਹਪੁਰ ਰੋਡ, ਕੂਚੇ ਤੇ ਗੁਰਦੁਆਰਾ ਦੂਖ ਨਿਵਾਰਣ ਰੋਡ ’ਤੇ ਕੀਤੀ ਕਾਰਵਾਈ ਕਿਸੇ ਵੀ ਤਰ੍ਹਾਂ ਦੇ ਕਬਜ਼ੇ ਕਰਨ ਵਾਲਿਆਂ ਖ਼ਿਲਾਫ਼ ਲਗਾਤਾਰ ਹੋਵੇਗੀ ਕਾਰਵਾਈ ਜਾਗਰਣ ਸੰਵਾਦਦਾਤਾ, ਲੁਧਿਆਣਾ ਸੀਨੀਅਰ ਡਿਪਟੀ ਮੇਅਰ ਰਾਕੇਸ਼ ਪਰਾਸਰ ਦੀ ਅਗਵਾਈ ’ਚ ਐਤਵਾਰ ਨੂੰ ਫੀਲਡਗੰਜ ਸਮੇਤ ਆਸ-ਪਾਸ ਦੇ ਇਲਾਕੇ ’ਚ ਨਿਗਮ ਦੀ ਤਹਿਬਾਜ਼ਾਰੀ ਬ੍ਰਾਂਚ ਨੇ ਤਾਬੜਤੋੜ ਕਾਰਵਾਈ ਕੀਤੀ। ਇਸ ਕਾਰਵਾਈ ਦੌਰਾਨ ਲੱਗਭਗ 4 ਦਰਜਨ ਰੇਹੜੀਆਂ ਜਬਤ ਕੀਤੀਆਂ ਗਈਆਂ ਹਨ, ਜਦੋਂਕਿ ਦੁਕਾਨਾਂ ਦੇ ਬਾਹਰ ਸੜਕ ’ਤੇ ਨਾਜਾਇਜ਼ ਕਬਜ਼ੇ ਕਰ ਕੇ ਰੱਖੇ ਗਏ ਸਾਮਾਨ ਨੂੰ ਵੀ ਜ਼ਬਤ ਕੀਤਾ ਗਿਆ। ਇਸ ਕਾਰਵਾਈ ਦੌਰਾਨ ਕੁਝ ਦੁਕਾਨਦਾਰਾਂ ਤੇ ਰੇਹੜੀ-ਫੜ੍ਹੀ ਚਲਾਉਣ ਵਾਲਿਆਂ ਨੇ ਵਿਰੋਧ ਕਰਨ ਦੀ ਕੋਸ਼ਿਸ਼ ਕੀਤੀ ਪਰ ਪੁਲਿਸ ਬਲ ਨੇ ਕਿਸੇ ਦੀ ਵੀ ਨਹੀਂ ਚੱਲਣ ਦਿੱਤੀ। ਇਸ ਕਾਰਵਾਈ ਤੋਂ ਬਾਅਦ ਆਸ-ਪਾਸ ਦਾ ਪੂਰਾ ਇਲਾਕਾ ਖਾਲੀ ਹੋ ਗਿਆ। ਸੀਨੀਅਰ ਡਿਪਟੀ ਮੇਅਰ ਨੇ ਸਾਫ਼ ਕਿਹਾ ਕਿ ਇਹ ਕਾਰਵਾਈ ਇੱਥੇ ਨਹੀਂ ਰੁਕੇਗੀ, ਇਸ ਨੂੰ ਲਗਾਤਾਰ ਜਾਰੀ ਰੱਖਿਆ ਜਾਵੇਗਾ, ਕਿਉਂਕਿ ਦੁਕਾਨਦਾਰਾਂ ਤੇ ਰੇਹੜੀ-ਫੜ੍ਹੀ ਚਲਾਉਣ ਵਾਲਿਆਂ ਨੂੰ ਪਹਿਲਾਂ ਹੀ ਚਿਤਾਵਨੀ ਦਿੱਤੀ ਜਾ ਚੁੱਕੀ ਹੈ। ਜਾਣਕਾਰੀ ਅਨੁਸਾਰ ਐਤਵਾਰ ਨੂੰ ਨਿਗਮ ਦੇ ਚਾਰਾਂ ਜ਼ੋਨਾਂ ਦੀ ਤਹਿਬਾਜ਼ਾਰੀ ਬ੍ਰਾਂਚ ਦੇ ਕਰਮਚਾਰੀਆਂ ਨੂੰ ਇਕ ਥਾਂ ਇਕੱਠਾ ਕੀਤਾ ਗਿਆ। ਇਨ੍ਹਾਂ ਦੇ ਨਾਲ ਨਿਗਮ ਪੁਲਿਸ ਦੇ ਮੁਲਾਜ਼ਮ ਵੀ ਸਨ। ਸਵੇਰੇ ਜਦੋਂ ਫੀਲਡਗੰਜ ਇਲਾਕੇ ’ਚ ਸੜਕਾਂ ’ਤੇ ਰੇਹੜੀਆਂ ਸਜ ਗਈਆਂ, ਤੁਰੰਤ ਟੀਮ ਨੇ ਇਕੱਠੇ ਧਾਵਾ ਬੋਲ ਦਿੱਤਾ, ਜਿੰਨਾ ਵੀ ਸਾਮਾਨ ਬਾਹਰ ਰੱਖਿਆ ਗਿਆ ਸੀ, ਉਸ ਨੂੰ ਨਿਗਮ ਦੇ ਕਰਮਚਾਰੀਆਂ ਵੱਲੋਂ ਜ਼ਬਤ ਕਰ ਕੇ ਗੱਡੀਆਂ ’ਚ ਭਰਨਾ ਸ਼ੁਰੂ ਕੀਤਾ ਗਿਆ। ਇਸ ਦੌਰਾਨ ਕੁਝ ਲੋਕ ਆਪਣੇ ਸਾਮਾਨ ਨਾਲ ਨਿਕਲਣ ’ਚ ਕਾਮਯਾਬ ਰਹੇ। ਨਿਗਮ ਦੀ ਤਹਿਬਾਜ਼ਾਰੀ ਬ੍ਰਾਂਚ ਨੇ ਫੀਲਡਗੰਜ, ਸ਼ਾਹਪੁਰ ਰੋਡ, ਕੁਚਾ ਨੰਬਰ 5-6 ਤੇ ਗੁਰਦੁਆਰਾ ਦੂਖ ਨਿਵਾਰਣ ਸਾਹਿਬ ਵੱਲ ਕਾਰਵਾਈ ਕੀਤੀ। ਸੀਨੀਅਰ ਡਿਪਟੀ ਮੇਅਰ ਰਾਕੇਸ਼ ਪਰਾਸ਼ਰ ਨੇ ਦੁਕਾਨਦਾਰਾਂ ਨੂੰ ਸਾਫ਼ ਕਿਹਾ ਕਿ ਨਿਗਮ ਵੱਲੋਂ ਪਹਿਲਾਂ ਹੀ ਯੈਲੋ ਲਾਈਨ ਲਾਈ ਗਈ ਹੈ ਤਾਂ ਜੋ ਕੋਈ ਵੀ ਇਸ ਤੋਂ ਬਾਹਰ ਸਾਮਾਨ ਨਾ ਰੱਖੇ। ਇਸ ਤੋਂ ਪਹਿਲਾਂ ਵੀ ਕਾਰਵਾਈ ਕੀਤੀ ਗਈ ਸੀ, ਪਰ ਲੋਕ ਦੁਬਾਰਾ ਸੜਕਾਂ ’ਤੇ ਸਾਮਾਨ ਸਜਾਉਣ ਲੱਗ ਪਏ ਹਨ। ਫੀਲਡਗੰਜ ਦਾ ਮੁੱਖ ਰਸਤਾ ਸਿੱਧਾ ਸਿਵਲ ਹਸਪਤਾਲ ਨੂੰ ਜਾਂਦਾ ਹੈ। ਇੱਥੇ ਕਬਜ਼ੇ ਕਾਰਨ ਐਂਬੂਲੈਂਸ ਫਸ ਜਾਂਦੀ ਹੈ।