ਮੁਲਜ਼ਮ ਚੋਰ ਦੀ ਪਹਿਚਾਣ ਕਾਲੂ ਪੁੱਤਰ ਰਣਧੀਰ ਵਾਸੀ ਕੈਰੀਅਨ ਮੱਧ ਪ੍ਰਦੇਸ਼ ਦੇ ਰੂਪ ’ਚ ਹੋਈ ਹੈ। ਪੁਲਿਸ ਨੇ ਮੁਲਜ਼ਮਾਂ ਦੀ ਭਾਲ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ। ਡੀਐੱਸਪੀ ਸ਼ੀਤਲ ਸਿੰਘ ਨੇ ਦੱਸਿਆ ਕਿ ਇਹ ਇਕ ਗਿਰੋਹ ਹੈ ਜੋ ਮੈਰਿਜ ਪੈਲੇਸਾਂ ਵਿਚ ਵਿਆਹ ਸਮਾਗਮ ਦੌਰਾਨ ਸ਼ਾਮਲ ਹੋ ਕੇ ਗਹਿਣਿਆਂ ਦਾ ਬੈਗ ਚੋਰੀ ਕਰਕੇ ਫਰਾਰ ਹੋ ਜਾਂਦਾ ਹੈ। ਜਲਦ ਹੀ ਮੁਲਜ਼ਮਾਂ ਨੂੰ ਕਾਬੂ ਕਰਕੇ ਗਿਰੋਹ ਦਾ ਖੁਲਾਸਾ ਕੀਤਾ ਜਾਵੇਗਾ।

ਸੁਖਪਾਲ ਸਿੰਘ ਹੁੰਦਲ, ਪੰਜਾਬੀ ਜਾਗਰਣ ,ਕਪੂਰਥਲਾ : ਕਪੂਰਥਲਾ ਦੇ ਇਕ ਮੈਰਿਜ ਪੈਲੇਸ ਵਿਚ ਲਾੜੀ ਦਾ ਲੱਖਾਂ ਰੁਪਏ ਦੇ ਗਹਿਣਿਆਂ ਨਾਲ ਭਰਿਆ ਬੈਗ ਚੋਰੀ ਹੋ ਗਿਆ। ਇਹ ਘਟਨਾ ਮੈਰਿਜ ਪੈਲੇਸ ਵਿਚ ਲੱਗੇ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ, ਜਿਸ ਵਿਚ ਇਕ ਸ਼ੱਕੀ ਵਿਅਕਤੀ ਅਤੇ ਇਕ ਬੱਚਾ ਬੈਗ ਲੈ ਕੇ ਜਾਂਦੇ ਹੋਏ ਦਿਖਾਈ ਦੇ ਰਹੇ ਹਨ। ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਸਿਟੀ ਦੀ ਪੁਲਿਸ ਨੇ ਸੀਸੀਟੀਵੀ ਫੁਟੇਜ ਆਪਣੇ ਕਬਜ਼ੇ ਵਿਚ ਲੈ ਲਈ ਅਤੇ ਇਸ ਦੇ ਆਧਾਰ ’ਤੇ ਸ਼ੱਕੀ ਵਿਅਕਤੀ ਅਤੇ ਬੱਚੇ ਦੀ ਪਹਿਚਾਣ ਕਰਦੇ ਹੋਏ ਮਾਮਲਾ ਦਰਜ ਕੀਤਾ ਹੈ। ਡੀਐੱਸਪੀ ਸਬ ਡਵੀਜ਼ਨ ਡਾ. ਸ਼ੀਤਲ ਸਿੰਘ ਨੇ ਦੱਸਿਆ ਕਿ ਮੁਲਜ਼ਮ ਇਕ ਚੋਰ ਗਿਰੋਹ ਦਾ ਮੈਂਬਰ ਹੈ ਅਤੇ ਇਹ ਗਿਰੋਹ ਵਿਆਹ ਪ੍ਰੋਗਰਾਮਾਂ ਵਿਚ ਇਸ ਤਰ੍ਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦਾ ਹੈ।
ਪੁਲਿਸ ਨੂੰ ਦਿੱਤੀ ਗਈ ਜਾਣਕਾਰੀ ਅਨੁਸਾਰ ਸ਼ਿਕਾਇਤਕਰਤਾ ਔਰਭ ਨਿਵਾਸੀ ਸ਼ਿਵ ਨਗਰ ਜਲੰਧਰ ਨੇ ਦੱਸਿਆ ਕਿ 23 ਨਵੰਬਰ ਨੂੰ ਉਨ੍ਹਾਂ ਦਾ ਪਰਿਵਾਰ ਉਸਦੇ ਭਰਾ ਸੌਰਭ ਦੇ ਵਿਆਹ ਲਈ ਕਾਂਜਲੀ ਰੋਡ ’ਤੇ ਸਥਿਤ ਇਕ ਪੈਲੇਸ ਵਿਚ ਆਇਆ ਸੀ ਤੇ ਆਨੰਦ ਕਾਰਜ ਤੋਂ ਬਾਅਦ ਸੌਰਭ ਤੇ ਉਸਦੀ ਭਾਬੀ ਸ਼ਗਨ ਦੀ ਰਸਮ ਲਈ ਸਟੇਜ ’ਤੇ ਬੈਠੇ ਸਨ। ਔਰਭ ਨੇ ਦੱਸਿਆ ਕਿ ਉਸਦੀ ਭੈਣ ਪੂਜਾ ਦੇ ਹੱਥ ਵਿਚ ਇਕ ਬੈਗ ਸੀ ਜਿਸ ਵਿਚ ਉਸਦੀ ਭਾਬੀ ਲਈ ਲੱਖਾਂ ਰੁਪਏ ਦੇ ਗਹਿਣੇ ਸਨ।
ਇਨ੍ਹਾਂ ਵਿਚ 4 ਤੋਲੇ ਸੋਨੇ ਦਾ ਇਕ ਸੈੱਟ, 1 ਜੋੜੀ ਟੋਪਸ, ਚਾਂਦੀ ਦੀਆਂ ਝਾਂਜਰਾਂ ਅਤੇ ਛੱਲੇ ਸ਼ਾਮਲ ਸਨ। ਸ਼ਾਮ ਕਰੀਬ 4:30 ਵਜੇ ਪੂਜਾ ਆਪਣੇ ਭਰਾ ਸੌਰਭ ਅਤੇ ਭਾਬੀ ਨਾਲ ਫੋਟੋਆਂ ਖਿਚਵਾਉਂਣ ਲਈ ਸਟੇਜ ’ਤੇ ਗਈ, ਇਸੇ ਦੌਰਾਨ ਗਹਿਣਿਆਂ ਨਾਲ ਭਰਿਆ ਬੈਗ ਸੋਫੇ ’ਤੇ ਰੱਖ ਦਿੱਤਾ, ਜਦੋਂ ਉਸਦੀ ਭੈਣ ਪੂਜਾ ਫੋਟੋਆਂ ਖਿਚਵਾ ਕੇ ਵਾਪਸ ਸੌਫੇ ਦੇ ਕੋਲ ਆਈ ਤਾਂ ਉਥੇ ਬੈਗ ਮੌਜੂਦ ਨਹੀਂ ਸੀ।
ਘਟਨਾ ਤੋਂ ਬਾਅਦ ਪੈਲੇਸ ਵਿਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਗਈ ਤਾਂ ਉਸ ਵਿਚ ਇਕ ਸ਼ੱਕੀ ਵਿਅਕਤੀ ਅਤੇ ਬੱਚਾ ਦਿਖਾਈ ਦਿੱਤਾ, ਜੋ ਆਪਸ ਵਿਚ ਇਸ਼ਾਰੇ ਕਰ ਰਹੇ ਸਨ। ਲੜਕੇ ਨੂੰ ਸੌਫੇ ਦੇ ਕੋਲ ਦੇਖਿਆ ਗਿਆ, ਜਿਸ ਨੇ ਆਪਣੇ ਕੋਟ ਵਿਚ ਬੈਗ ਨੂੰ ਢੱਕਿਆ ਹੋਇਆ ਸੀ ਅਤੇ ਫਿਰ ਉਹ ਬੈਗ ਚੁੱਕ ਕੇ ਪੈਲੇਸ ਤੋਂ ਬਾਹਰ ਚਲਾ ਗਿਆ। ਥਾਣਾ ਸਿਟੀ ਪੁਲਿਸ ਨੇ ਸ਼ਿਕਾਇਤ ਤੋਂ ਬਾਅਦ ਸੀਸੀਟੀਵੀ ਫੁਟੇਜ ਦੇ ਆਧਾਰ ’ਤੇ ਜਾਂਚ ਕਰਦੇ ਹੋਏ ਇੰਟੈਲੀਜੈਂਸ ਦੀ ਟੀਮ ਦੇ ਸਹਿਯੋਗ ਨਾਲ ਮਾਮਲਾ ਦਰਜ ਕੀਤਾ ਹੈ।
ਮੁਲਜ਼ਮ ਚੋਰ ਦੀ ਪਹਿਚਾਣ ਕਾਲੂ ਪੁੱਤਰ ਰਣਧੀਰ ਵਾਸੀ ਕੈਰੀਅਨ ਮੱਧ ਪ੍ਰਦੇਸ਼ ਦੇ ਰੂਪ ’ਚ ਹੋਈ ਹੈ। ਪੁਲਿਸ ਨੇ ਮੁਲਜ਼ਮਾਂ ਦੀ ਭਾਲ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ। ਡੀਐੱਸਪੀ ਸ਼ੀਤਲ ਸਿੰਘ ਨੇ ਦੱਸਿਆ ਕਿ ਇਹ ਇਕ ਗਿਰੋਹ ਹੈ ਜੋ ਮੈਰਿਜ ਪੈਲੇਸਾਂ ਵਿਚ ਵਿਆਹ ਸਮਾਗਮ ਦੌਰਾਨ ਸ਼ਾਮਲ ਹੋ ਕੇ ਗਹਿਣਿਆਂ ਦਾ ਬੈਗ ਚੋਰੀ ਕਰਕੇ ਫਰਾਰ ਹੋ ਜਾਂਦਾ ਹੈ। ਜਲਦ ਹੀ ਮੁਲਜ਼ਮਾਂ ਨੂੰ ਕਾਬੂ ਕਰਕੇ ਗਿਰੋਹ ਦਾ ਖੁਲਾਸਾ ਕੀਤਾ ਜਾਵੇਗਾ।